
ਕਾਲੀ ਸਕਾਰਪੀਓ 'ਚ ਆਏ ਸਨ ਸ਼ੂਟਰ, ਸੰਦੀਪ ਬਿਸ਼ਨੋਈ ਦੇ ਮਾਰੀਆਂ 9 ਗੋਲੀਆਂ
ਨਾਗੌਰ: ਰਾਜਸਥਾਨ ਦੇ ਨਾਗੌਰ ਕੋਰਟ ਕੰਪਲੈਕਸ 'ਚ ਸੋਮਵਾਰ ਨੂੰ ਦਿਨ ਦਿਹਾੜੇ ਗੋਲੀਆਂ ਚੱਲੀਆਂ। ਸ਼ੂਟਰਾਂ ਨੇ ਗੈਂਗਸਟਰ ਸੰਦੀਪ ਬਿਸ਼ਨੋਈ ਨੂੰ ਅਦਾਲਤ ਦੇ ਬਾਹਰ ਪੁਲਿਸ ਦੇ ਸਾਹਮਣੇ ਗੋਲੀ ਮਾਰ ਦਿੱਤੀ। ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੱਸ ਦੇਈਏ ਕਿ ਗੈਂਗਸਟਰ ਸੰਦੀਪ ਬਿਸ਼ਨੋਈ ਨਾਗੌਰ ਜੇਲ੍ਹ ਵਿੱਚ ਹੀ ਬੰਦ ਸੀ।
ਜਾਣਕਾਰੀ ਮੁਤਾਬਕ ਨਗੌਰ ਪੁਲਿਸ ਗੈਂਗਸਟਰ ਸੰਦੀਪ ਨੂੰ ਦੁਪਹਿਰ ਸਮੇਂ ਪੇਸ਼ ਕਰਨ ਲਈ ਅਦਾਲਤ ਲੈ ਕੇ ਆਈ ਸੀ। ਇਸ ਦੌਰਾਨ ਕਾਰ 'ਚ ਆਏ ਸ਼ੂਟਰ ਨੇ ਗੈਂਗਸਟਰ ਸੰਦੀਪ ਨੂੰ ਗੋਲੀਆਂ ਨਾਲ ਭੁੰਨ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਗੋਲੀ ਚਲਾਉਣ ਵਾਲੇ ਹਰਿਆਣਾ ਦੇ ਰਹਿਣ ਵਾਲੇ ਸਨ। 9 ਦੇ ਕਰੀਬ ਬਦਮਾਸ਼ਾਂ ਨੇ ਫਾਇਰਿੰਗ ਕੀਤੀ। ਸਾਰੇ ਸ਼ੂਟਰ ਕਾਲੇ ਰੰਗ ਦੀ ਸਕਾਰਪੀਓ ਗੱਡੀ ਵਿੱਚ ਆਏ ਸਨ।
ਬਦਮਾਸ਼ਾਂ ਨੂੰ ਫੜਨ ਲਈ ਪੁਲਿਸ ਨੇ ਨਾਗੌਰ ਦੇ ਆਲੇ-ਦੁਆਲੇ ਨਾਕਾਬੰਦੀ ਕਰ ਦਿੱਤੀ ਹੈ। ਸਾਰੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਘਟਨਾ ਤੋਂ ਬਾਅਦ ਅਦਾਲਤ ਦੇ ਬਾਹਰ ਭੀੜ ਇਕੱਠੀ ਹੋ ਗਈ। ਸੰਦੀਪ ਦੀ ਲਾਸ਼ ਨੂੰ ਹਸਪਤਾਲ 'ਚ ਰਖਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਸੰਦੀਪ ਬਿਸ਼ਨੋਈ ਹਰਿਆਣਾ ਦਾ ਇੱਕ ਬਦਨਾਮ ਗੈਂਗਸਟਰ ਅਤੇ ਸੁਪਾਰੀ ਕਿਲਰ ਸੀ। ਉਹ ਸੇਠੀ ਗੈਂਗ ਨਾਲ ਜੁੜਿਆ ਹੋਇਆ ਸੀ। ਪੁਲਿਸ ਅਧਿਕਾਰੀਆਂ ਅਨੁਸਾਰ ਉਹ ਸ਼ਰਾਬ ਦੀ ਤਸਕਰੀ ਦੇ ਨਾਲ-ਨਾਲ ਸੁਪਾਰੀ ਦਾ ