
ਪ੍ਰਧਾਨ ਮੰਤਰੀ ਨੇ ਕੇਦਾਰਨਾਥ ਦੇ ਦਰਸ਼ਨ ਕੀਤੇ, ਸ਼ਾਹ ਨੇ ਸੋਮਨਾਥ ਮੰਦਰ 'ਚ ਕੀਤੀ ਪੂਜਾ
ਦੇਹਰਾਦੂਨ/ਅਹਿਮਦਾਬਾਦ/ਤਿਰੂਪਤੀ, : ਚੋਣ ਨਤੀਜੇ ਆਉਣ ਤੋਂ ਪੰਜ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਉੱਚ ਗੜ੍ਹਵਾਲ ਹਿਮਲਿਆ ਖੇਤਰ 'ਚ ਸਥਿਤ 12 ਜਯੋਤੀਰਲਿੰਗਾਂ 'ਚੋਂ ਇਕ ਵਿਸ਼ਵ ਪ੍ਰਸਿੱਧ ਬਾਬਾ ਕੇਦਾਰਨਾਥ ਦੇ ਦਰਸ਼ਨ ਕੀਤੇ ਅਤੇ ਨੇੜਲੀ ਪਹਾੜੀ ਦੀ ਇਕ ਗੁਫ਼ਾ 'ਚ ਧਿਆਨ ਸਾਧਨਾ ਕੀਤੀ।
ਜਦਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਪ੍ਰਧਾਨ ਅਮਿਤ ਸ਼ਾਹ ਨੇ ਲੋਕ ਸਭਾ ਚੋਣਾਂ ਲਈ ਪ੍ਰਚਾਰ ਖ਼ਤਮ ਹੋਣ ਤੋਂ ਬਾਅਦ ਗੁਜਰਾਤ ਦੇ ਪ੍ਰਸਿੱਧ ਸੋਮਨਾਥ ਮੰਤਰ 'ਚ ਅਪਣੇ ਪ੍ਰਵਾਰ ਦੇ ਜੀਆਂ ਨਾਲ ਪੂਜਾ ਕੀਤੀ।
ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ, ਨੂੰਹ ਅਤੇ ਪੋਤੀ ਸੀ। ਪਾਰਟੀ ਦੇ ਬੁਲਾਰੇ ਪ੍ਰਸ਼ਾਂਤ ਵਾਲਾ ਨੇ ਕਿਹਾ ਕਿ ਅਪਣੀ ਗੁਜਰਾਤ ਯਾਤਰਾ ਤਹਿਤ ਸ਼ਾਹ ਅਹਿਮਦਾਬਾਦ ਸਥਿਤ ਅਪਣੇ ਘਰ 'ਚ ਅਪਣੇ ਪ੍ਰਵਾਰਕ ਜੀਆਂ ਨਾਲ ਇਕ ਦਿਨ ਬਿਤਾਉਣਗੇ। ਉਸ ਤੋਂ ਬਾਅਦ ਉਹ ਐਤਵਾਰ ਨੂੰ ਦਿੱਲੀ ਪਰਤ ਆਉਣਗੇ। ਪ੍ਰਧਾਨ ਮੰਤਰੀ ਕੇਦਾਰਨਾਥ 'ਚ ਹੈਲੀਕਾਪਟਰ ਨਾਲ ਉਤਰੇ। ਉਨ੍ਹਾਂ ਸਲੇਟੀ ਰੰਗ ਦੀ ਪਹਾੜੀ ਪੋਸ਼ਾਕ ਪਾਈ ਹੋਈ ਸੀ ਅਤੇ ਪਹਾੜੀ ਟੋਪੀ ਪਾਈ ਅਤੇ ਕਮਰ 'ਚ ਕੇਸਰੀਆ ਗਮਛਾ ਬੰਨ੍ਹੀ ਦਿਸੇ। ਹੱਥ 'ਚ ਲਾਠੀ ਲੈ ਕੇ ਚਲ ਰਹੇ ਪ੍ਰਧਾਨ ਮੰਤਰੀ ਬਿਲਕੁਲ ਵਖਰੇ ਅੰਦਾਜ਼ 'ਚ ਦਿਸ ਰਹੇ ਸਨ।
