
ਰਾਜਸਥਾਨ ’ਚ ਸਰਕਾਰ ਡੇਗੱਣ ਤੇ ਪਾਰਟੀ ਨੂੰ ਤੋੜਨ ਦੀ ਕੋਸ਼ਿਸ਼ ਕਰਨ ਦੇ ਕਾਂਗਰਸ ਦੇ ਦੋਸ਼ਾਂ ਨੂੰ ਖ਼ਾਰਜ਼ ਕਰਦੇ ਹੋਏ ਭਾਜਪਾ ਨੇ
ਨਵੀਂ ਦਿੱਲੀ, 18 ਜੁਲਾਈ : ਰਾਜਸਥਾਨ ’ਚ ਸਰਕਾਰ ਡੇਗੱਣ ਤੇ ਪਾਰਟੀ ਨੂੰ ਤੋੜਨ ਦੀ ਕੋਸ਼ਿਸ਼ ਕਰਨ ਦੇ ਕਾਂਗਰਸ ਦੇ ਦੋਸ਼ਾਂ ਨੂੰ ਖ਼ਾਰਜ਼ ਕਰਦੇ ਹੋਏ ਭਾਜਪਾ ਨੇ ਸਨਿਚਰਵਾਰ ਨੂੰ ਇਸ ਘਟਨਾ ਨੂੰ ਝੂਠ ਅਤੇ ਫ਼ਰੇਬ ਦੀ ਕਹਾਣੀ ਕਰਾਰ ਦਿਤਾ। ਪਾਰਟੀ ਨੇ ਕਿਹਾ ਕਿ ਸਾਰੀ ਸਾਜਿਸ਼ ਉਨ੍ਹਾਂ ਦੇ (ਕਾਂਗਰਸ) ਘਰ ਵਿਚ ਹੀ ਬਣਾਈ ਜਾ ਰਹੀ ਸੀ ਅਤੇ ਫ਼ੋਨ ਟੈਪਿੰਗ ਕੀਤੇ ਜਾਣ ਸਮੇਤ ਵੱਖ ਵੱਖ ਮਾਮਲਿਆਂ ਦੀ ਸੀਬੀਆਈ ਜਾਂਚ ਕਰਾਈ ਜਾਣੀ ਚਾਹੀਦੀ ਹੈ।
ਭਾਜਪਾ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ, ‘‘ਰਾਜਸਥਾਨ ’ਚ ਕਾਂਗਰਸ ਦਾ ਰਾਜਨਿਤਕ ਨਾਟਕ ਅਸੀਂ ਦੇਖ ਰਹੇ ਹਾਂ। ਸਾਜਿਸ਼, ਝੂਠ, ਫ਼ਰੇਬ ਅਤੇ ਕਾਨੂੰਨ ਦੀ ਉਲੰਘਣਾ ਕਰ ਕੇ ਕਿਵੇਂ ਕੰਮ ਕੀਤਾ ਜਾਂਦਾ ਹੈ, ਇਹ ਉਸਦਾ ਮਿਸ਼ਰਣ ਹੈ।’’ ਉਨ੍ਹਾਂ ਕਿਹਾ ਕਿ ਕੁੱਝ ਆਡੀਉ ਟੇਪ ਜ਼ਰੀਏ ਦੋਸ਼ ਲਾਇਆ ਜਾ ਰਿਹਾ ਹੈ ਕਿ ਭਾਜਪਾ ਵਲੋਂ ਕਾਂਗਰਸ ਪਾਰਟੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਭਾਜਪਾ ਬੁਲਾਰੇ ਨੇ ਕਿਹਾ ਕਿ ਇਸ ਵਿਚ ਕੋਈ ਤੱਥ ਨਹੀਂ ਹੈ ਬਲਕਿ ਸਾਰੀ ਸਾਜਿਸ਼ ਉਨ੍ਹਾਂ ਦੇ ਘਰ ਵਿਚ ਹੀ ਘੜੀ ਜਾ ਰਹੀ ਸੀ।
ਪਾਤਰਾ ਨੇ ਸਵਾਲ ਕੀਤਾ ਕਿ ਕੀ ਰਾਜਸਥਾਨ ’ਚ ਫ਼ੋਨ ਟੈਪਿੰਗ ਕੀਤੀ ਜਾ ਰਹੀ ਸੀ ਅਤੇ ਕੀ ਇਹ ਅਧਿਕਾਰਤ ਪੱਧਰ ’ਤੇ ਕੀਤੀ ਜਾ ਰਹੀ ਸੀ। ਕੀ ਮਾਨਕ ਪ੍ਰਰੀਕਿਰਿਆਵਾਂ ਦੀ ਪਾਲਣਾ ਹੋਈ? ਕੀ ਸਾਰੀਆਂ ਰਾਜਨਿਤਕ ਪਾਰਟੀਆਂ ਦੇ ਸਾਰੇ ਲੋਕਾਂ ਨਾਲ ਇਸ ਪ੍ਰਕਾਰ ਦਾ ਵਿਵਹਾਰ ਕੀਤਾ ਜਾ ਰਿਹਾ ਹੈ? ਇਸ ਨੂੰ ਲੈ ਕੇ ਸੀਬੀਆਈ ਵਲੋਂ ਤਤਕਾਲ ਜਾਂਚ ਹੋਣੀ ਚਾਹੀਦੀ ਹੈ।
File Photo
