
ਹਾਦਸੇ ਵਿੱਚ 11 ਲੋਕਾਂ ਦੀ ਮੌਤ
ਨਵੀਂ ਦਿੱਲੀ: ਉੱਤਰ-ਪੂਰਬੀ ਦਿੱਲੀ ਦੇ ਸ਼ਕਤੀ ਵਿਹਾਰ ਇਲਾਕੇ ’ਚ ਸਨਿਚਰਵਾਰ ਤੜਕੇ ਇਕ ਬਹੁਮੰਜ਼ਿਲਾ ਰਿਹਾਇਸ਼ੀ ਇਮਾਰਤ ਢਹਿ ਗਈ, ਜਿਸ ’ਚ 11 ਲੋਕਾਂ ਦੀ ਮੌਤ ਹੋ ਗਈ ਅਤੇ 11 ਹੋਰ ਜ਼ਖਮੀ ਹੋ ਗਏ।
ਕੌਮੀ ਆਫ਼ਤ ਪ੍ਰਤੀਕਿਰਿਆ ਬਲ (ਐਨ.ਡੀ.ਆਰ.ਐਫ.), ਫਾਇਰ ਬ੍ਰਿਗੇਡ ਸੇਵਾਵਾਂ, ਦਿੱਲੀ ਪੁਲਿਸ ਅਤੇ ਹੋਰ ਵਲੰਟੀਅਰਾਂ ਦੀਆਂ ਟੀਮਾਂ ਨੇ ਕੌਮੀ ਰਾਜਧਾਨੀ ਦੇ ਮੁਸਤਫਾਬਾਦ ਇਲਾਕੇ ’ਚ ਤੜਕੇ ਕਰੀਬ 3 ਵਜੇ ਢਹਿ ਗਈ 20 ਸਾਲ ਪੁਰਾਣੀ ਚਾਰ ਮੰਜ਼ਿਲਾ ਇਮਾਰਤ ਵਾਲੀ ਥਾਂ ’ਤੇ 12 ਘੰਟਿਆਂ ਤੋਂ ਵੱਧ ਸਮੇਂ ਤਕ ਬਚਾਅ ਕਾਰਜ ਚਲਾਏ।
ਪੁਲਿਸ ਮੁਤਾਬਕ ਇਮਾਰਤ ’ਚ 22 ਲੋਕ ਸਨ, ਜਿਨ੍ਹਾਂ ’ਚੋਂ ਜ਼ਿਆਦਾਤਰ ਪਰਵਾਰ ਸਨ। ਮ੍ਰਿਤਕਾਂ ਵਿਚ ਇਮਾਰਤ ਦਾ ਮਾਲਕ ਤਹਿਸੀਨ (60), ਉਸ ਦਾ ਬੇਟਾ ਨਜ਼ੀਮ (30), ਉਸ ਦੀ ਪਤਨੀ ਸ਼ਾਹਿਨਾ (28) ਅਤੇ ਉਨ੍ਹਾਂ ਦੇ ਤਿੰਨ ਬੱਚੇ ਅਨਸ (6), ਅਫਰੀਨ (2) ਅਤੇ ਅਫਾਨ (2) ਅਤੇ ਮਾਲਕ ਦੀ ਛੋਟੀ ਨੂੰਹ ਚਾਂਦਨੀ (23) ਸ਼ਾਮਲ ਹਨ। ਇਸ ਹਾਦਸੇ ’ਚ ਦਾਨਿਸ਼ (23) ਅਤੇ ਨਾਵੇਦ (17), ਰੇਸ਼ਮਾ (38) ਅਤੇ ਇਸ਼ਾਕ (75) ਦੀ ਵੀ ਮੌਤ ਹੋ ਗਈ। ਇਲਾਜ ਤੋਂ ਬਾਅਦ ਛੇ ਲੋਕਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿਤੀ ਗਈ, ਜਿਨ੍ਹਾਂ ਵਿਚ ਮਾਲਕ ਦਾ ਬੇਟਾ ਚਾਂਦ (25) ਵੀ ਸ਼ਾਮਲ ਹੈ, ਜਦਕਿ ਤਹਿਸੀਨ ਦੀ ਪਤਨੀ ਸਮੇਤ 9 ਲੋਕਾਂ ਦਾ ਇਲਾਜ ਚੱਲ ਰਿਹਾ ਹੈ।
ਇਕ ਪੁਲਿਸ ਸੂਤਰ ਨੇ ਦਸਿਆ ਕਿ ਹੇਠਲੀ ਮੰਜ਼ਿਲ ’ਤੇ ‘ਦੋ-ਤਿੰਨ ਦੁਕਾਨਾਂ’ ਵਿਚ ਨਿਰਮਾਣ ਕਾਰਜ ਕਾਰਨ ਇਮਾਰਤ ਢਹਿ ਗਈ ਹੋ ਸਕਦੀ ਹੈ। ਸਥਾਨਕ ਲੋਕਾਂ ਨੇ ਇਹ ਵੀ ਕਿਹਾ ਕਿ ਨਵੀਂ ਦੁਕਾਨ ’ਤੇ ਚੱਲ ਰਹੇ ਨਿਰਮਾਣ ਕਾਰਜ ਕਾਰਨ ਇਮਾਰਤ ਢਹਿ ਗਈ। ਉਨ੍ਹਾਂ ਨੇ ਚਾਰ ਤੋਂ ਪੰਜ ਇਮਾਰਤਾਂ ਦੀ ਨਾਜ਼ੁਕ ਸਥਿਤੀ ਬਾਰੇ ਵੀ ਚਿੰਤਾ ਜ਼ਾਹਰ ਕੀਤੀ।
