
ਦੇਸ਼ ਦੇ 60 ਸਾਬਕਾ ਨੌਕਰਸ਼ਾਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਕੇਂਦਰ ਦੇ ਸੈਂਟਰਲ ਵਿਸਟਾ ਪੁਨਰਵਾਸ ਪ੍ਰਾਜੈਕਟ 'ਤੇ
ਨਵੀਂ ਦਿੱਲੀ, 18 ਮਈ : ਦੇਸ਼ ਦੇ 60 ਸਾਬਕਾ ਨੌਕਰਸ਼ਾਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਕੇਂਦਰ ਦੇ ਸੈਂਟਰਲ ਵਿਸਟਾ ਪੁਨਰਵਾਸ ਪ੍ਰਾਜੈਕਟ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਅਜਿਹੇ ਵਕਤ ਜਦ ਲੋਕ ਸਿਹਤ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਬਹੁਤ ਜ਼ਿਆਦਾ ਪੈਸੇ ਦੀ ਲੋੜ ਹੈ ਤਾਂ ਇਹ ਕਦਮ ਗ਼ੈਰ-ਜ਼ਿੰਮੇਵਾਰਾਨਾ ਹੋਵੇਗਾ। ਇਸ ਪ੍ਰਾਜੈਕਟ 'ਤੇ 20 ਹਜ਼ਾਰ ਕਰੋੜ ਰੁਪਏ ਦੀ ਲਾਗਤ ਆਉਣ ਦਾ ਅਨੁਮਾਨ ਹੈ।
ਚਿੱਠੀ ਕੇਂਦਰੀ ਮਕਾਨ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਹਰਦੀਪ ਪੁਰੀ ਨੂੰ ਵੀ ਭੇਜੀ ਗਈ ਹੈ। ਸਾਬਕਾ ਨੌਕਰਸ਼ਾਹਾਂ ਨੇ ਕਿਹਾ ਕਿ ਸੰਸਦ ਵਿਚ ਇਸ ਬਾਬਤ ਕੋਈ ਬਹਿਸ ਜਾਂ ਚਰਚਾ ਨਹੀਂ ਹੋਈ। ਚਿੱਠੀ ਵਿਚ ਕਿਹਾ ਗਿਆ ਹੈ ਕਿ ਕੰਪਨੀ ਦੀ ਚੋਣ ਅਤੇ ਇਸ ਦੀ ਕਵਾਇਦ ਨੇ ਬਹੁਤ ਸਾਰੇ ਸਵਾਲ ਖੜੇ ਕੀਤੇ ਹਨ ਜਿਨ੍ਹਾਂ ਦਾ ਜਵਾਬ ਨਹੀਂ ਮਿਲਿਆ। ਚਿੱਠੀ ਵਿਚ ਕਿਹਾ ਗਿਆ ਹੈ, 'ਕੋਵਿਡ-19 ਤੋਂ ਉਭਰਨ ਮਗਰੋਂ ਜਦ ਸਿਹਤ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਅਤੇ ਅਰਥਚਾਰੇ ਨੂੰ ਪਟੜੀ 'ਤੇ ਲਿਆਉਣ ਲਈ ਬਹੁਤ ਜ਼ਿਆਦਾ ਪੈਸੇ ਦੀ ਲੋੜ ਪਵੇਗੀ ਤਾਂ ਅਜਿਹੇ ਵਕਤ 20 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਪੂਰੇ ਸੈਂਟਰ ਵਿਸਟਾ ਨੂੰ ਨਵਾਂ ਰੂਪ ਦੇਣ ਦੀ ਤਜਵੀਜ਼ ਗ਼ੈਰਜ਼ਿੰਮੇਵਾਰਾਨਾ ਹੈ।' ਕਿਹਾ ਗਿਆ ਹੈ ਕਿ ਇਹ ਉਵੇਂ ਹੀ ਹੈ ਜਿਵੇਂ ਜਦ ਰੋਮ ਸੜ ਰਿਹਾ ਸੀ ਤਾਂ ਨੀਰੋ ਬੰਸਰੀ ਵਜਾ ਰਿਹਾ ਸੀ।
File photo
ਚਿੱਠੀ 'ਤੇ ਹਸਤਾਖਰ ਕਰਨ ਵਾਲਿਆਂ ਵਿਚ ਸੇਵਾਮੁਕਤ ਆਈਏਐਸ,ਆਈਪੀਐਸ ਅਤੇ ਆਈਐਫ਼ਐਸ ਅਧਿਕਾਰੀ ਸ਼ਾਮਲ ਹਨ। ਡੀਡੀਏ ਦੇ ਸਾਬਕਾ ਮੀਤ ਪ੍ਰਧਾਨ ਵੀ ਐਸ ਏਲਾਵਾੜੀ ਅਤੇ ਪ੍ਰਸਾਰ ਭਾਰਤੀ ਦੇ ਸਾਬਕਾ ਸੀਈਓ ਜਵਾਹਰ ਸਿਰਕਾਰ ਵੀ ਇਨ੍ਹਾਂ ਵਿਚ ਸ਼ਾਮਲ ਹਨ। ਇਸ ਪ੍ਰਾਜੈਕਟ ਵਿਚ ਨਵੇਂ ਸੰਸਦ ਭਵਨ ਦਾ ਨਿਰਮਾਣ, ਸਾਂਝੀ ਕੇਂਦਰੀ ਸਕੱਤਰੇਤ ਦਾ ਨਿਰਮਾਣ ਅਤੇ ਰਾਸ਼ਟਰਪਤੀ ਭਵਨ ਤੋਂ ਇੰਡੀਆ ਗੇਟ 'ਤੇ ਲਗਭਗ 3.5 ਕਿਲੋਮੀਟਰ ਲੰਮੇ ਮਾਰਗ ਦੇ ਪੁਨਰਨਿਰਮਾਣ ਦੀ ਤਜਵੀਜ਼ ਹੈ। (ਏਜੰਸੀ)