
ਮਦਦ ਪ੍ਰਾਪਤ ਲਈ ਸਾਰੀਆਂ ਰਸਮੀ ਕਾਰਵਾਈਆਂ ਪੂਰੀਆਂ ਕਰਨ ਦੇ ਬਾਵਜੂਦ ਖੁੱਲ੍ਹੇ ਆਸਮਾਨ ਹੇਠਾਂ ਰਹਿਣ ਲਈ ਮਜਬੂਰ ਹੈ ਪ੍ਰਵਾਰ
ਭੱਦਰਵਾਹ/ਜੰਮੂ: ਸਰਦੀ ਦਾ ਮੌਸਮ ਨੇੜੇ ਆਉਣ ਦੇ ਨਾਲ ਹੀ ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ਦੇ ਵਿਜੈ ਕੁਮਾਰ ਦਾ ਪ੍ਰਵਾਰ ਭੂਚਾਲ ਕਾਰਨ ਨੁਕਸਾਨੇ ਗਏ ਅਪਣੇ ਮਿੱਟੀ ਦੇ ਘਰ ਦੀ ਮੁੜਉਸਾਰੀ ਲਈ ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਰਿਹਾਇਸ਼ ਯੋਜਨਾ (ਪੀ.ਐਮ.ਏ.ਵਾਈ.) ਹੇਠ ਮਿਲਣ ਵਾਲੀ ਮਦਦ ਦੀ ਉਡੀਕ ਕਰ ਰਿਹਾ ਹੈ।
ਭੱਦਰਵਾਹ ਵਾਦੀ ’ਚ ਅੱਠ ਅਗੱਸਤ ਨੂੰ ਆਏ ਭੂਚਾਲ ਕਾਰਨ ਕੁਰਸਾਰੀ ਪੰਚਾਇਤ ਦੇ ਦੂਰ-ਦੁਰਾਡੇ ਸਥਿਤ ਲਾਮੋਟੇ ਪਿੰਡ ’ਚ ਇਹ ਘਰ ਢਹਿ ਗਿਆ, ਜਿਸ ਤੋਂ ਬਾਅਦ ਤੋਂ ਕੁਮਾਰ ਦੀ ਸੱਤ ਮਹੀਨਿਆਂ ਦੀ ਗਰਭਵਤੀ ਪਤਨੀ ਸ਼ਿਸ਼ੂ ਦੇਵੀ (29) ਅਤੇ ਉਨ੍ਹਾਂ ਦੇ ਦੋ ਅਪਾਹਜ ਰਿਸ਼ਤੇਦਾਰ ਲਗਭਗ ਖੁੱਲ੍ਹੇ ਆਸਮਾਨ ਹੇਠਾਂ ਰਹਿਣ ਲਈ ਮਜਬੂਰ ਹਨ।
ਕੁਮਾਰ ਇਕ ਡਰਾਈਵਰ ਵਜੋਂ ਕੰਮ ਕਰਦਾ ਹੈ ਅਤੇ ਰੋਜ਼ੀ-ਰੋਟੀ ਦੀ ਭਾਲ ’ਚ ਜ਼ਿਆਦਾਤਰ ਅਪਣੇ ਜੱਦੀ ਸ਼ਹਿਰ ਤੋਂ ਬਾਹਰ ਰਹਿੰਦਾ ਹੈ।
ਨੁਕਸਾਨੇ ਘਰ ਦੇ ਇਕ ਹਿੱਸੇ ’ਚ ਰਹਿਣ ਵਾਲੀ ਸ਼ਿਸ਼ੂ ਦੇਵੀ ਨੇ ਪੀ.ਟੀ.ਆਈ. ਨੂੰ ਕਿਹਾ, ‘‘ਅਸੀਂ ਦੋ ਸਾਲ ਪਹਿਲਾਂ ਪੱਕਾ ਘਰ ਬਣਾਉਣ ਲਈ ਪ੍ਰਧਾਨ ਮੰਤਰੀ ਰਿਹਾਇਸ਼ ਯੋਜਨਾ ਲਈ ਬਿਨੈ ਕੀਤਾ ਸੀ। ਵਿੱਤੀ ਮਦਦ ਪ੍ਰਾਪਤ ਕਰਨ ਲਈ ਸਾਰੀਆਂ ਜ਼ਰੂਰੀ ਰਸਮੀ ਕਾਰਵਾਈਆਂ ਪੂਰੀਆਂ ਕਰਨ ਦੇ ਬਾਵਜੂਦ ਸਾਡੀ ਦਰਖ਼ਾਸਤ ’ਤੇ ਅਜੇ ਤਕ ਧਿਆਨ ਨਹੀਂ ਦਿਤਾ ਗਿਆ।’’
ਉਨ੍ਹਾਂ ਪੀ.ਐਮ.ਏ.ਵਾਈ. ਹੇਠ ਸਮੇਂ ਸਿਰ ਮਦਦ ਨਾ ਮਿਲਣ ਅਤੇ ਅਪਣੀ ਬੁਰੀ ਹਾਲਤ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਜ਼ਿਮੇਵਾਰ ਠਹਿਰਾਉਂਦਿਆਂ ਕਿਹਾ ਕਿ ਉਨ੍ਹਾਂ ਦਾ ਪ੍ਰਵਾਰ ਆਉਣ ਵਾਲੀਆਂ ਸਰਦੀਆਂ ਨੂੰ ਵੇਖਦਿਆਂ ਅਪਣੀ ਸੁਰੱਖਿਆ ਨੂੰ ਲੈ ਕੇ ਬਹੁਤ ਫ਼ਿਕਰਮੰਦ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਪਰਿਵਾਰ ਲਈ ਪੱਕੀ ਛੱਤ ਦਾ ਪ੍ਰਬੰਧ ਕਰਨ ਦੀਆਂ ਉਨ੍ਹਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਵਿਅਰਥ ਗਈਆਂ ਕਿਉਂਕਿ ਪੰਚਾਇਤੀ ਰਾਜ ਸੰਸਥਾਵਾਂ (ਪੀ.