ਸਮੁੰਦਰ ਤਲ ਤੋਂ 11755 ਫ਼ੁੱਟ ਦੀ ਉਚਾਈ 'ਤੇ ਮੰਦਾਕਿਨੀ ਨਦੀ ਦੇ ਕੰਢੇ ਕੇਦਾਰਨਾਥ ਮੰਦਰ 'ਚ ਪੁੱਜਣ 'ਤੇ ਤੀਰਥ ਪੁਰੋਹਿਤਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ, ਜਿਸ ਤੋਂ ਬਾਅਦ ਉਹ ਭਗਵਾਨ ਸ਼ਿਵ ਦੀ ਪੂਜਾ ਲਈ ਮੰਦਰ ਅੰਦਰ ਪੁੱਜੇ। ਲਗਭਗ ਅੱਧਾ ਘੰਟਾ ਚੱਲੀ ਇਸ ਪੂਜਾ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਮੰਦਰ ਦੀ ਪਰਕਰਮਾ ਕੀਤੀ ਅਤੇ ਸ਼ਰਧਾਲੂਆਂ ਨੂੰ ਹੱਥ ਹਿਲਾ ਕੇ ਧਨਵਾਦ ਕੀਤਾ। ਪ੍ਰਧਾਨ ਮੰਤਰੀ ਦੇ ਮੰਦਰ 'ਚ ਪੂਜਾ ਕਰਨ ਦੌਰਾਨ ਸ਼ਰਧਾਲੂਆਂ ਨੂੰ ਮੰਦਰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿਤੀ ਗਈ। ਕਲ ਸਵੇਰੇ ਉਹ ਹੈਲੀਕਾਪਟਰ ਰਾਹੀਂ ਬਦਰੀਨਾਥ ਜਾਣਗੇ ਅਤੇ ਭਗਵਾਨ ਵਿਸ਼ਣੂ ਦੀ ਪੂਜਾ ਕਰਨਗੇ।
ਪ੍ਰਧਾਨ ਮੰਤਰੀ ਦਾ ਪਿਛਲੇ ਦੋ ਸਾਲਾਂ ਅੰਦਰ ਕੇਦਾਰਨਾਥ ਦਾ ਇਹ ਚੌਥਾ ਦੌਰਾ ਹੈ। ਚੋਣ ਪ੍ਰਚਾਰ ਮਗਰੋਂ ਪੂਜਾ-ਪਾਠ ਕਰਨ ਵਾਲਿਆਂ 'ਚ ਕੁੱਝ ਨੌਕਰਸ਼ਾਹ ਵੀ ਪਿੱਛੇ ਨਹੀਂ ਰਹੇ। ਕੇਂਦਰੀ ਕੈਬਨਿਟ ਦੇ ਸਕੱਤਰ ਪ੍ਰਦੀਪ ਕੁਮਾਰ ਸਿਨਹਾ ਨੇ ਤਿਰੂਮਾਲਾ 'ਚ ਪ੍ਰਸਿੱਧ ਭਗਵਾਨ ਵੇਂਕਟੇਸ਼ਵਰ ਮੰਦਰ 'ਚ ਅਪਣੀ ਪਤਨੀ ਨਾਲ ਪੂਜਾ ਕੀਤੀ। ਉਧਰ ਸਾਬਕਾ ਪ੍ਰਧਾਨ ਮੰਤਰੀ ਅਤੇ ਜੇ.ਡੀ.ਐਸ. ਆਗੂ ਐਚ.ਡੀ. ਦੇਵਗੌੜਾ ਨੇ ਵੀ ਅਪਣੇ 86ਵੇਂ ਜਨਮਦਿਨ ਮੌਕੇ ਤਿਰੂਪਤੀ ਸਥਿਤ ਭਗਵਾਨ ਵੇਂਕਟੇਸ਼ਵਰ ਮੰਦਰ 'ਚ ਪੂਜਾ ਕੀਤੀ। (ਪੀਟੀਆਈ)
