
ਫਿਚ ਰੇਟਿੰਗਜ਼ ਨੇ ਵੀਰਵਾਰ ਨੂੰ ਭਾਰਤ ਦੇ ਆਰਥਕ ਖ਼ਾਕੇ ਨੂੰ 'ਸਥਿਰ' ਤੋਂ ਬਦਲ ਕੇ 'ਨਕਾਰਾਤਮਕ' ਕਰ ਦਿਤਾ ਹੈ।
ਨਵੀਂ ਦਿੱਲੀ, 18 ਜੂਨ : ਫਿਚ ਰੇਟਿੰਗਜ਼ ਨੇ ਵੀਰਵਾਰ ਨੂੰ ਭਾਰਤ ਦੇ ਆਰਥਕ ਖ਼ਾਕੇ ਨੂੰ 'ਸਥਿਰ' ਤੋਂ ਬਦਲ ਕੇ 'ਨਕਾਰਾਤਮਕ' ਕਰ ਦਿਤਾ ਹੈ। ਰੇਟਿੰਗ ਏਜੰਸੀ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਨੇ ਇਸ ਸਾਲ ਲਈ ਦੇਸ਼ ਦੇ ਵਿਕਾਸ ਦੀ ਸੰਭਾਵਨਾ ਨੂੰ ਕਮਜ਼ੋਰ ਕਰ ਦਿਤਾ ਹੈ। ਇਸ ਦੇ ਨਾਲ ਹੀ ਇਸ ਨਾਲ ਸਰਕਾਰ 'ਤੇ ਵਧਦੇ ਕਰਜ਼ੇ ਦੀ ਚੁਣੌਤੀ ਵੀ ਜੁੜੀ ਹੈ। ਫਿਚ ਤੋਂ ਪਹਿਲਾਂ ਮੂਡੀਜ਼ ਨੇ ਵੀ ਇਸ ਮਹੀਨੇ ਦੀ ਸ਼ੁਰੂਆਤ ਵਿਚ ਦੇਸ਼ ਦੀ ਰੇਟਿੰਗ ਨੂੰ ਘੱਟ ਕਰ ਕੇ ਸਭ ਤੋਂ ਹੇਠਲੀ ਨਿਵੇਸ਼ ਸ਼੍ਰੇਣੀ 'ਬੀਏਏ2' 'ਚ ਰੱਖ ਦਿਤਾ ਸੀ। ਅਜਿਹਾ 22 ਸਾਲ ਵਿਚ ਪਹਿਲੀ ਵਾਰ ਹੋਇਆ।
File Photo
ਰੇਟਿੰਗ ਏਜੰਸੀ ਨੇ ਇਕ ਬਿਆਨ ਵਿਚ ਕਿਹਾ, ''ਫਿਚ ਰੇਟਿੰਗਜ਼ ਨੇ ਭਾਰਤ ਦੀ ਲੰਮੀ ਮਿਆਦ ਦੇ ਆਰਥਕ ਖ਼ਾਕੇ ਨੂੰ ਸਥਿਰ ਤੋਂ ਬਦਲ ਕੇ ਨਕਾਰਾਤਮਕ ਕਰ ਦਿਤਾ ਹੈ। ਇਸ ਦੇ ਨਾਲ ਹੀ ਭਾਰਤ ਦੀ ਰੇਟਿੰਗ 'ਬੀਬੀਬੀ ਮਾਈਨਸ ਕੀਤੀ ਹੈ।' ਫਿਚ ਦਾ ਅੰਦਾਜ਼ਾ ਹੈ ਕਿ ਅਰਥਵਿਵਸਥਾ 'ਚ 31 ਮਾਰਚ 2021 ਨੂੰ ਖ਼ਤਮ ਹੋਣ ਵਾਲੇ ਵਿੱਤੀ ਸਾਲ ਦੌਰਾਨ ਪੰਜ ਫ਼ੀ ਸਦੀ ਦੀ ਕਮੀ ਆਵੇਗੀ। ਇਸ ਕਾਰਨ ਦੇਸ਼ ਵਿਚ 25 ਮਾਰਚ ਤੋਂ ਲਾਗੂ ਕੀਤੀ ਤਾਲਾਬੰਦੀ ਕਾਰਨ ਵੱਡੇ ਅਨੁਪਾਤ 'ਚ ਕਾਰੋਬਾਰ ਦਾ ਲੰਮੇ ਸਮੇਂ ਤਕ ਬੰਦ ਰਹਿਣਾ ਹੈ। (ਪੀਟੀਆਈ)