
1.87 ਲੱਖ ਪੋਲਿੰਗ ਸਟੇਸ਼ਨਾਂ ’ਤੇ 18 ਲੱਖ ਤੋਂ ਵੱਧ ਪੋਲਿੰਗ ਕਰਮਚਾਰੀ ਹੋਣਗੇ ਤਾਇਨਾਤ
Lok Sabha Election 2024 Phase 1: ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਵਿਚ ਚੋਣ ਮਹਾਂਕੁੰਭ ਸ਼ੁਰੂ ਗਿਆ ਹੈ। ਪਹਿਲੇ ਪੜਾਅ ਵਿਚ 21 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 102 ਸੀਟਾਂ ’ਤੇ ਵੋਟਿੰਗ ਹੋ ਰਹੀ ਹੈ। ਇਸ ਪੜਾਅ ਦੇ ਪ੍ਰਮੁੱਖ ਉਮੀਦਵਾਰਾਂ ਵਿਚ ਕੇਂਦਰੀ ਮੰਤਰੀ ਨਿਤਿਨ ਗਡਕਰੀ, ਸਰਬਾਨੰਦ ਸੋਨੋਵਾਲ ਅਤੇ ਭੂਪੇਂਦਰ ਯਾਦਵ, ਕਾਂਗਰਸ ਦੇ ਗੌਰਵ ਗੋਗੋਈ, ਡੀਐਮਕੇ ਦੀ ਕਨੀਮੋਝੀ ਸ਼ਾਮਲ ਹਨ।
9 ਵਜੇ ਤਕ ਛੱਤੀਸਗੜ੍ਹ ਵਿਚ ਪਈਆਂ ਸੱਭ ਤੋਂ ਵੱਧ ਵੋਟਾਂ
ਆਸਾਮ ਦੀਆਂ ਪੰਜ ਲੋਕ ਸਭਾ ਸੀਟਾਂ ’ਤੇ ਪਹਿਲੇ ਗੇੜ ਦੀਆਂ ਚੋਣਾਂ ਦੌਰਾਨ ਪਹਿਲੇ ਦੋ ਘੰਟਿਆਂ ਦੌਰਾਨ 11.15 ਫ਼ੀ ਸਦੀ ਮਤਦਾਨ ਦਰਜ ਕੀਤਾ ਗਿਆ। ਸਵੇਰੇ 7 ਵਜੇ ਸ਼ੁਰੂ ਹੋਈ ਪੋਲਿੰਗ ਸ਼ਾਮ 5 ਵਜੇ ਤਕ ਜਾਰੀ ਰਹੇਗੀ। ਇਨ੍ਹਾਂ ਪੰਜ ਸੀਟਾਂ ’ਤੇ ਕੁੱਲ 86,47,869 ਵੋਟਰ 35 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ। ਇਸੇ ਹੀ ਤਰ੍ਹਾਂ ਅਰੁਣਾਚਲ ਪ੍ਰਦੇਸ਼ ਵਿਚ 5.98 ਫ਼ੀ ਸਦੀ, ਬਿਹਾਰ ਵਿਚ 9.23 ਫ਼ੀ ਸਦੀ, ਛੱਤੀਸਗੜ੍ਹ ਵਿਚ 12.2 ਫ਼ੀ ਸਦੀ ਅਤੇ ਅੰਡੇਮਾਨ ਨਿਕੋਬਾਰ ਦੀਪ ਸਮੂਹ ਵਿਚ 8.64 ਫ਼ੀ ਸਦੀ ਵੋਟਿੰਗ ਦਰਜ ਕੀਤੀ ਗਈ।
10.10: ਚੇਨਈ: ਦਿੱਗਜ ਅਭਿਨੇਤਾ ਰਜਨੀਕਾਂਤ ਨੇ ਚੇਨਈ ਦੇ ਇਕ ਪੋਲਿੰਗ ਸਟੇਸ਼ਨ 'ਤੇ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਵੋਟ ਪਾਈ।
9.48: ਬੀਕਾਨੇਰ: ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਲੋਕ ਸਭਾ ਦੇ ਪਹਿਲੇ ਪੜਾਅ ਲਈ ਅਪਣੀ ਵੋਟ ਪਾਉਣ ਲਈ ਪਹੁੰਚੇ।
