
ਉਸ ਦੇ ਕਪੜੇ ਉਤਾਰਨ ਦੀ ਕੀਤੀ ਕੋਸ਼ਿਸ਼
Nagpur Violence: ਮੁਗਲ ਸ਼ਾਸਕ ਔਰੰਗਜ਼ੇਬ ਦੀ ਕਬਰ ਹਟਾਉਣ ਦੀ ਮੰਗ ਨੂੰ ਲੈ ਕੇ ਨਾਗਪੁਰ ਸ਼ਹਿਰ ’ਚ ਹੋਈ ਹਿੰਸਾ ਦੌਰਾਨ ਦੰਗਾਕਾਰੀਆਂ ਦੀ ਭੀੜ ਨੇ ਇਕ ਮਹਿਲਾ ਕਾਂਸਟੇਬਲ ਨਾਲ ਕਥਿਤ ਤੌਰ ’ਤੇ ਬਦਸਲੂਕੀ ਕੀਤੀ ਅਤੇ ਉਸ ਨੂੰ ਨੰਗਾ ਕਰਨ ਦੀ ਕੋਸ਼ਿਸ਼ ਕੀਤੀ। ਅਧਿਕਾਰੀਆਂ ਨੇ ਬੁਧਵਾਰ ਨੂੰ ਇਹ ਜਾਣਕਾਰੀ ਦਿਤੀ।
ਅਧਿਕਾਰੀਆਂ ਨੇ ਦਸਿਆ ਕਿ ਹਿੰਸਾ ਦੌਰਾਨ ਭੀੜ ਨੇ ਪੁਲਿਸ ’ਤੇ ਪਟਰੌਲ ਬੰਬ ਵੀ ਸੁੱਟੇ। ਉਨ੍ਹਾਂ ਕਿਹਾ ਕਿ ਪੁਲਿਸ ਨੇ ਹੁਣ ਤਕ 51 ਦੰਗਾਕਾਰੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਨ੍ਹਾਂ ’ਤੇ ਭਾਰਤੀ ਨਿਆਂ ਸੰਹਿਤਾ (ਬੀ.ਐੱਨ.ਐੱਸ.) ਦੀਆਂ ਕੁਲ 57 ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।
ਮੱਧ ਨਾਗਪੁਰ ’ਚ ਸੋਮਵਾਰ ਸ਼ਾਮ 7:30 ਵਜੇ ਦੇ ਕਰੀਬ ਹਿੰਸਾ ਭੜਕ ਗਈ ਸੀ ਅਤੇ ਪੁਲਿਸ ’ਤੇ ਪੱਥਰ ਸੁੱਟੇ ਗਏ। ਇਹ ਹਿੰਸਾ ਕਥਿਤ ਤੌਰ ’ਤੇ ਅਫਵਾਹਾਂ ਤੋਂ ਬਾਅਦ ਸ਼ੁਰੂ ਹੋਈ ਸੀ ਕਿ ਔਰੰਗਜ਼ੇਬ ਦੀ ਕਬਰ ਨੂੰ ਹਟਾਉਣ ਲਈ ਇਕ ਸੱਜੇ ਪੱਖੀ ਸਮੂਹ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਇਕ ਭਾਈਚਾਰੇ ਦੀ ਧਾਰਮਕ ਕਿਤਾਬ ਨੂੰ ਸਾੜ ਦਿਤਾ ਗਿਆ ਸੀ।
ਇਸ ਬਾਰੇ ਅਧਿਕਾਰੀ ਨੇ ਕਿਹਾ, ‘‘ਹਿੰਸਾ ਦੇ ਸਬੰਧ ’ਚ ਨਾਗਪੁਰ ’ਚ ਕੁਲ ਪੰਜ ਐਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ। ਗਣੇਸ਼ਪੀਠ ਥਾਣੇ ’ਚ ਦਰਜ ਐਫ.ਆਈ.ਆਰ. ’ਚ ਕਿਹਾ ਗਿਆ ਹੈ ਕਿ ਲੋਕਾਂ ਦਾ ਇਕ ਸਮੂਹ ਸ਼ਹਿਰ ਦੇ ਭਲਦਾਰਪੁਰਾ ਚੌਕ ’ਤੇ ਇਕੱਠਾ ਹੋਇਆ ਅਤੇ ਪੁਲਿਸ ਮੁਲਾਜ਼ਮਾਂ ’ਤੇ ਹਮਲਾ ਕਰਨਾ ਸ਼ੁਰੂ ਕਰ ਦਿਤਾ। ਭੀੜ ਨੇ ਪੁਲਿਸ ਮੁਲਾਜ਼ਮਾਂ ’ਤੇ ਪਟਰੌਲ ਬੰਬ ਅਤੇ ਪੱਥਰ ਵੀ ਸੁੱਟੇ।’’
ਉਨ੍ਹਾਂ ਕਿਹਾ, ‘‘ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਭੀੜ ਨੇ ਦੰਗਾ ਕੰਟਰੋਲ ਪੁਲਿਸ (ਆਰ.ਸੀ.ਪੀ.) ਦੀ ਇਕ ਮਹਿਲਾ ਕਾਂਸਟੇਬਲ ਅਤੇ ਉਸ ਦੀ ਵਰਦੀ ਨੂੰ ਛੂਹਣ ਦੀ ਕੋਸ਼ਿਸ਼ ਕੀਤੀ ਅਤੇ ਉਸ ਨੂੰ ਉਤਾਰਨ ਦੀ ਕੋਸ਼ਿਸ਼ ਕੀਤੀ। ਭੀੜ ਨੇ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ ਅਤੇ ਹੋਰ ਮਹਿਲਾ ਪੁਲਿਸ ਮੁਲਾਜ਼ਮਾਂ ਵਿਰੁਧ ਅਸ਼ਲੀਲ ਟਿਪਣੀਆਂ ਕੀਤੀਆਂ। ਦੰਗਾਕਾਰੀਆਂ ਨੇ ਉਸ ਵਲ ਇਤਰਾਜ਼ਯੋਗ ਇਸ਼ਾਰੇ ਵੀ ਕੀਤੇ ਅਤੇ ਉਨ੍ਹਾਂ ’ਤੇ ਹਮਲਾ ਕਰ ਦਿਤਾ।’’ ਹਿੰਸਾ ਦੇ ਮੱਦੇਨਜ਼ਰ ਸ਼ਹਿਰ ਦੇ ਕਈ ਸੰਵੇਦਨਸ਼ੀਲ ਇਲਾਕਿਆਂ ’ਚ ਕਰਫਿਊ ਜਾਰੀ ਹੈ। (