
ਪ੍ਰਸ਼ੰਸਕਾਂ ਨੇ ਅਈਅਰ ਨੂੰ ਟੀਮ ’ਚ ਜਗ੍ਹਾ ਨਾ ਦਿੱਤੇ ਜਾਣ ’ਤੇ ਚੁੱਕੇ ਸਵਾਲ
ਨਵੀਂ ਦਿੱਲੀ : ਏਸ਼ੀਆ ਕ੍ਰਿਕਟ ਕੱਪ 2025 ਲਈ 19 ਅਗਸਤ ਦਿਨ ਮੰਗਲਵਾਰ ਨੂੰ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਟੀਮ ਦੀ ਕਪਤਾਨੀ ਸੂਰਿਆ ਕੁਮਾਰ ਯਾਦਵ ਨੂੰ ਸੌਂਪੀ ਗਈ ਹੈ ਜਦਕਿ ਸ਼ੁਭਮਨ ਗਿੱਲ ਨੂੰ ਟੀਮ ਦਾ ਉਪ ਕਪਤਾਨ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਟੀਮ ਵਿਚ ਸੰਜੂ ਸੈਮਨ, ਹਰਸ਼ਿਤ ਰਾਣਾ ਵਰਗੇ ਖਿਡਾਰੀ ਆਪਣੀ ਜਗ੍ਹਾ ਬਣਾਉਣ ’ਚ ਸਫ਼ਲ ਹੋਏ ਹਨ। ਜਦਕਿ ਸੁਰੇਸ਼ ਅਈਅਰ, ਯਸ਼ਵੀ ਜਾਇਸਵਾਲ ਅਤੇ ਮੁਹੰਮਦ ਸਿਰਾਜ ਨੂੰ ਟੀਮ ਵਿਚ ਜਗ੍ਹਾ ਨਹੀਂ ਦਿੱਤੀ ਗਈ। ਇਨ੍ਹਾਂ ਤਿੰਨ ਖਿਡਾਰੀਆਂ ਨੂੰ ਟੀਮ ਵਿਚ ਜਗ੍ਹਾ ਨਾ ਦਿੱਤੇ ਜਾਣ ਕਾਰਨ ਸ਼ੋਸ਼ਲ ਮੀਡੀਆ ’ਤੇ ਇਕ ਤੂਫਾਨ ਜਿਹਾ ਆਇਆ ਹੋਇਆ ਹੈ। ਭਾਰਤੀ ਟੀਮ ਦੇ ਕੁੱਝ ਪ੍ਰਸੰਸ਼ਕਾਂ ਵੱਲੋਂ ਚੁਣੀ ਗਈ ਟੀਮ ਨੂੰ ਵਧੀਆ ਮੰਨਿਆ ਜਾ ਰਿਹਾ ਹੈ ਜਦਕਿ ਕੁੱਝ ਪ੍ਰਸੰਸਕ ਚੁਣੀ ਹੋਈ ਟੀਮ ’ਤੇ ਸਵਾਲ ਚੁੱਕੇ ਰਹੇ ਹਨ।
ਏਸ਼ੀਆ ਕੱਪ ਲਈ ਟੀਮ ਚੁਣੇ ਜਾਣ ਤੋਂ ਪਹਿਲਾਂ ਚਰਚਾ ਸੀ ਕਿ ਸੁਰੇਸ਼ ਅਈਅਰ ਨੂੰ ਟੀਮ ’ਚ ਜ਼ਰੂਰ ਜਗ੍ਹਾ ਦਿੱਤੀ ਜਾਵੇਗੀ। ਜਦਕਿ ਰਿਪੋਰਟਾਂ ’ਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਟੀਮ ਸਿਲੈਕਸ਼ਨ ਕਮੇਟੀ ਨੇ ਯੂਏਈ ਦੀਆਂ ਪ੍ਰਸਥਿਤੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਮੱਧਕ੍ਰਮ ’ਚ ਇਕ ਅਜਿਹੇ ਬੱਲੇਬਾਜ਼ ਨੂੰ ਮੌਕਾ ਦਿੱਤਾ ਹੈ ਜੋ ਗੇਮ ਨੂੰ ਚਲਾ ਸਕੇ। ਪ੍ਰੰਤੂ ਸੁਰੇਸ਼ ਅਈਅਰ ਨੂੰ ਮੌਕਾ ਨਾ ਦਿੱਤੇ ਜਾਣ ਕਾਰਨ ਕੁੱਝ ਪ੍ਰਸੰਸਕਾਂ ਵੱਲੋਂ ਸਵਾਲ ਚੁੱਕੇ ਜਾ ਰਹੇ ਹਨ।