ਕੇਦਾਰਨਾਥ ਧਾਮ 'ਚ ਮੋਦੀ ਦਾ 'ਪਹਾੜੀ ਲਿਬਾਸ' ਬਣਿਆ ਖਿੱਚ ਦਾ ਕੇਂਦਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਨਿਚਰਵਾਰ ਰਿਵਾਇਤੀ ਪਹਾੜੀ ਲਿਬਾਸ 'ਚ ਦੁਨੀਆ ਦੇ ਪ੍ਰਸਿੱਧ ਧਾਮ ਕੇਦਾਰਨਾਥ ਪੁੱਜੇ। ਉਨ੍ਹਾਂ ਦਾ ਇਹ ਲਿਬਾਸ ਲੋਕਾਂ ਵਿਚਾਲੇ ਖਿੱਚ ਦਾ ਕੇਂਦਰ ਰਿਹਾ। ਗੜ੍ਹਵਾਲ ਹਿਮਾਲਿਆ ਖੇਤਰ ਵਿਚ 11,755 ਫੁੱਟ ਦੀ ਉੱਚਾਈ 'ਤੇ ਸਥਿਤ ਕੇਦਾਰਨਾਥ ਪੁੱਜੇ ਪ੍ਰਧਾਨ ਮੰਤਰੀ ਮੋਦੀ ਨੇ ਸਲੇਟੀ ਰੰਗ ਦਾ ਲੰਮਾ ਕੁੜਤਾ, ਪਹਾੜੀ ਟੋਪੀ ਅਤੇ ਲੱਕ 'ਤੇ ਕੇਸਰੀ ਰੰਗ ਦਾ ਗਮਛਾ (ਪਰਨਾ) ਬੰਨ੍ਹਿਆ ਹੋਇਆ ਸੀ। ਮੋਦੀ ਨੇ ਹੈਲੀਪੈਡ ਤੋਂ ਕੇਦਾਰਨਾਥ ਮੰਦਰ ਤਕ ਦਾ ਪੈਦਲ ਰਸਤਾ ਪਹਾੜੀ ਅੰਦਾਜ਼ ਵਿਚ ਸੋਟੀ ਲੈ ਕੇ ਤੈਅ ਕੀਤਾ।
ਜ਼ਿਕਰਯੋਗ ਹੈ ਕਿ ਪਹਿਲੀ ਵਾਰ ਪਾਏ ਇਸ ਲਿਬਾਸ 'ਚ ਉਹ ਪੂਰੀ ਤਰ੍ਹਾਂ ਅਧਿਆਤਮਿਕ ਰੰਗ 'ਚ ਰੰਗੇ ਨਜ਼ਰ ਆ ਰਹੇ ਸਨ। ਪਿਛਲੇ ਦੋ ਸਾਲਾਂ 'ਚ ਚੌਥੀ ਵਾਰ ਭੋਲੇ ਦੇ ਧਾਮ ਕੇਦਾਰਨਾਥ ਪੁੱਜੇ ਮੋਦੀ ਨੇ ਭਗਵਾਨ ਸ਼ਿਵ ਦੀ ਪੂਜਾ ਕਰਨ ਤੋਂ ਬਾਅਦ ਮੰਦਰ ਦੀ ਪਰਿਕਰਮਾ ਕੀਤੀ। ਮੋਦੀ ਨੇ ਬਰਫ਼ ਨਾਲ ਢੱਕੀਆਂ ਸਫ਼ੈਦ ਪਹਾੜੀਆਂ ਦਾ ਵੀ ਨਜ਼ਾਰਾ ਦੇਖਿਆ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਕੇਦਾਰਨਾਥ 'ਚ ਮੌਜੂਦ ਸ਼ਰਧਾਲੂਆਂ ਅਤੇ ਸਥਾਨਕ ਜਨਤਾ ਦਾ ਖੁਸ਼ੀ-ਖੁਸ਼ੀ ਹੱਥ ਹਿੱਲਾ ਕੇ ਸਵਾਗਤ ਵੀ ਕੀਤਾ। (ਪੀਟੀਆਈ)