
ਪ੍ਰਭਾਤ, ਆਂਧਰਾ ਪ੍ਰਦੇਸ਼ ਕੇਡਰ ਦੇ 1992 ਬੈਚ ਦੇ ਭਾਰਤੀ ਪੁਲਿਸ ਸੇਵਾ ਅਧਿਕਾਰੀ ਹਨ
ਨਵੀਂ ਦਿੱਲੀ - ਸੀਨੀਅਰ ਆਈਪੀਐੱਸ ਅਧਿਕਾਰੀ ਨਲਿਨ ਪ੍ਰਭਾਤ ਨੂੰ ਦੇਸ਼ ਦੀ ਅੱਤਵਾਦ ਰੋਕੂ ਸ਼ਾਖਾ ਰਾਸ਼ਟਰੀ ਸੁਰੱਖਿਆ ਗਾਰਡ (ਐੱਨ. ਐੱਸ. ਜੀ.) ਦਾ ਮੁਖੀ ਨਿਯੁਕਤ ਕੀਤਾ ਗਿਆ ਹੈ। ਇਹ ਜਾਣਕਾਰੀ ਪਰਸੋਨਲ ਮੰਤਰਾਲੇ ਦੇ ਇਕ ਆਦੇਸ਼ 'ਚ ਦਿੱਤੀ ਗਈ। ਪ੍ਰਭਾਤ ਆਂਧਰਾ ਪ੍ਰਦੇਸ਼ ਕਾਡਰ ਦੇ 1992 ਬੈਚ ਦੇ ਆਈਪੀਐਸ ਅਧਿਕਾਰੀ ਹਨ ਅਤੇ ਇਸ ਸਮੇਂ ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀਆਰਪੀਐਫ) ਵਿਚ ਵਧੀਕ ਡਾਇਰੈਕਟਰ ਜਨਰਲ ਵਜੋਂ ਸੇਵਾ ਨਿਭਾ ਰਹੇ ਹਨ।
ਪਰਸੋਨਲ ਮੰਤਰਾਲੇ ਵੱਲੋਂ ਜਾਰੀ ਆਦੇਸ਼ ਅਨੁਸਾਰ ਮੰਤਰੀ ਮੰਡਲ ਦੀ ਨਿਯੁਕਤੀ ਕਮੇਟੀ (ਏਸੀਸੀ) ਨੇ 31 ਅਗਸਤ, 2028 ਯਾਨੀ ਉਨ੍ਹਾਂ ਦੀ ਸੇਵਾਮੁਕਤੀ ਦੀ ਤਰੀਕ ਤੱਕ ਦੀ ਮਿਆਦ ਲਈ ਐਨਐਸਜੀ ਦੇ ਡਾਇਰੈਕਟਰ ਜਨਰਲ ਵਜੋਂ ਉਨ੍ਹਾਂ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਐਨਐਸਜੀ, ਜਿਸ ਨੂੰ "ਬਲੈਕ ਕੈਟਸ" ਵੀ ਕਿਹਾ ਜਾਂਦਾ ਹੈ, ਦੀ ਸਥਾਪਨਾ 1984 ਵਿੱਚ ਕੀਤੀ ਗਈ ਸੀ। ਸਸ਼ਸਤਰ ਸੀਮਾ ਬਲ (ਐਸਐਸਬੀ) ਦੇ ਮੁਖੀ ਦਲਜੀਤ ਸਿੰਘ ਚੌਧਰੀ ਐਨਐਸਜੀ ਦਾ ਵਾਧੂ ਚਾਰਜ ਸੰਭਾਲ ਰਹੇ ਸਨ।
ਏਸੀਸੀ ਨੇ ਸਪਨਾ ਤਿਵਾੜੀ ਦੀ ਇੰਟੈਲੀਜੈਂਸ ਬਿਊਰੋ (ਆਈਬੀ) ਵਿਚ ਵਿਸ਼ੇਸ਼ ਨਿਰਦੇਸ਼ਕ ਦੇ ਅਹੁਦੇ 'ਤੇ ਨਿਯੁਕਤੀ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। ਓਡੀਸ਼ਾ ਕਾਡਰ ਦੇ 1992 ਬੈਚ ਦੇ ਆਈਪੀਐਸ ਅਧਿਕਾਰੀ ਤਿਵਾੜੀ ਇਸ ਸਮੇਂ ਆਈਬੀ ਵਿੱਚ ਵਧੀਕ ਡਾਇਰੈਕਟਰ ਵਜੋਂ ਸੇਵਾ ਨਿਭਾ ਰਹੇ ਹਨ। ਆਦੇਸ਼ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਦਾ ਕਾਰਜਕਾਲ ਦੋ ਸਾਲ ਦਾ ਹੋਵੇਗਾ।