
ਵਿਦੇਸ਼ ਸਕੱਤਰ ਨੇ ਪਾਕਿਸਤਾਨ ਨਾਲ ਜੁੜੇ ਮੁੱਦਿਆਂ ’ਤੇ ਸੰਸਦੀ ਕਮੇਟੀ ਨੂੰ ਦਿਤੀ ਜਾਣਕਾਰੀ
ਨਵੀਂ ਦਿੱਲੀ : ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਸੋਮਵਾਰ ਨੂੰ ਸੰਸਦੀ ਕਮੇਟੀ ਨੂੰ ਦਸਿਆ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਟਕਰਾਅ ਹਮੇਸ਼ਾ ਰਵਾਇਤੀ ਖੇਤਰ ’ਚ ਰਿਹਾ ਹੈ ਅਤੇ ਗੁਆਂਢੀ ਦੇਸ਼ ਵਲੋਂ ਕੋਈ ਪ੍ਰਮਾਣੂ ਸੰਕੇਤ ਨਹੀਂ ਦਿਤਾ ਗਿਆ।
ਸੂਤਰਾਂ ਨੇ ਦਸਿਆ ਕਿ ਮਿਸਰੀ ਨੇ ਸਰਕਾਰ ਦੇ ਸਟੈਂਡ ਨੂੰ ਦੁਹਰਾਇਆ ਕਿ ਫੌਜੀ ਕਾਰਵਾਈਆਂ ਨੂੰ ਰੋਕਣ ਦਾ ਫੈਸਲਾ ਦੁਵਲੇ ਪੱਧਰ ’ਤੇ ਲਿਆ ਗਿਆ ਸੀ, ਕਿਉਂਕਿ ਕੁੱਝ ਵਿਰੋਧੀ ਮੈਂਬਰਾਂ ਨੇ ਸੰਘਰਸ਼ ਨੂੰ ਰੋਕਣ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਅਪਣੇ ਪ੍ਰਸ਼ਾਸਨ ਦੀ ਭੂਮਿਕਾ ਬਾਰੇ ਵਾਰ-ਵਾਰ ਦਾਅਵਿਆਂ ’ਤੇ ਸਵਾਲ ਚੁਕੇ ਸਨ। ਸੂਤਰਾਂ ਨੇ ਦਸਿਆ ਕਿ ਕੁੱਝ ਸੰਸਦ ਮੈਂਬਰਾਂ ਨੇ ਪੁਛਿਆ ਕਿ ਕੀ ਪਾਕਿਸਤਾਨ ਨੇ ਸੰਘਰਸ਼ ਵਿਚ ਚੀਨੀ ਮੰਚਾਂ ਦੀ ਵਰਤੋਂ ਕੀਤੀ ਸੀ। ਮਿਸਰੀ ਨੇ ਕਿਹਾ ਕਿ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿਉਂਕਿ ਭਾਰਤ ਨੇ ਪਾਕਿਸਤਾਨੀ ਹਵਾਈ ਅੱਡਿਆਂ ’ਤੇ ਵੱਡਾ ਵਾਰ ਕੀਤਾ।
ਜਦੋਂ ਵਿਰੋਧੀ ਧਿਰ ਦੇ ਇਕ ਮੈਂਬਰ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਦੁਸ਼ਮਣੀ ਰੋਕਣ ਦੇ ਫੈਸਲੇ ਤੋਂ ਬਾਅਦ ਟਰੰਪ ਦੀਆਂ ਕਈ ਸੋਸ਼ਲ ਮੀਡੀਆ ਪੋਸਟਾਂ ਬਾਰੇ ਪੁਛਿਆ ਤਾਂ ਵਿਦੇਸ਼ ਸਕੱਤਰ ਨੇ ਵਿਅੰਗ ਕਰਦਿਆਂ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਨੇ ਅਜਿਹਾ ਕਰਨ ਲਈ ਉਨ੍ਹਾਂ ਦੀ ਇਜਾਜ਼ਤ ਨਹੀਂ ਲਈ।
ਸੂਤਰਾਂ ਨੇ ਦਸਿਆ ਕਿ ਕਮੇਟੀ ਦੇ ਮੈਂਬਰਾਂ ਨੇ ਫੌਜੀ ਕਾਰਵਾਈ ਬੰਦ ਹੋਣ ਤੋਂ ਬਾਅਦ ਮਿਸਰੀ ਨੂੰ ਟਰੋਲ ਕਰਨ ਦੀ ਸਰਬਸੰਮਤੀ ਨਾਲ ਨਿੰਦਾ ਕੀਤੀ ਅਤੇ ਉਨ੍ਹਾਂ ਦੇ ਪੇਸ਼ੇਵਰ ਵਿਵਹਾਰ ਦੀ ਸ਼ਲਾਘਾ ਕੀਤੀ। ਭਾਰਤ ਵਿਰੁਧ ਤੁਰਕੀਏ ਦੇ ਵਿਰੋਧੀ ਸਟੈਂਡ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਤੁਰਕੀ ਰਵਾਇਤੀ ਤੌਰ ’ਤੇ ਭਾਰਤ ਦਾ ਸਮਰਥਕ ਨਹੀਂ ਰਿਹਾ ਹੈ।
ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਦੀ ਪ੍ਰਧਾਨਗੀ ’ਚ ਵਿਦੇਸ਼ ਮਾਮਲਿਆਂ ’ਤੇ ਸੰਸਦ ਦੀ ਸਥਾਈ ਕਮੇਟੀ ਦੀ ਬੈਠਕ ’ਚ ਤ੍ਰਿਣਮੂਲ ਕਾਂਗਰਸ ਦੇ ਅਭਿਸ਼ੇਕ ਬੈਨਰਜੀ, ਕਾਂਗਰਸ ਦੇ ਰਾਜੀਵ ਸ਼ੁਕਲਾ ਅਤੇ ਦੀਪੇਂਦਰ ਹੁੱਡਾ, ਏਆਈ.ਐਮ.ਆਈ.ਐਮ ਮੁਖੀ ਅਸਦੁਦੀਨ ਓਵੈਸੀ ਅਤੇ ਭਾਜਪਾ ਦੀ ਅਪਰਾਜਿਤਾ ਸਾਰੰਗੀ ਅਤੇ ਅਰੁਣ ਗੋਵਿਲ ਸਮੇਤ ਕਈ ਸੰਸਦ ਮੈਂਬਰਾਂ ਨੇ ਹਿੱਸਾ ਲਿਆ।
ਇਹ ਬੈਠਕ ਪਹਿਲਗਾਮ ਹਮਲੇ ਅਤੇ ਉਸ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਫੌਜੀ ਕਾਰਵਾਈਆਂ ਦਾ ਬਦਲਾ ਲੈਣ ਲਈ ਭਾਰਤੀ ਹਥਿਆਰਬੰਦ ਬਲਾਂ ਵਲੋਂ ਆਪਰੇਸ਼ਨ ਸਿੰਦੂਰ ਚਲਾਉਣ ਦੇ ਪਿਛੋਕੜ ਵਿਚ ਹੋ ਰਹੀ ਹੈ। ਭਾਰਤ ਅਤੇ ਪਾਕਿਸਤਾਨ 10 ਮਈ ਨੂੰ ਸਾਰੀਆਂ ਫੌਜੀ ਕਾਰਵਾਈਆਂ ਨੂੰ ਰੋਕਣ ਲਈ ਸਹਿਮਤੀ ’ਤੇ ਪਹੁੰਚੇ ਸਨ।