
24 ਸਾਲ ਦੇ ਗੁਰਸੇਵਕ ਸਿੰਘ ਨੇ ਦਾੜ੍ਹੀ ਚਿੱਟੀ ਰੰਗ ਕੇ ਖ਼ੁਦ ਨੂੰ ਦਸਿਆ ਸੀ 67 ਸਾਲਾਂ ਦਾ ਰਸ਼ਵਿੰਦਰ ਸਿੰਘ ਸਹੋਤਾ, ਚੜ੍ਹਿਆ CISF ਅੜਿੱਕੇ
ਨਵੀਂ ਦਿੱਲੀ: ਦਿੱਲੀ ਕੌਮਾਂਤਰੀ ਹਵਾਈ ਅੱਡੇ ’ਤੇ ਇਕ 24 ਸਾਲ ਦੇ ਵਿਅਕਤੀ ਨੂੰ ਇਕ ਬਜ਼ੁਰਗ ਵਿਅਕਤੀ ਦਾ ਭੇਸ ਬਣਾ ਕੇ ਕੈਨੇਡਾ ਜਾਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ ਹੈ।ਅਧਿਕਾਰੀਆਂ ਨੇ ਦਸਿਆ ਕਿ ਅਪਣੇ ਵਾਲਾਂ ਅਤੇ ਦਾੜ੍ਹੀ ਨੂੰ ਰੰਗ ਕੇ ਪਹੁੰਚੇ ਗੁਰੂ ਸੇਵਕ ਸਿੰਘ ਨੂੰ ਮੰਗਲਵਾਰ ਸ਼ਾਮ ਨੂੰ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਦੇ ਟਰਮੀਨਲ-3 ’ਤੇ ਰੋਕਿਆ ਗਿਆ ਅਤੇ ਦਿੱਲੀ ਪੁਲਿਸ ਦੇ ਹਵਾਲੇ ਕਰ ਦਿਤਾ ਗਿਆ।
ਅਧਿਕਾਰੀ ਨੇ ਦਸਿਆ ਕਿ ਸ਼ੱਕੀ ਗਤੀਵਿਧੀਆਂ ਲਈ ਸੀ.ਆਈ.ਐਸ.ਐਫ. ਦੇ ਜਵਾਨਾਂ ਨੇ ਪਹਿਲਾਂ ਵਿਅਕਤੀ ਦੀ ਜਾਂਚ ਕੀਤੀ। ਉਸ ਨੇ ਪਛਾਣ ਸਬੂਤ ਵਜੋਂ ਅਪਣਾ ਪਾਸਪੋਰਟ ਪੇਸ਼ ਕਰਦਿਆਂ ਅਪਣੀ ਪਛਾਣ 67 ਸਾਲ ਦੇ ਰਸ਼ਵਿੰਦਰ ਸਿੰਘ ਸਹੋਤਾ ਵਜੋਂ ਦੱਸੀ। ਅਧਿਕਾਰੀ ਨੇ ਦਸਿਆ ਕਿ ਉਸ ਨੇ ਮੰਗਲਵਾਰ ਨੂੰ ਦਿੱਲੀ ਤੋਂ ਰਵਾਨਾ ਹੋਈ ਏਅਰ ਕੈਨੇਡਾ ਦੀ ਉਡਾਣ ’ਚ ਸਵਾਰ ਹੋਣਾ ਸੀ।
ਉਨ੍ਹਾਂ ਕਿਹਾ, ‘‘ਉਸ ਵਿਅਕਤੀ ਦੀ ਦਿੱਖ, ਆਵਾਜ਼ ਅਤੇ ਚਮੜੀ ਦੀ ਦਿੱਖ ਪਾਸਪੋਰਟ ਵਿਚ ਦਿਤੀ ਗਈ ਚੀਜ਼ ਨਾਲੋਂ ਵੱਖਰੀ ਸੀ ਅਤੇ ਇਹ ਬਹੁਤ ਛੋਟੀ ਉਮਰ ਦੀ ਸੀ। ਨੇੜਿਓਂ ਵੇਖਣ ਤੋਂ ਪਤਾ ਲੱਗਿਆ ਕਿ ਉਸ ਨੇ ਅਪਣੇ ਵਾਲਾਂ ਅਤੇ ਦਾੜ੍ਹੀ ਨੂੰ ਚਿੱਟਾ ਰੰਗ ਦਿਤਾ ਸੀ ਅਤੇ ਬੁੱਢਾ ਦਿਖਣ ਲਈ ਚਸ਼ਮਾ ਵੀ ਪਹਿਨਿਆ ਹੋਇਆ ਸੀ।’’ ਅਧਿਕਾਰੀ ਨੇ ਦਸਿਆ ਕਿ ਅਗਲੇਰੀ ਪੁੱਛ-ਪੜਤਾਲ ਦੌਰਾਨ ਮੁਸਾਫ਼ਰ ਨੇ ਅਪਣੀ ਪਛਾਣ ਗੁਰਸੇਵਕ ਸਿੰਘ (24) ਵਜੋਂ ਦੱਸੀ। ਉਸ ਦੇ ਮੋਬਾਈਲ ਫੋਨ ਤੋਂ ਉਸੇ ਨਾਮ ਦੀ ਪਾਸਪੋਰਟ ਫੋਟੋ ਵੀ ਮਿਲੀ ਸੀ।
ਉਨ੍ਹਾਂ ਕਿਹਾ ਕਿ ਕਿਉਂਕਿ ਇਹ ਮਾਮਲਾ ਜਾਅਲੀ ਪਾਸਪੋਰਟ ਅਤੇ ਦੂਜਿਆਂ ਦੀ ਨਕਲ ਨਾਲ ਸਬੰਧਤ ਹੈ, ਇਸ ਲਈ ਮੁਸਾਫ਼ਰ ਨੂੰ ਉਸ ਦੇ ਸਾਮਾਨ ਸਮੇਤ ਕਾਨੂੰਨੀ ਕਾਰਵਾਈ ਲਈ ਦਿੱਲੀ ਪੁਲਿਸ ਦੇ ਹਵਾਲੇ ਕਰ ਦਿਤਾ ਗਿਆ ਹੈ।