
ਸਾਂਝੀਵਾਲਤਾ ਦੇ ਪ੍ਰਤੀਕ ਧਨ-ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਮੁੱਖ ਰਖਦਿਆਂ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਹਰਿਗੋਬਿੰਦ ਇਨਕਲੇਵ ਵਿਖੇ..
ਨਵੀਂ ਦਿੱਲੀ, 27 ਅਗੱਸਤ (ਸੁਖਰਾਜ ਸਿੰਘ): ਸਾਂਝੀਵਾਲਤਾ ਦੇ ਪ੍ਰਤੀਕ ਧਨ-ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਮੁੱਖ ਰਖਦਿਆਂ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਹਰਿਗੋਬਿੰਦ ਇਨਕਲੇਵ ਵਿਖੇ ਬੜੀ ਧੂਮਧਾਮ ਨਾਲ ਸਮਾਗਮ ਕਰਵਾਇਆ ਗਿਆ।ਇਸ ਪ੍ਰੋਗਰਾਮ ਵਿਚ ਨੀਮਾ ਭਗਤ (ਮੇਅਰ, ਪੂਰਬੀ ਦਿੱਲੀ), ਅੰਜੂ ਕਮਲਕਾਂਤ (ਡਿਪਟੀ ਮੇਅਰ) ਅਤੇ ਜਸਮੇਨ ਸਿੰਘ ਨੋਨੀ (ਮੈਂਬਰ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ) ਨੇ ਹਾਜਰੀ ਭਰੀ।ਹਰਿ ਜੱਸ ਗਾਇਨ ਨਾਲ ਸਮਾਗਮ ਦੀ ਅਰੰਭਤਾ ਹੋਈ। ਸਕੂਲੀ ਬੱਚਿਆਂ ਨੇ ਆਈਆਂ ਸੰਗਤਾਂ ਨਾਲ ਗੁਰੂ ਗ੍ਰੰਥ ਸਾਹਿਬ ਦੀ ਉਸਤਤ ਦੀਆਂ ਕਵਿਤਾਵਾਂ ਅਤੇ ਸਿਖਿਆਵਾਂ ਸਾਂਝੀਆਂ ਕੀਤੀਆਂ। 'ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ' ਦੀ ਸਿੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਪਤਵੰਤੇ ਸੱਜਣਾਂ ਅਤੇ ਵਿਦਿਆਰਥੀਆਂ ਵਲੋਂ ਸਕੂਲ ਦੇ ਗਰਾਊਂਡ ਵਿਚ ਬੂਟੇ ਲਗਾਏ ਗਏ। ਸਕੂਲੀ ਵਿਦਿਆਰਥੀਆਂ ਨੇ ਇਹ ਪ੍ਰਣ ਲਿਆ ਕਿ ਉਹ ਇਨ੍ਹਾਂ ਬੂਟਿਆਂ ਦੀ ਚੰਗੀ ਤਰ੍ਹਾਂ ਦੇਖ ਰੇਖ ਕਰਨਗੇ। ਆਏ ਪਤਵੰਤਿਆਂ ਰੁੱਖਾਂ ਦੀ ਜਰੂਰਤ ਅਤੇ ਮਹੱਤਤਾ ਬਾਰੇ ਦਸਦੇ ਹੋਏ ਆਪਣੇ ਵੱਡਮੁਲੇ ਵਿਚਾਰ ਵਿਦਿਆਰਥੀਆਂ ਨਾਲ ਸਾਂਝੇ ਕੀਤੇ। ਸਕੂਲ ਦੇ ਚੇਅਰਮੈਨ ਜਤਿੰਦਰਪਾਲ ਸਿੰਘ ਗੋਲਡੀ ਤੇ ਪ੍ਰਿੰਸੀਪਲ ਸਰਦਾਰਨੀ ਹਰਪ੍ਰੀਤ ਕੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਤਰ੍ਹਾਂ ਇਸ ਪ੍ਰੋਗਰਾਮ ਦੀ ਸਮਾਪਤੀ 'ਰੁੱਖ ਲਗਾਉ, ਕੁਦਰਤ ਬਚਾਉ' ਦੇ ਸੰਦੇਸ਼ ਨਾਲ ਹੋਈ।