9.40: ਚੇਨਈ: ਦਿੱਗਜ ਅਭਿਨੇਤਾ ਕਾਰਤਿਕ ਨੇ ਚੇਨਈ ਦੇ ਇਕ ਪੋਲਿੰਗ ਸਟੇਸ਼ਨ 'ਤੇ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਆਪਣੀ ਵੋਟ ਭੁਗਤਾਈ
9.30: ਮੱਧ ਪ੍ਰਦੇਸ਼: ਬਾਲਾਘਾਟ ਜ਼ਿਲ੍ਹੇ ਵਿਚ, ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਆਪਣੀ ਵੋਟ ਪਾਉਣ ਪਹੁੰਚਿਆ ਇਕ ਨਵ-ਵਿਆਹੁਤਾ ਜੋੜਾ।
Newly-wedded couple at a polling station
9.15: ਚੇਨਈ: ਤਾਮਿਲਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਲਿਨ ਨੇ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਆਪਣੀ ਵੋਟ ਪਾਉਣ ਲਈ ਚੇਨਈ ਦੇ ਇਕ ਪੋਲਿੰਗ ਸਟੇਸ਼ਨ 'ਤੇ ਪਹੁੰਚੇ।
9.05: ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਅਰੁਣਾਚਲ ਪ੍ਰਦੇਸ਼ ਦੇ ਨਾਫਰਾ ਪਿੰਡ ਵਿਚ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਆਪਣੀ ਵੋਟ ਪਾਈ।
ਇਸ ਦੇ ਨਾਲ ਹੀ ਪਹਿਲੇ ਪੜਾਅ ਵਿਚ ਅਰੁਣਾਚਲ ਪ੍ਰਦੇਸ਼ (60 ਸੀਟਾਂ) ਅਤੇ ਸਿੱਕਮ (32 ਸੀਟਾਂ) ਵਿਚ ਵਿਧਾਨ ਸਭਾ ਚੋਣਾਂ ਵੀ ਹੋਣਗੀਆਂ। ਚੋਣ ਕਮਿਸ਼ਨ ਮੁਤਾਬਕ ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋ ਕੇ ਸ਼ਾਮ 6 ਵਜੇ ਤਕ ਚੱਲੇਗੀ। ਕਮਿਸ਼ਨ ਨੇ 1.87 ਲੱਖ ਪੋਲਿੰਗ ਸਟੇਸ਼ਨਾਂ ’ਤੇ 18 ਲੱਖ ਤੋਂ ਵੱਧ ਪੋਲਿੰਗ ਕਰਮਚਾਰੀ ਤਾਇਨਾਤ ਕੀਤੇ ਹਨ। ਇਨ੍ਹਾਂ ਪੋਲਿੰਗ ਸਟੇਸ਼ਨਾਂ ’ਤੇ 16.63 ਕਰੋੜ ਤੋਂ ਵੱਧ ਵੋਟਰ ਅਪਣੀ ਵੋਟ ਦਾ ਇਸਤੇਮਾਲ ਕਰ ਸਕਣਗੇ। ਵੋਟਰਾਂ ਵਿਚ 8.4 ਕਰੋੜ ਪੁਰਸ਼, 8.23 ਕਰੋੜ ਔਰਤਾਂ ਅਤੇ 11,371 ਥਰਡ ਜੈਂਡਰ ਸ਼ਾਮਲ ਹਨ। 