ਜ਼ਿਕਰਯੋਗ ਹੈ ਕਿ ਰਾਜਸਥਾਨ ’ਚ ਜਾਰੀ ਸਿਆਸੀ ਸੰਕਟ ਵਿਚਾਲੇ ਆਡੀਉ ਕਲਿੱਪ ਸਾਹਮਣੇ ਆਈ ਹੈ। ਇਸ ਟੇਪ ਦਾ ਹਵਾਲਾ ਦੇ ਕੇ ਕਾਂਗਰਸ ਨੇ ਰਾਜਸਥਾਨ ’ਚ ਸਰਕਾਰ ਡੇਗੱਣ ਲਈ ਖ਼ਰੀਦੋ ਫ਼ਿਰੋਖ਼ਤ ਦੀ ਕੋਸ਼ਿਸ਼ ਹੋਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ , ‘‘ਕੱਲ ਅਸ਼ੋਕ ਗਹਿਲੋਤ ਨੇ ਖ਼ੁਦ ਮੀਡੀਆ ਦੇ ਸਾਹਮਣੇ ਆ ਕੇ ਕਿਹਾ ਕਿ 18 ਮਹੀਨੇ ਤੋਂ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਵਿਚਕਾਰ ਗੱਲਬਾਤ ਨਹੀਂ ਹੋ ਰਹੀ ਸੀ।’’ ਕਾਂਗਰਸ ਦੇ ਹਮਲਾ ਕਰਦੇ ਹੋਏ ਕਿ ਉਨ੍ਹਾਂ ਕਿਹਾ ਕਿ ਘਰ ਦੀ ਲੜਾਈ, ਸੜਕਾਂ ’ਤੇ ਚਲੀ ਆਈ, ਸੜਕ ਦੀ ਲੜਾਈ ਹਾਈਕਮਾਨ ਦੇ ਕੋਲ ਪੁੱਜੀ ਅਤੇ ਹਾਈਕਮਾਨ ਤੋਂ ਇਹ ਮਾਮਲਾ ਅਦਾਤਕ ਤਕ ਪਹੁੰਚ ਗਿਆ। (ਪੀਟੀਆਈ)
ਕਾਂਗਰਸ ਦੀ ਆਪਸੀ ਲੜਾਈ ਦਾ ਨੁਕਸਾਨ ਰਾਜਸਥਾਨ ਦੀ ਜਨਤਾ ਨੂੰ ਹੋ ਰਿਹੈ : ਵਸੁੰਧਰਾ ਰਾਜੇ
ਜੈਪੁਰ, 18 ਜੁਲਾਈ : ਰਾਜਸਥਾਨ ਦੀ ਰਾਜਨਿਤਕ ਘਟਨਾਵਾਂ ਦੌਰਾਨ ਅਪਣੀ ਚੁੱਪੀ ਤੋੜਦੇ ਹੋਏ ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਦੀ ਰਾਸ਼ਟਰੀ ਉਪ ਪ੍ਰਧਾਨ ਵਸੁੰਧਰਾ ਰਾਜੇ ਨੇ ਸਨਿਚਰਵਾਰ ਨੂੰ ਕਿਹਾ ਕਿ ਕਾਂਗਰਸ ਦੀ ਆਪਸੀ ਲੜਾਈ ਦਾ ਨੁਸਾਨ ਸੂਬੇ ਦੇ ਆਮ ਨਾਗਰਿਕਾਂ ਨੂੰ ਹੋ ਰਿਹਾ ਹੈ। ਸੂਬੇ ’ਚ ਜਾਰੀ ਸਿਆਸੀ ਸੰਕਟ ਤੇ ਕਾਂਗਰਸ ਵਲੋਂ ਭਾਜਪਾ ਆਗੁਟਾ ’ਤੇ ਦੋਸ਼ ਵਿਚਾਲੇ ਵਸੁੰਧਰਾ ਰਾਜੇ ਨੇ ਪਹਿਲੀ ਵਾਰ ਕੋਈ ਬਿਆਨ ਦਿਤਾ ਹੈ।
File Photo
ਰਾਜੇ ਨੇ ਪਹਿਲੇ ਟਵੀਟ ਕਰ ਕੇ ਕਿਹਾ, ‘‘ਇਹ ਬਦਕਿਸਮਤੀ ਹੈ ਕਿ ਕਾਂਗਰਸ ਦੀ ਆਪਸੀ ਲੜਾਈ ਦਾ ਨੁਕਸਾਨ ਅੱਜ ਰਾਜਸਥਾਨ ਦੀ ਜਨਤਾ ਨੂੰ ਚੁਕਣਾ ਪੈ ਰਿਹਾ ਹੈ।’’ ਉਨ੍ਹਾਂ ਕਿਹਾ, ‘‘ਅਜਿਹੇ ਸਮੇਂ ’ਚ ਜਦੋਂ ਸੂਬੇ ’ਚ ਕੋਰੋਨਾ ਕਾਰਨ 500 ਤੋਂ ਵੱਧ ਮੌਤਾਂ ਹੋ ਚੁਕਿਆਂ ਹਨ ਅਤੇ ਕਰੀਬ 26000 ਲੋਕ ਪੀੜਤ ਹੋ ਚੁੱਕੇ ਹਨ। ਜਦੋਂ ਟਿੱਡੀਆਂ ਸਾਡੇ ਕਿਸਾਨਾਂ ਦੇ ਖੇਤਾਂ ’ਤੇ ਲਗਾਤਾਰ ਹਮਲੇ ਕਰ ਰਹੀਆਂ ਹਨ। ਅਜਿਹੇ ਸਮੇਂ ’ਚ ਕਾਂਗਰਸ ਭਾਜਪਾ ਤੇ ਭਾਜਪਾ ਦੀ ਅਗਵਾਈ ’ਤੇ ਦੋਸ਼ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।’’ (ਪੀਟੀਆਈ)