ਆਰ.ਆਈ.) ਦੇ ਮੈਂਬਰਾਂ ਤੋਂ ਲੈ ਕੇ ਸਿਆਸੀ ਨੁਮਾਇੰਦਿਆਂ ਅਤੇ ਸਰਕਾਰੀ ਅਧਿਕਾਰੀਆਂ ਤਕ ਦਰਵਾਜ਼ਾ ਖੜਕਾਉਣ ਦੇ ਬਾਵਜੂਦ ਕੋਈ ਸੁਣਵਾਈ ਨਹੀਂ ਹੋਈ।
ਦੇਵੀ ਨੇ ਕਿਹਾ, ‘‘ਜੇਕਰ ਮੇਰੇ ਪਰਿਵਾਰ ਦੇ ਕਿਸੇ ਵੀ ਮੈਂਬਰ ਨਾਲ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਸਬੰਧਤ ਅਧਿਕਾਰੀ ਜ਼ਿੰਮੇਵਾਰ ਹੋਣਗੇ।’’
ਭੱਦਰਵਾਹ ਦੇ ਵਧੀਕ ਡਿਪਟੀ ਕਮਿਸ਼ਨਰ (ਏ.ਡੀ.ਸੀ.) ਦਿਲਮੀਰ ਚੌਧਰੀ ਨੇ ਦਸਿਆ ਕਿ ਵਿੱਤੀ ਵਰ੍ਹੇ 2022-23 ਲਈ ਭੱਦਰਵਾਹ ਬਲਾਕ ਦੀਆਂ 30 ਪੰਚਾਇਤਾਂ ’ਚ 1,523 ਲਾਭਪਾਤਰੀਆਂ ਦੇ ਟੀਚੇ ਦੇ ਮੁਕਾਬਲੇ, 1,118 ਮਾਮਲੇ ਪੀ.ਐਮ.ਏ.ਵਾਈ. ਅਧੀਨ ਵਿਚਾਰੇ ਗਏ ਸਨ, ਪਰ ਇਨ੍ਹਾਂ ’ਚੋਂ 209 ਜਾਅਲੀ ਪਾਏ ਗਏ ਸਨ। ਕੇਸਾਂ ਨੂੰ ਬਾਅਦ ’ਚ ਖਾਰਜ ਕਰ ਦਿਤਾ ਗਿਆ।
ਬਹੁਤ ਸਾਰੇ ਲਾਭਪਾਤਰੀਆਂ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਯੋਜਨਾ ਹੇਠ ਜਾਰੀ ਰਕਮ ਦੀ ਪਹਿਲੀ ਕਿਸਤ ਮਿਲ ਗਈ ਹੈ, ਪਰ ਦੂਜੀ ਕਿਸਤ ਬਕਾਇਆ ਹੈ।
ਸੁਸ਼ਮਾ ਦੇਵੀ (43) ਅਤੇ ਉਸ ਦਾ ਛੋਟਾ ਭਰਾ ਨਰੇਸ਼ ਕੁਮਾਰ (35) ਉਸ ਸਮੇਂ ਵਾਲ-ਵਾਲ ਬਚ ਗਏ, ਜਦੋਂ ਭੂਚਾਲ ਕਾਰਨ ਉਨ੍ਹਾਂ ਦਾ ਘਰ ਢਹਿ ਗਿਆ। ਦੋਵੇਂ ਵਿਅਕਤੀ ਅਪਾਹਜ ਹਨ।
ਕੁਮਾਰ ਨੇ ਕਿਹਾ, ‘‘ਜਦੋਂ ਭੂਚਾਲ ਆਇਆ ਤਾਂ ਮੈਂ ਸੌਂ ਰਿਹਾ ਸੀ ਅਤੇ ਅਚਾਨਕ ਕੰਧ ਅਤੇ ਛੱਤ ਤੋਂ ਮਿੱਟੀ ਮੇਰੇ ’ਤੇ ਡਿੱਗ ਗਈ। ਮੈਂ ਭੱਜ ਨਹੀਂ ਸਕਿਆ ਅਤੇ ਸੋਚਿਆ ਕਿ ਅਸੀਂ ਮਲਬੇ ਹੇਠਾਂ ਦੱਬ ਜਾਵਾਂਗੇ ਪਰ ਨੀਸ਼ੂ ਦੇਵੀ ਨੇ ਮੈਨੂੰ ਘਰੋਂ ਬਾਹਰ ਕੱਢ ਲਿਆ। ਅਸੀਂ ਵਾਲ-ਵਾਲ ਬਚ ਗਏ ਕਿਉਂਕਿ ਕੁਝ ਹੀ ਮਿੰਟਾਂ ’ਚ ਸਾਡਾ ਘਰ ਢਹਿ ਗਿਆ।’’
ਕੁਮਾਰ ਨੇ ਉਮੀਦ ਜ਼ਾਹਰ ਕੀਤੀ ਕਿ ਅਧਿਕਾਰੀ ਪਰਿਵਾਰ ’ਤੇ ਕੁਝ ਰਹਿਮ ਕਰਨਗੇ ਅਤੇ ਉਨ੍ਹਾਂ ਦੇ ਹੱਕ ਵਿਚ ਯੋਜਨਾ ਨੂੰ ਮਨਜ਼ੂਰੀ ਦੇਣਗੇ।