
ਦੇਸ਼ ਵਿਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਾਗੂ ਤਾਲਾਬੰਦੀ ਨੂੰ ਵੇਖਦਿਆਂ ਸੰਸਾਰ ਪ੍ਰਸਿੱਧ ਇਸਲਾਮੀ ਵਿਦਿਅਕ ਸੰਸਥਾ ਦਾਰੂਲ ਉਲੂਮ ਦੇਵਬੰਦ ਨੇ ਫ਼ਤਵਾ ਜਾਰੀ
ਨਵੀਂ ਦਿੱਲੀ, 18 ਮਈ : ਦੇਸ਼ ਵਿਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਾਗੂ ਤਾਲਾਬੰਦੀ ਨੂੰ ਵੇਖਦਿਆਂ ਸੰਸਾਰ ਪ੍ਰਸਿੱਧ ਇਸਲਾਮੀ ਵਿਦਿਅਕ ਸੰਸਥਾ ਦਾਰੂਲ ਉਲੂਮ ਦੇਵਬੰਦ ਨੇ ਫ਼ਤਵਾ ਜਾਰੀ ਕਰ ਕੇ ਮੁਸਲਮਾਨਾਂ ਨੂੰ ਈਦ ਉਲ ਫ਼ਿਤਰ ਦੀ ਨਮਾਜ਼ ਘਰ ਵਿਚ ਹੀ ਅਦਾ ਕਰਨ ਲਈ ਆਖਿਆ ਹੈ। ਦਾਰੂਲ ਦੇ ਮੀਡੀਆ ਇੰਚਾਰਜ ਅਸ਼ਰਫ਼ ਉਸਮਾਨੀ ਨੇ ਦਸਿਆ ਕਿ ਸੰਸਥਾ ਦੇ ਕੁਲਪਤੀ ਮੁਫ਼ਤੀ ਅਬੁਲ ਕਾਸਿਮ ਨੋਮਾਨੀ ਦੇ ਸਵਾਲ 'ਤੇ ਸੰਸਥਾ ਦੇ ਫ਼ਤਵਾ ਵਿਭਾਗ ਦੇ ਬੈਂਚ ਨੇ ਇਹ ਫ਼ਤਵਾ ਜਾਰੀ ਕੀਤਾ ਹੈ। ਫ਼ਤਵੇ ਵਿਚ ਕਿਹਾ ਗਿਆ ਹੈ ਕਿ ਤਾਲਾਬੰਦੀ ਵਿਚ ਜਿਸ ਤਰ੍ਹਾਂ ਜੁੰਮੇ ਦੀ ਨਮਾਜ਼ ਘਰ ਵਿਚ ਪੜ੍ਹੀ ਜਾ ਰਹੀ ਹੈ,
File photo
ਉਸੇ ਤਰ੍ਹਾਂ ਈਦ ਦੀ ਨਮਾਜ਼ ਵੀ ਘਰ ਵਿਚ ਹੀ ਅਦਾ ਕੀਤੀ ਜਾਵੇ। ਕਿਹਾ ਗਿਆ ਹੈ ਕਿ ਜਿਨ੍ਹਾਂ ਲੋਕਾਂ ਨੂੰ ਈਦ ਦੀ ਨਮਾਜ਼ ਨਾ ਮਿਲੇ, ਉਨ੍ਹਾਂ ਨੂੰ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ ਕਿਉਂਕਿ ਮੌਜੂਦਾ ਹਾਲਾਤ ਨੂੰ ਵੇਖਦਿਆਂ ਉਨ੍ਹਾਂ ਦੀ ਈਦ ਦੀ ਨਮਾਜ਼ ਮਾਫ਼ ਹੋਵੇਗੀ। ਦੇਸ਼ ਵਿਚ ਫ਼ਿਲਹਾਲ ਰਮਜ਼ਾਨ ਦਾ ਮਹੀਨਾ ਚੱਲ ਰਿਹਾ ਹੈ। ਇਸ ਮਹੀਨੇ ਵਿਚ ਮੁਸਲਮਾਨ ਸਮਾਜ ਦੇ ਮੈਂਬਰ ਰੋਜ਼ਾ ਰਖਦੇ ਹਨ ਅਤੇ ਸੂਰਜ ਨਿਕਲਣ ਤੋਂ ਲੈ ਕੇ ਡੁੱਬਣ ਤਕ ਕੁੱਝ ਖਾਂਦੇ-ਪੀਂਦੇ ਨਹੀਂ। ਇਹ ਮਹੀਨਾ ਈਦ ਦਾ ਚੰਨ ਦਿਸਣ ਨਾਲ ਖ਼ਤਮ ਹੁੰਦਾ ਹੈ। ਇਸ ਵਾਰ 24 ਜਾਂ 25 ਮਈ ਨੂੰ ਈਦ ਹੋ ਸਕਦੀ ਹੈ। ਇਸਲਾਮ ਦੇ ਜਾਣਕਾਰਾਂ ਮੁਤਾਬਕ ਫ਼ਤਵਾ ਅਰਬੀ ਭਾਸ਼ਾ ਦਾ ਸ਼ਬਦ ਹੈ। ਫ਼ਤਵਾ ਇਸਲਾਮੀ ਮਾਮਲਿਆਂ 'ਤੇ ਦਿਤੀ ਜਾਣ ਵਾਲੀ ਰਾਏ ਹੁੰਦੀ ਹੈ ਅਤੇ ਇਸ ਦਾ ਪਾਬੰਦ ਹੋਣਾ ਲਾਜ਼ਮੀ ਨਹੀਂ ਹੁੰਦਾ। (ਏਜੰਸੀ)