
'ਦੁੱਧ ਅਤੇ ਦਹੀਂ 'ਤੇ ਜੀਐਸਟੀ ਵਾਪਸ ਲਓ' ਦੇ ਲਗਾਏ ਨਾਹਰੇ
ਨਵੀਂ ਦਿੱਲੀ : ਰਾਹੁਲ ਗਾਂਧੀ ਸਮੇਤ ਕਾਂਗਰਸ ਅਤੇ ਹੋਰ ਸਹਿਯੋਗੀ ਪਾਰਟੀਆਂ ਦੇ ਆਗੂਆਂ ਵਲੋਂ ਵੱਧ ਰਹੀ ਮਹਿੰਗਾਈ ਦੇ ਵਿਰੋਧ ਵਿਚ ਸੰਸਦ ਭਵਨ ਕੰਪਲੈਕਸ 'ਚ ਧਰਨਾ ਪ੍ਰਦਰਸ਼ਨ ਕੀਤਾ ਗਿਆ। ਜ਼ਰੂਰੀ ਭੋਜਨ ਖਾਣ-ਪੀਣ ਦੀਆਂ ਚੀਜ਼ਾਂ 'ਤੇ ਜੀਐਸਟੀ ਲਗਾਉਣ ਦੇ ਚਲਦੇ ਮੰਗਲਵਾਰ ਯਾਨੀ ਅੱਜ ਧਰਨਾ ਦਿਤਾ ਗਿਆ।
GST
ਦੱਸ ਦੇਈਏ ਕਿ GST ਦੇ ਦਾਇਰੇ ਵਿਚ ਆਉਣ ਕਾਰਨ ਆਟੇ ਸਮੇਤ ਕਈ ਜ਼ਰੂਰੀ ਭੋਜਨ ਪਦਾਰਥ ਅਤੇ ਡੱਬਾ ਬੰਦ ਚੀਜ਼ਾਂ ਮਹਿੰਗੀਆਂ ਹੋ ਗਈਆਂ ਹਨ। ਧਰਨੇ ਦੌਰਾਨ ਇਨ੍ਹਾਂ ਨੇ ਆਪਣੇ ਹੱਥ ਵਿਚ ਇੱਕ ਬੈਨਰ ਵੀ ਚੁੱਕਿਆ ਹੋਇਆ ਸੀ ਜਿਸ 'ਤੇ ਗੈਸ ਸਿਲੰਡਰ ਦੀ ਤਸਵੀਰ ਸੀ ਅਤੇ ਲਿਖਿਆ ਸੀ, ''ਮਹਿੰਗਾਈ ਵਧਣ ਕਾਰਨ ਆਮ ਨਾਗਰਿਕਾਂ ਦਾ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ, ਉਹ ਕਿਵੇਂ ਜਿਊਣਗੇ?''
protest
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਤੋਂ ਇਲਾਵਾ ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਮੱਲਿਕਾਰਜੁਨ ਖੜਗੇ, ਲੋਕ ਸਭਾ 'ਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ, ਸਮਾਜਵਾਦੀ ਪਾਰਟੀ ਦੇ ਰਾਮ ਗੋਪਾਲ ਯਾਦਵ, ਰਾਸ਼ਟਰਵਾਦੀ ਕਾਂਗਰਸ ਪਾਰਟੀ ਦੀ ਸੁਪ੍ਰਿਆ ਸੁਲੇ, ਸ਼ਿਵ ਸੈਨਾ ਦੀ ਸੰਸਦ ਮੈਂਬਰ ਪ੍ਰਿਅੰਕਾ ਚਤੁਰਵੇਦੀ ਅਤੇ ਕਈ ਹੋਰ ਵਿਰੋਧੀ ਧਿਰਾਂ ਦੇ ਸਾਂਸਦ ਇਸ ਧਰਨੇ ਵਿੱਚ ਸ਼ਾਮਲ ਹੋਏ।
GST
ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ 'ਦੁੱਧ ਅਤੇ ਦਹੀਂ 'ਤੇ ਜੀਐਸਟੀ ਵਾਪਸ ਲਓ' ਦੇ ਨਾਹਰੇ ਵੀ ਲਗਾਏ। ਜੀਐਸਟੀ ਕੌਂਸਲ ਦੇ ਫੈਸਲੇ ਦੇ ਲਾਗੂ ਹੋਣ ਤੋਂ ਬਾਅਦ ਸੋਮਵਾਰ ਤੋਂ ਕਈ ਖਾਣ-ਪੀਣ ਦੀਆਂ ਵਸਤੂਆਂ ਮਹਿੰਗੀਆਂ ਹੋ ਗਈਆਂ ਹਨ। ਇਨ੍ਹਾਂ ਵਿੱਚ ਆਟਾ, ਪਨੀਰ ਅਤੇ ਦਹੀ ਵਰਗੀਆਂ ਪ੍ਰੀ-ਪੈਕ ਕੀਤੀਆਂ ਅਤੇ ਲੇਬਲ ਵਾਲੀਆਂ ਖਾਣ-ਪੀਣ ਵਾਲੀਆਂ ਵਸਤੂਆਂ ਸ਼ਾਮਲ ਹਨ, ਜਿਨ੍ਹਾਂ 'ਤੇ 5% ਜੀ.ਐੱਸ.ਟੀ. ਲਾਗੂ ਕਰ ਦਿਤਾ ਗਿਆ ਹੈ।