
ਕੈਪਟਨ ਸਰਕਾਰ ਚੋਣਾਂ ਜਲਦੀ ਕਰਵਾਉਣ ਦੇ ਹੱਕ ’ਚ, ਕੋਰੋਨਾ ਤੋਂ ਬਾਅਦ ਕਿਸੇ ਵੀ ਸਮੇਂ ਹੋ ਸਕਦੈ ਐਲਾਨ
ਬਰਨਾਲਾ (ਹਰਜਿੰਦਰ ਸਿੰਘ ਪੱਪੂ) : 2011 ’ਚ ਹੋਈਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ, ਜਿਨ੍ਹਾਂ ਦਾ ਸਮਾਂ 2016 ’ਚ ਪੂਰਾ ਹੋਣ ਤੋਂ ਬਾਅਦ 2021 ਚੜ੍ਹ ਗਿਆ ਹੈ ਪਰ ਚੋਣਾਂ ਦਾ ਅਜੇ ਐਲਾਨ ਨਹੀਂ ਹੋਇਆ ਪਰ ਸਰਕਾਰ ਦੇ ਚਾਰ ਸਾਲ ਪੂਰੇ ਹੋਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤੀ ਗਈ ਪ੍ਰੈਸ ਕਾਨਫ਼ਰੰਸ ’ਚ ਸਪੋਕਸਮੈਨ ਵਲੋਂ ਚੋਣਾਂ ਨਾ ਕਰਾਉਣ ਦੇ ਸਬੰਧ ’ਚ ਪੁੱਛੇ ਗਏ ਸਵਾਲ ਦਾ ਕੈਪਟਨ ਵਲੋਂ ਦਿਤੇ ਗਏ ਜਵਾਬ ਤੋਂ ਬਾਅਦ ਲੱਗ ਰਿਹਾ ਹੈ ਕਿ ਚੋਣਾਂ ਦਾ ਕਿਸੇ ਵੀ ਸਮੇਂ ਐਲਾਨ ਹੋ ਸਕਦਾ ਹੈ। ਪਰ ਦੂਜੇ ਪਾਸੇ ਇਕ ਵਾਰ ਖ਼ਤਮ ਹੋ ਚੁੱਕੇ ਕੋਰੋਨਾ ਨੇ ਦੁਬਾਰਾ ਫਿਰ ਪੰਜਾਬ ਦੀ ਧਰਤੀ ’ਤੇ ਦਸਤਕ ਦੇ ਦਿਤੀ ਹੈ ਤੇ ਇਸ ਦੀ ਲਪੇਟ ’ਚ ਆ ਕੇ ਰੋਜ਼ਾਨਾ ਢਾਈ ਤਿੰਨ ਦਰਜਨਾਂ ਦੇ ਕਰੀਬ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਹਨ ਜਿਸ ਕਰ ਕੇ ਇਹ ਚੋਣਾਂ ਸੂਬਾ ਸਰਕਾਰ ਕੁੱਝ ਸਮਾਂ ਅੱਗੇ ਪਾ ਸਕਦੀ ਹੈ।
SGPC
ਪਿਛਲੇ ਲੰਮੇ ਸਮੇਂ ਤੋਂ ਸ਼੍ਰੋਮਣੀ ਕਮੇਟੀ ਦੇ ਕਾਬਜ਼ ਅਕਾਲੀ ਦਲ ਨੂੰ ਹਰਾਉਣ ਲਈ ਕਈ ਪੰਥਕ ਧਿਰਾਂ ਚੋਣਾਂ ਲੜਦੀਆਂ ਆ ਰਹੀਆਂ ਹਨ। ਪਰ ਅਜੇ ਤਕ ਸਫ਼ਲਤਾ ਹੱਥ ਨਹੀਂ ਲੱਗੀ। 1996 ’ਚ ਹੋਈਆਂ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤਿੰਨ ਦਰਜਨਾਂ ਦੇ ਕਰੀਬ ਤੇ ਉਸ ਸਮੇਂ ਦੇ ਸ਼੍ਰੋਮਣੀ ਅਕਾਲੀ ਦਲ ਲੌਂਗੋਵਾਲ ਦਰਜਨ ਕੁ ਦੇ ਕਰੀਬ ਉਮੀਦਵਾਰ ਜਿਤਾਉਣ ’ਚ ਸਫ਼ਲ ਰਿਹਾ। ਪਰ ਬਹੁਮਤ ਤੋਂ ਕੋਹਾਂ ਦੂਰ ਸੀ। ਇਸੇ ਤਰ੍ਹਾਂ 2004 ’ਚ ਫਿਰ ਚੋਣਾਂ ਹੋਈਆਂ ਤੇ ਇਨ੍ਹਾਂ ਚੋਣਾਂ ’ਚ ਵੀ ਸ਼੍ਰੋਮਣੀ ਅਕਾਲੀ ਦਲ ਝੰਡਾ ਝੁਲਾਉਣ ’ਚ ਸਫ਼ਲ ਰਿਹਾ। ਜਦਕਿ 2011 ’ਚ ਵੀ ਅਕਾਲੀ ਦਲ ਦੇ ਹਿੱਸੇ ਹੀ ਜਿੱਤ ਆਈ। ਭਾਵ ਇਕਮੁਠ ਹੋ ਕੇ ਚੋਣਾਂ ਲੜਨ ’ਚ ਅਸਫ਼ਲ ਰਹੀਆਂ ਵਿਰੋਧੀ ਪੰਥਕ ਧਿਰਾਂ ਇਨ੍ਹਾਂ ਤਿੰਨੇ ਪਿਛਲੀਆਂ ਚੋਣਾਂ ’ਚ ਸਫ਼ਲ ਨਹੀਂ ਹੋ ਸਕੀਆਂ। ਕੁੱਝ ਸਮਾਂ ਪਹਿਲਾਂ ਟਕਸਾਲੀ ਅਕਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ, ਡਾ: ਰਤਨ ਸਿੰਘ ਅਜਨਾਲਾ, ਸੁਖਦੇਵ ਸਿੰਘ ਢੀਂਡਸਾ ਤੇ ਸੇਵਾ ਸਿੰਘ ਸੇਖਵਾਂ ਸਮੇਤ ਕਈ ਦਿੱਗਜ਼ ਅਕਾਲੀ ਆਗੂਆਂ ਨੇ ਅਕਾਲੀ ਦਲ ਤੋਂ ਵੱਖ ਹੋ ਕੇ ਆਪੋ ਅਪਣੇ ਰਾਜਸੀ ਦਲ ਖੜੇ ਕਰ ਲਏ।
ਅਕਾਲੀ ਦਲ ’ਤੇ ਕਾਬਜ਼ ਬਾਦਲ ਪ੍ਰਵਾਰ ਨੂੰ ਸ਼੍ਰੋਮਣੀ ਕਮੇਟੀ ਚੋਣਾਂ ’ਚ ਹਰਾਉਣ ਦਾ ਐਲਾਨ ਕਰਨ ਵਾਲੇ ਉਕਤ ਅਕਾਲੀ ਆਗੂ ਆਉਣ ਵਾਲੀਆਂ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨਾਲ ਇੱਕਠੇ ਹੋ ਕੇ ਮੈਦਾਨ ’ਚ ਉਤਰਨਗੇ ਜਾਂ ਨਹੀਂ ਇਸ ਬਾਰੇ ਵੀ ਫ਼ਿਲਹਾਲ ਕੁੱਝ ਪੱਕਾ ਨਹੀਂ ਕਿਹਾ ਜਾ ਸਕਦਾ ਕਿਉਂਕਿ ਮਾਨ ਪਿਛਲੇ ਲੰਮੇ ਸਮੇਂ ਤੋਂ ਖ਼ਾਲਿਸਤਾਨੀ ਦੀ ਲੜਾਈ ਲੜਦੇ ਆ ਰਹੇ ਹਨ, ਜਿਸ ਦਾ ਬਾਦਲਾਂ ਨਾਲੋਂ ਵੱਖ ਹੋਏ ਉਕਤ ਅਕਾਲੀ ਆਗੂ ਵਿਰੋਧ ਕਰਦੇ ਆ ਰਹੇ ਹਨ। ਅਕਾਲੀ ਦਲ ਦੇ ਮੁਕਾਬਲੇ ਸਿਮਰਨਜੀਤ ਸਿੰਘ ਮਾਨ ਵਾਲਾ ਦਲ ਇਕੋਂ ਇੱਕ ਪਾਰਟੀ ਹੈ, ਜਿਸ ਦਾ ਪੰਜਾਬ ਦੇ ਹਰ ਪਿੰਡ ਤੇ ਸ਼ਹਿਰ ’ਚ ਆਧਾਰ ਹੈ। ਭਾਵ ਜਥੇਬੰਦਕ ਇਕਾਈਆਂ ਬਣੀਆਂ ਹੋਈਆਂ ਹਨ। ਜਦਕਿ ਬ੍ਰਹਮਪੁਰਾ ਦਾ ਅਕਾਲੀ ਦਲ ਟਕਸਾਲੀ ਤੇ ਢੀਂਡਸਾ ਦਾ ਡੈ੍ਰਮੋਕੇਟ੍ਰਿਕ ਅਕਾਲੀ ਦਲ ਅਜੇ ਤਕ ਪੰਜਾਬ ਪੱਧਰ ’ਤੇ ਅਪਣੀ ਪਹਿਚਾਣ ਨਹੀਂ ਬਣਾ ਸਕਿਆ।
SGPC
ਜੇਕਰ ਚੋਣਾਂ ਹੁੰਦੀਆਂ ਹਨ ਤਾਂ ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਅਕਾਲੀ ਦਲ ਦੇ ਮੁਕਾਬਲੇ ਸਮੁੱਚੀਆਂ ਪੰਥਕ ਧਿਰਾਂ ਇਕ ਉਮੀਦਵਾਰ ਮੈਦਾਨ ’ਚ ਉਤਾਰ ਦੀਆਂ ਹਨ ਤਾਂ ਕੁੱਝ ਆਸ ਕੀਤੀ ਜਾ ਸਕਦੀ ਹੈ। ਜੇਕਰ ਆਪੋ ਅਪਣੀ ਡਫ਼ਲੀ ਵਜਾਈ ਗਈ ਤਾਂ ਇਸ ਦਾ ਸਿੱਧੇ ਰੂਪ ’ਚ ਅਕਾਲੀ ਦਲ ਫ਼ਾਇਦਾ ਮਿਲੇਗਾ। ਭਾਵ ਅਕਾਲੀ ਦਲ ਫੇਰ ਸਿੱਖਾਂ ਦੀ ਮਿੰਨੀ ਪਾਰਲੀਮੈਂਟ ’ਤੇ ਜਿੱਤ ਝੰਡਾ ਝਲਾਉਣ ’ਚ ਸਫ਼ਲ ਹੋ ਪਾਏਗਾ। ਕੀ ਵਿਰੋਧੀ ਪੰਥਕ ਧਿਰਾਂ ਇਕ ਪਲੇਟਫ਼ਾਰਮ ’ਤੇ ਇੱਕਠੀਆਂ ਹੋ ਸਕਣਗੀਆਂ?