
ਪੈਸਾ ਵਾਪਸ ਕਰਨ ਲਈ ਅਮਿਤ ਸ਼ਾਹ ਵਲੋਂ ਪੋਰਟਲ ਦੀ ਸ਼ੁਰੂਆਤ
ਨਵੀਂ ਦਿੱਲੀ- ਗ੍ਰਹਿ ਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ‘ਸੀਆਰਸੀਐਸ-ਸਹਾਰਾ ਰਿਫ਼ੰਡ ਪੋਰਟਲ’ ਦੀ ਸ਼ੁਰੂਆਤ ਕੀਤੀ। ਇਸ ਪੋਰਟਲ ਦਾ ਮਕਸਦ ਸਹਾਰਾ ਗਰੁਪ ਦੀ ਚਾਰ ਸਹਿਕਾਰੀ ਕਮੇਟੀਆਂ ’ਚ ਜਮ੍ਹਾਂ ਕਰੋੜਾਂ ਲੋਕਾਂ ਦੀ ਮਿਹਨਤ ਦੀ ਕਮਾਈ ਨੂੰ ਲਗਭਗ 45 ਦਿਨਾਂ ਵਿਚ ਵਾਪਸ ਕਰਨਾ ਹੈ। ਉਨ੍ਹਾਂ ਨੇ ਇਸ ਨੂੰ ਇਤਿਹਾਸਕ ਪਲ ਦੱਸਦੇ ਹੋਏ ਕਿਹਾ ਕਿ ਪਹਿਲੀ ਵਾਰ ਹੈ ਜਦੋਂ ਜਮ੍ਹਾਂ ਕਰਤਾਵਾਂ ਨੂੰ ਅਜਿਹੇ ਮਾਮਲਿਆਂ ਵਿਚ ਉਨ੍ਹਾਂ ਦੀ ਰਕਮ ਵਾਪਸ ਮਿਲ ਰਹੀ ਹੈ, ਜਿਥੇ ਕਈ ਸਰਕਾਰੀ ਏਜੰਸੀਆਂ ਸ਼ਾਮਲ ਹਨ ਹਰ ਇਕ ਨੇ ਜਾਇਦਾਦ ਜ਼ਬਤ ਕੀਤੀ ਹੈ।
ਸ਼ਾਹ ਨੇ ਨਿਵੇਸ਼ਕਾਂ ਨੂੰ ਭਰੋਸਾ ਦਿਤਾ ਕਿ ਹੁਣ ਉਨ੍ਹਾਂ ਦਾ ਧਨ ਕੋਈ ਨਹੀਂ ਰੋਕ ਸਕਦਾ ਹੈ ਤੇ ਪੋਰਟਲ ’ਤੇ ਰਜਿਸਟਰੇਸ਼ਨ ਕਰਨ ਦੇ 45 ਦਿਨਾਂ ਵਿਚ ਉਨ੍ਹਾਂ ਨੂੰ ਰਿਫ਼ੰਡ ਮਿਲ ਜਾਵੇਗਾ। ਸਰਕਾਰ ਨੇ 29 ਮਾਰਚ ਨੂੰ ਕਿਹਾ ਸੀ ਕਿ ਚਾਰੇ ਸਹਿਕਾਰੀ ਕਮੇਟੀਆਂ ਦੇ 10 ਕਰੋੜ ਨਿਵੇਸ਼ਕਾਂ ਨੂੰ 9 ਮਹੀਨੇ ਦੇ ਅੰਦਰ ਪੈਸਾ ਵਾਪਸ ਕਰ ਦਿਤਾ ਜਾਵੇਗਾ। ਇਹ ਐਲਾਨ ਸੁਪਰੀਮ ਕੋਰਟ ਦੇ ਉਸ ਹੁਕਮ ਤੋਂ ਬਾਅਦ ਹੋਇਆ ਜਿਸ ਵਿਚ ਸਹਾਰਾ-ਸੈਬੀ ਰਿਫ਼ੰਡ ਖਾਤੇ ਤੋਂ 5000 ਕਰੋੜ ਰੁਪਏ ਸਹਿਕਾਰੀ ਕਮੇਟੀਆਂ ਦੇ ਸੀਆਰਸੀਐਸ ਨੂੰ ਟਰਾਂਸਫਰ ਕਰਨ ਦਾ ਨਿਰਦੇਸ਼ ਦਿਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਸ਼ੁਰੂਆਤ ਵਿਚ ਜਮ੍ਹਾਂ ਕਰਤਾਵਾਂ ਨੂੰ 10,000 ਰੁਪਏ ਤਕ ਦਾ ਰਿਫ਼ੰਡ ਮਿਲੇਗਾ ਅਤੇ ਬਾਅਦ ਵਿਚ ਉਨ੍ਹਾਂ ਲੋਕਾਂ ਲਈ ਰਾਸ਼ੀ ਵਧਾਈ ਜਾਵੇਗੀ ਜਿਨ੍ਹਾਂ ਨੇ ਜ਼ਿਆਦਾ ਨਿਵੇਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ 5000 ਕਰੋੜ ਰੁਪਏ ਦਾ ਫ਼ੰਡ ਪਹਿਲੇ ਪੜਾਅ ਵਿਚ 1.7 ਕਰੋੜ ਨਿਵੇਸ਼ਕਾਂ ਨੂੰ ਰਾਹਤ ਦੇਣ ਵਿਚ ਸਮਰੱਥ ਹੋਵੇਗਾ।
ਪੋਰਟਲ ਨੂੰ ਲਾਂਚ ਕਰਦੇ ਹੋਏ ਅਮਿਤ ਸ਼ਾਹ ਨੇ ਕਿਹਾ, ਮੋਦੀ ਸਰਕਾਰ ਨੇ ਛੋਟੇ ਨਿਵੇਸ਼ਕਾਂ ਦਾ ਧਿਆਨ ਰਖਿਆ। ਸਹਾਰਾ ਰਿਫ਼ੰਡ ਪੋਰਟਲ ਇਕ ਪਾਰਦਰਸ਼ੀ ਸਾਧਨ ਬਣ ਗਿਆ ਹੈ। ਇਸ ਤੋਂ 5000 ਕਰੋੜ ਰੁਪਏ ਵਾਪਸ ਆਉਣਗੇ। ਇਸ ਦੇ ਨਾਲ ਹੀ 1 ਕਰੋੜ ਲੋਕਾਂ ਨੂੰ ਸ਼ੁਰੂਆਤੀ ਤੌਰ ਤੇ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਇਹ ਇਕ ਮਹੱਤਵਪੂਰਨ ਪ੍ਰੋਗਰਾਮ ਹੈ, ਜਿਸ ਵਿਚ ਉਨ੍ਹਾਂ ਕੋਰੜਾਂ ਲੋਕਾਂ ਲਈ ਕਾਨੂੰਨੀ ਲੜਾਈ ਸ਼ੁਰੂ ਹੋ ਗਈ ਹੈ, ਜਿਨ੍ਹਾਂ ਦੀ ਮਿਹਨਤ ਦੀ ਕਮਾਈ ਸਹਿਕਾਰੀ ਸਭਾ ਵਿਚ ਫਸ ਗਈ ਹੈ।