ਫਿਲਹਾਲ ਇਸ ਘਟਨਾ 'ਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ
Gujarat News : ਗੁਜਰਾਤ ਦੇ ਵਲਸਾਡ ਅਤੇ ਸੂਰਤ ਸਟੇਸ਼ਨ ਵਿਚਾਲੇ ਸ਼ੁੱਕਰਵਾਰ ਨੂੰ ਇਕ ਮਾਲ ਗੱਡੀ ਦਾ ਡੱਬਾ ਪਟੜੀ ਤੋਂ ਉਤਰ ਗਿਆ। ਫਿਲਹਾਲ ਇਸ ਘਟਨਾ 'ਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ। ਪੱਛਮੀ ਰੇਲਵੇ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਦੁਪਹਿਰ 3 ਵਜੇ ਦੇ ਕਰੀਬ ਡੂੰਗਰੀ ਸਟੇਸ਼ਨ ਨੇੜੇ ਵਾਪਰੀ ਇਸ ਘਟਨਾ ਕਾਰਨ ਰੂਟ 'ਤੇ ਰੇਲ ਆਵਾਜਾਈ ਪ੍ਰਭਾਵਿਤ ਹੋਈ ਹੈ, ਜਿਸ ਨੂੰ ਹੱਲ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਮਾਲ ਗੱਡੀ ਸੂਰਤ ਵੱਲ ਜਾ ਰਹੀ ਸੀ।
ਮੁੰਬਈ-ਅਹਿਮਦਾਬਾਦ ਟਰੰਕ ਰੂਟ 'ਤੇ ਇਹ ਹਾਦਸਾ ਉਸ ਸਮੇਂ ਵਾਪਰਿਆ ,ਜਦੋਂ ਕੇਂਦਰੀ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਇੱਥੇ ਪੱਛਮੀ ਰੇਲਵੇ ਹੈੱਡਕੁਆਰਟਰ 'ਚ ਰੇਲਵੇ ਸੁਰੱਖਿਆ ਅਤੇ ਹੋਰ ਮੁੱਦਿਆਂ ਦੀ ਸਮੀਖਿਆ ਕਰ ਰਹੇ ਸਨ।
ਇੱਕ ਦਿਨ ਪਹਿਲਾਂ ਗੋਂਡਾ ਵਿੱਚ ਵਾਪਰਿਆ ਸੀ ਰੇਲ ਹਾਦਸਾ
ਦੱਸ ਦੇਈਏ ਕਿ ਇਸ ਤੋਂ ਇੱਕ ਦਿਨ ਪਹਿਲਾਂ ਵੀਰਵਾਰ ਨੂੰ ਉੱਤਰ ਪ੍ਰਦੇਸ਼ ਦੇ ਗੋਂਡਾ ਜ਼ਿਲ੍ਹੇ ਵਿੱਚ ਚੰਡੀਗੜ੍ਹ ਤੋਂ ਡਿਬਰੂਗੜ੍ਹ ਜਾ ਰਹੀ ਇੱਕ ਰੇਲਗੱਡੀ ਦੇ ਕੁਝ ਡੱਬੇ ਪਟੜੀ ਤੋਂ ਉਤਰ ਗਏ ਸਨ, ਜਿਸ ਵਿੱਚ ਚਾਰ ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਮ੍ਰਿਤਕਾਂ ਤੋਂ ਇਲਾਵਾ ਹੋਰ ਵੀ ਕਈ ਜ਼ਖਮੀ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਰੇਲ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ
ਇਸ ਤੋਂ ਪਹਿਲਾਂ ਤਿੰਨ ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਗਈ ਸੀ ਪਰ ਹਾਦਸੇ ਵਾਲੀ ਥਾਂ 'ਤੇ ਕੋਚ ਦੇ ਹੇਠਾਂ ਤੋਂ ਇਕ ਹੋਰ ਲਾਸ਼ ਬਰਾਮਦ ਕੀਤੀ ਗਈ ਸੀ। ਹਾਲਾਂਕਿ ਅਜੇ ਤੱਕ ਉਸ ਦੀ ਪਛਾਣ ਨਹੀਂ ਹੋ ਸਕੀ ਹੈ। ਇਸ ਤਰ੍ਹਾਂ ਕੁੱਲ ਮਰਨ ਵਾਲਿਆਂ ਦੀ ਗਿਣਤੀ ਚਾਰ ਹੋ ਗਈ ਹੈ।