35.67 ਲੱਖ ਲੋਕ ਪਹਿਲੀ ਵਾਰ ਵੋਟਰ ਬਣੇ ਹਨ। ਇਸ ਦੇ ਨਾਲ ਹੀ 20-29 ਸਾਲ ਦੀ ਉਮਰ ਦੇ 3.51 ਕਰੋੜ ਨੌਜਵਾਨ ਵੋਟਰ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਰਾਸ਼ਟਰੀ ਜਨਤਾਂਤਰਿਕ ਗਠਜੋੜ (ਐਨਡੀਏ) ਹੋਰ ਵੱਧ ਸੀਟਾਂ ਜਿੱਤਣ ਲਈ ਕੋਸ਼ਿਸ਼ ਕਰ ਰਿਹਾ ਹੈ ਉਥੇ ਹੀ ‘ਇੰਡੀਆ’ ਗਠਜੋੜ 2014 ਅਤੇ 2019 ਦੀਆਂ ਚੋਣਾਂ ਵਿਚ ਲਗਾਤਾਰ ਹਾਰਾਂ ਤੋਂ ਬਾਅਦ ਵਾਪਸੀ ਦੀ ਉਮੀਦ ਕਰ ਰਿਹਾ ਹੈ।
ਪਹਿਲੇ ਪੜਾਅ ਵਿਚ ਜਿਨ੍ਹਾਂ ਰਾਜਾਂ ਵਿਚ ਸਾਰੀਆਂ ਸੀਟਾਂ ’ਤੇ ਵੋਟਿੰਗ ਹੋਵੇਗੀ, ਉਨ੍ਹਾਂ ਵਿਚ ਤਾਮਿਲਨਾਡੂ (39), ਉੱਤਰਾਖੰਡ (5), ਅਰੁਣਾਚਲ ਪ੍ਰਦੇਸ਼ (2), ਮੇਘਾਲਿਆ (2), ਅੰਡੇਮਾਨ ਅਤੇ ਨਿਕੋਬਾਰ ਟਾਪੂ (1), ਮਿਜ਼ੋਰਮ (1), ਨਾਗਾਲੈਂਡ (1), ਪੁਡੂਚੇਰੀ (1), ਸਿੱਕਮ (1) ਅਤੇ ਲਕਸਦੀਪ (1) ਸ਼ਾਮਲ ਹਨ। ਇਸ ਤੋਂ ਇਲਾਵਾ ਰਾਜਸਥਾਨ ਦੀਆਂ 12, ਉੱਤਰ ਪ੍ਰਦੇਸ਼ ਦੀਆਂ 8, ਮੱਧ ਪ੍ਰਦੇਸ਼ ਦੀਆਂ 6, ਅਸਾਮ ਅਤੇ ਮਹਾਰਾਸ਼ਟਰ ਦੀਆਂ 5-5, ਬਿਹਾਰ ਦੀਆਂ 4, ਪੱਛਮੀ ਬੰਗਾਲ ਦੀਆਂ 3, ਮਨੀਪੁਰ ਦੀਆਂ 2 ਅਤੇ ਤਿ੍ਰਪੁਰਾ, ਜੰਮੂ-ਕਸਮੀਰ ਅਤੇ ਛੱਤੀਸਗੜ੍ਹ ਦੀਆਂ 1-1 ਸੀਟ ’ਤੇ ਵੋਟਿੰਗ ਹੋਵੇਗੀ। ਪਹਿਲੇ ਪੜਾਅ ਲਈ ਚੋਣ ਪ੍ਰਚਾਰ ਬੁਧਵਾਰ ਸ਼ਾਮ ਨੂੰ ਖ਼ਤਮ ਹੋ ਗਿਆ।
ਇਸ ਪੜਾਅ ’ਚ ਗਡਕਰੀ, ਸੋਨੋਵਾਲ ਅਤੇ ਯਾਦਵ ਤੋਂ ਇਲਾਵਾ ਛੇ ਹੋਰ ਕੇਂਦਰੀ ਮੰਤਰੀਆਂ- ਕਿਰਨ ਰਿਜਿਜੂ, ਸੰਜੀਵ ਬਲਿਆਨ, ਜਤਿੰਦਰ ਸਿੰਘ, ਅਰਜੁਨ ਰਾਮ ਮੇਘਵਾਲ, ਐਲ ਮੁਰੂਗਨ ਅਤੇ ਨਿਸੀਥ ਪ੍ਰਮਾਨਿਕ ਦੇ ਨਾਲ-ਨਾਲ ਦੋ ਸਾਬਕਾ ਮੁੱਖ ਮੰਤਰੀਆਂ- ਬਿਪਲਬ ਕੁਮਾਰ ਦੇਬ (ਤਿ੍ਰਪੁਰਾ) ਅਤੇ ਨਬਾਮ ਤੁਕੀ (ਅਰੁਣਾਚਲ) ਅਤੇ ਤੇਲੰਗਾਨਾ ਦੇ ਸਾਬਕਾ ਰਾਜਪਾਲ ਤਮਿਲੀਸਾਈ ਸੁੰਦਰਰਾਜਨ ਚੋਣ ਲੜਨ ਲਈ ਮੈਦਾਨ ਵਿਚ ਹਨ।
ਕਿਹੜੇ ਸੂਬਿਆਂ/ਕੇਂਦਰ ਸ਼ਾਸਿਤ ਪ੍ਰਦੇਸਾਂ ਵਿਚ ਪਹਿਲੇ ਪੜਾਅ ਤਹਿਤ ਹੋ ਰਹੀ ਹੈ ਵੋਟਿੰਗ
