
ਨੋਟਾਂ ਦੀ ਕਮੀ ਲਈ ਸਰਕਾਰ ਅਤੇ ਰਿਜ਼ਰਵ ਬੈਂਕ ਨੂੰ ਜ਼ਿੰਮੇਵਾਰੀ ਦਸਿਆ
ਵਡੋਦਰਾ,: ਬੈਂਕ ਮੁਲਾਜ਼ਮਾਂ ਦੀ ਜਥੇਬੰਦੀ ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ ਨੇ ਨਕਦੀ ਸੰਕਟ ਲਈ ਸਰਕਾਰ ਅਤੇ ਰਿਜ਼ਰਵ ਬੈਂਕ ਨੂੰ ਅੱਜ ਜ਼ਿੰਮੇਵਾਰ ਦਸਦਿਆਂ ਅੰਦੋਲਨ ਸ਼ੁਰੂ ਕਰਨ ਦੀ ਚੇਤਾਵਨੀ ਦਿਤੀ। ਜਥੇਬੰਦੀ ਦਾ ਕਹਿਣਾ ਹੈ ਕਿ ਬੈਂਕਾਂ ਦੀਆਂ ਬ੍ਰਾਂਚਾਂ ਅਤੇ ਏ.ਟੀ.ਐਮ. 'ਚ ਨੋਟਾਂ ਦੀ ਕਮੀ ਕਰ ਕੇ ਬੈਂਕ ਮੁਲਾਜ਼ਮਾਂ ਨੂੰ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ।ਜਥੇਬੰਦੀ ਦੇ ਜਨਰਲ ਸਕੱਤਰ ਸੀ.ਐਚ. ਵੈਂਕਟਚਲਮ ਨੇ ਕਿਹਾ ਕਿ ਸਰਕਾਰ ਅਤੇ ਰਿਜ਼ਰਵ ਬੈਂਕ ਵਲੋਂ ਪੈਦਾ ਕੀਤੇ ਸੰਕਟ ਕਰ ਕੇ ਮੁਲਾਜ਼ਮਾਂ ਨੂੰ ਲੋਕਾਂ ਦੀ ਨਾਰਾਜ਼ਗੀ ਝਲਣੀ ਪੈ ਰਹੀ ਹੈ। ਉਨ੍ਹਾਂ ਕਿਹਾ, ''ਸਿਰਫ਼ ਬਿਆਨਾਂ ਨਾਲ ਕੁੱਝ ਨਹੀਂ ਹੋਵੇਗਾ, ਨਕਦੀ ਦੀ ਸਪਲਾਈ ਸਹੀ ਕਰਨ ਲਈ ਠੋਸ ਕਦਮ ਚੁੱਕਣ ਦੀ ਜ਼ਰੂਰਤ ਹੈ।'' ਉਨ੍ਹਾਂ ਕਿਹਾ ਕਿ ਜੇਕਰ ਛੇਤੀ ਹੀ ਸਥਿਤੀ 'ਚ ਸੁਧਾਰ ਨਾ ਹੋਇਆ ਤਾਂ ਮੁਲਾਜ਼ਮ ਜਥੇਬੰਦੀਆ ਦੇਸ਼ਪੱਧਰੀ ਅੰਦੋਲਨ ਸ਼ੁਰੂ ਕਰਨਗੀਆਂ। ਉਨ੍ਹਾਂ ਕਿਹਾ ਕਿ ਜਮ੍ਹਾਂਖੋਰੀ ਅਤੇ ਕਾਲਾ ਧਨ ਰੋਕਣ ਲਈ 1000 ਰੁਪਏ ਦੇ ਨੋਟ ਬੰਦ ਕੀਤੇ ਗਏ ਤਾਂ 2000 ਰੁਪਏ ਦੇ ਨੋਟਾਂ ਨਾਲ ਇਹ ਦੋਵੇਂ ਕੰਮ ਆਸਾਨ ਹੋ ਗਏ ਹਨ।
No Cash in ATM
ਇਸ ਦੌਰਾਨ ਸਰਕਾਰੀ ਖੇਤਰ ਦੇ ਐਸ.ਬੀ.ਆਈ. ਬੈਂਕ ਨੇ ਦਾਅਵਾ ਕੀਤਾ ਹੈ ਕਿ ਹਾਲਾਤ ਕਲ ਤਕ ਸਹੀ ਕਰ ਲਏ ਜਾਣਗੇ। ਸਰਕਾਰ ਨੇ ਨੋਟਾਂ ਦੀ ਛਪਾਈ ਦਾ ਕੰਮ ਤੇਜ਼ ਕਰ ਦਿਤਾ ਹੈ। ਚਾਰੇ ਨੋਟ ਛਪਾਈ ਦੇ ਕਾਰਖ਼ਾਨਿਆਂ 'ਚ 24 ਘੰਟੇ ਕੰਮ ਹੋ ਰਿਹਾ ਹੈ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਦੇਸ਼ ਅੰਦਰ ਅੰਦਾਜ਼ਨ 70 ਹਜ਼ਾਰ ਕਰੋੜ ਰੁਪਏ ਦੀ ਨਕਦੀ ਦੀ ਕਮੀ ਨੂੰ ਪੂਰਾ ਕਰਨ ਲਈ ਇਸ ਹਫ਼ਤੇ ਮਸ਼ੀਨਾਂ 500 ਅਤੇ 200 ਰੁਪਏ ਦੇ ਨੋਟਾਂ ਦੀ ਬੇਰੋਕ ਛਪਾਈ ਕਰ ਰਹੀਆਂ ਹਨ। ਦੇਸ਼ ਅੰਦਰ ਨੋਟਾਂ ਦੀ ਛਪਾਈ ਦੇ ਚਾਰ ਕਾਰਖ਼ਾਨੇ ਹਨ ਜਿਨ੍ਹਾਂ 'ਚ ਆਮ ਤੌਰ 'ਤੇ 18 ਤੋਂ 19 ਘੰਟੇ ਹੀ ਕੰਮ ਹੁੰਦਾ ਹੈ। ਇਸ ਹਫ਼ਤੇ ਛਪਣ ਵਾਲੇ ਨੋਟ ਮਹੀਨੇ ਦੇ ਅਖ਼ੀਰ ਤਕ ਬਾਜ਼ਾਰ 'ਚ ਆ ਜਾਣਗੇ। ਇਸ ਤੋਂ ਪਹਿਲਾਂ ਨੋਟਬੰਦੀ ਵਾਲੇ ਦਿਨਾਂ 'ਚ ਹੀ ਮਸ਼ੀਨਾਂ ਨੂੰ 24 ਘੰਟੇ ਚਲਾਇਆ ਗਿਆ ਸੀ। (ਪੀਟੀਆਈ)