ਇਲਾਕਾ ਨਿਵਾਸੀ ਸਲੀਮ ਅਲੀ ਨੇ ਕਿਹਾ, ‘‘ਸੀਵਰੇਜ ਦਾ ਗੰਦਾ ਪਾਣੀ ਕਈ ਸਾਲਾਂ ਤੋਂ ਇਮਾਰਤਾਂ ਦੀਆਂ ਕੰਧਾਂ ’ਚ ਵਹਿ ਰਿਹਾ ਹੈ ਅਤੇ ਸਮੇਂ ਦੇ ਨਾਲ ਨਮੀ ਨੇ ਢਾਂਚੇ ਨੂੰ ਕਮਜ਼ੋਰ ਕਰ ਦਿਤਾ ਹੈ, ਜਿਸ ਕਾਰਨ ਕੰਧਾਂ ’ਚ ਤਰੇੜਾਂ ਪੈ ਗਈਆਂ ਹਨ।’’ ਦਿੱਲੀ ਨਗਰ ਨਿਗਮ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਢਾਂਚਾ ਲਗਭਗ 20 ਸਾਲ ਪੁਰਾਣਾ ਹੈ।
ਪੁਲਿਸ ਨੇ ਦਸਿਆ ਕਿ ਉਨ੍ਹਾਂ ਨੂੰ ਦਿਆਲਪੁਰ ਥਾਣੇ ’ਚ ਤੜਕੇ 3:02 ਵਜੇ ਦੇ ਕਰੀਬ ਇਮਾਰਤ ਡਿੱਗਣ ਬਾਰੇ ਜਾਣਕਾਰੀ ਮਿਲੀ। ਅਧਿਕਾਰੀਆਂ ਨੇ ਦਸਿਆ ਕਿ ਐਨ.ਡੀ.ਆਰ.ਐਫ., ਦਿੱਲੀ ਫਾਇਰ ਸਰਵਿਸਿਜ਼ (ਡੀ.ਐਫ.ਐਸ.) ਅਤੇ ਐਂਬੂਲੈਂਸ ਸੇਵਾਵਾਂ ਦੀਆਂ ਬਚਾਅ ਟੀਮਾਂ ਨੂੰ ਤੁਰਤ ਕਾਰਵਾਈ ’ਚ ਲਗਾਇਆ ਗਿਆ। ਐਨ.ਡੀ.ਆਰ.ਐਫ. ਦੇ ਡੀ.ਆਈ.ਜੀ. ਮੋਹਸੇਨ ਸ਼ਾਹਿਦੀ ਨੇ ਦਸਿਆ, ‘‘ਅਸੀਂ ਇਸ ਨੂੰ ‘ਪੈਨਕੇਕ ਵਾਂਗ ਢਹਿਣਾ’ ਕਹਿੰਦੇ ਹਾਂ- ਖਾਸ ਤੌਰ ’ਤੇ ਖਤਰਨਾਕ ਕਿਸਮ ਜਿੱਥੇ ਬਚਣ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ। ਫਿਰ ਵੀ, ਅਸੀਂ ਉਮੀਦ ਕਰਦੇ ਹਾਂ ਕਿ ਕੁੱਝ ਜਾਨਾਂ ਬਚਾਈਆਂ ਜਾ ਸਕਦੀਆਂ ਹਨ ਅਤੇ ਅਸੀਂ ਸਰਗਰਮੀ ਨਾਲ ਭਾਲ ਕਰ ਰਹੇ ਹਾਂ।’’
ਉਨ੍ਹਾਂ ਕਿਹਾ ਕਿ ਮਲਬਾ ਹੌਲੀ-ਹੌਲੀ ਸਾਫ਼ ਕੀਤਾ ਗਿਆ ਕਿਉਂਕਿ ਇਹ ਬਹੁਤ ਭੀੜ-ਭੜੱਕੇ ਵਾਲਾ ਇਲਾਕਾ ਹੈ, ਜਿਸ ਕਾਰਨ ਬਚਾਅ ਕਾਰਜ ਚੁਨੌਤੀਪੂਰਨ ਬਣ ਗਏ ਹਨ। ਉਨ੍ਹਾਂ ਕਿਹਾ ਕਿ ਥਾਂ ਦੀ ਘਾਟ ਕਾਰਨ ਭਾਰੀ ਮਸ਼ੀਨਰੀ ਦੀ ਵਰਤੋਂ ਸੀਮਤ ਸੀ।
ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਘਟਨਾ ਦੀ ਜਾਂਚ ਦੇ ਹੁਕਮ ਦਿਤੇ ਹਨ ਅਤੇ ਇਸ ਘਟਨਾ ’ਤੇ ਦੁੱਖ ਜ਼ਾਹਰ ਕੀਤਾ ਹੈ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਨੇ ਵੀ ਇਸ ਘਟਨਾ ’ਤੇ ਦੁੱਖ ਜ਼ਾਹਰ ਕੀਤਾ ਅਤੇ ਮੁਸਤਫਾਬਾਦ ’ਚ ‘ਆਪ’ ਵਰਕਰਾਂ ਨੂੰ ਚੱਲ ਰਹੇ ਕਾਰਜਾਂ ’ਚ ਅਧਿਕਾਰੀਆਂ ਦਾ ਸਮਰਥਨ ਕਰਨ ਦੀ ਅਪੀਲ ਕੀਤੀ।