ਅਰੁਣਾਚਲ ਪ੍ਰਦੇਸ਼, ਅਸਾਮ, ਬਿਹਾਰ, ਛੱਤੀਸਗੜ੍ਹ, ਮੱਧ ਪ੍ਰਦੇਸ਼, ਮਹਾਰਾਸ਼ਟਰ, ਮਨੀਪੁਰ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ, ਰਾਜਸਥਾਨ, ਸਿੱਕਮ, ਤਾਮਿਲਨਾਡੂ, ਤ੍ਰਿਪੁਰਾ, ਉੱਤਰ ਪ੍ਰਦੇਸ਼, ਉੱਤਰਾਖੰਡ ਪੱਛਮੀ ਬੰਗਾਲ, ਅੰਡੇਮਾਨ ਅਤੇ ਨਿਕੋਬਾਰ ਟਾਪੂ, ਜੰਮੂ ਅਤੇ ਕਸ਼ਮੀਰ ਸਮੇਤ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ , ਲਕਸ਼ਦੀਪ ਅਤੇ ਪੁਡੂਚੇਰੀ 'ਚ 19 ਅਪ੍ਰੈਲ ਨੂੰ ਵੋਟਿੰਗ ਹੋ ਰਹੀ ਹੈ।
1) ਅਰੁਣਾਚਲ ਪ੍ਰਦੇਸ਼: 2 ਵਿਚੋਂ 2 ਲੋਕ ਸਭਾ ਹਲਕੇ
2) ਅਸਾਮ: 14 ਲੋਕ ਸਭਾ ਹਲਕਿਆਂ ਵਿਚੋਂ 5
3) ਬਿਹਾਰ: 40 ਵਿਚੋਂ 4 ਸੀਟਾਂ
4) ਛੱਤੀਸਗੜ੍ਹ: 11 ਵਿਚੋਂ 1 ਹਲਕਾ
5) ਮੱਧ ਪ੍ਰਦੇਸ਼: 29 ਵਿਚੋਂ 6 ਸੀਟਾਂ
6) ਮਹਾਰਾਸ਼ਟਰ: 48 ਵਿਚੋਂ 5 ਸੀਟਾਂ
7) ਮਨੀਪੁਰ: 2 ਵਿਚੋਂ 2 ਹਲਕੇ
8) ਮੇਘਾਲਿਆ: 2 ਵਿਚੋਂ 2 ਹਲਕੇ
9) ਮਿਜ਼ੋਰਮ: 1 ਹਲਕੇ ਵਿਚੋਂ 1
10) ਨਾਗਾਲੈਂਡ: 1 ਹਲਕੇ ਵਿਚੋਂ 1
11) ਰਾਜਸਥਾਨ: 25 ਵਿਚੋਂ 12 ਸੀਟਾਂ
12) ਸਿੱਕਮ: 1 ਵਿਚੋਂ 1 ਸੀਟ
13) ਤਾਮਿਲਨਾਡੂ: 39 ਲੋਕ ਸਭਾ ਹਲਕਿਆਂ ਵਿਚੋਂ 39
14) ਤ੍ਰਿਪੁਰਾ: ਦੋ ਸੀਟਾਂ ਵਿਚੋਂ ਇਕ
15) ਉੱਤਰ ਪ੍ਰਦੇਸ਼: 80 ਵਿਚੋਂ ਅੱਠ ਸੀਟਾਂ
16) ਉੱਤਰਾਖੰਡ: ਪੰਜ ਵਿਚੋਂ ਪੰਜ ਹਲਕੇ
17) ਪੱਛਮੀ ਬੰਗਾਲ: 42 ਵਿਚੋਂ ਤਿੰਨ ਸੀਟਾਂ
18) ਅੰਡੇਮਾਨ ਅਤੇ ਨਿਕੋਬਾਰ ਟਾਪੂ: ਇਕ ਸੀਟ ਵਿਚੋਂ ਇਕ
19) ਜੰਮੂ ਅਤੇ ਕਸ਼ਮੀਰ: ਪੰਜ ਵਿਚੋਂ ਇਕ ਸੀਟ
20) ਲਕਸ਼ਦੀਪ: ਇਕ ਸੀਟ ਵਿਚੋਂ ਇਕ
21) ਪੁਡੂਚੇਰੀ: ਇਕ ਹਲਕੇ ਵਿਚੋਂ ਇਕ
ਪੱਛਮੀ ਬੰਗਾਲ, ਯੂਪੀ ਅਤੇ ਬਿਹਾਰ ਵਿਚ ਚੋਣਾਂ ਦੇ ਸਾਰੇ ਸੱਤ ਪੜਾਵਾਂ ਵਿਚ ਵੋਟਾਂ ਪੈਣੀਆਂ ਹਨ।
(For more Punjabi news apart from Lok Sabha Elections 2024 Phase-I: 102 constituencies in play, 8 ministers in fray, stay tuned to Rozana Spokesman)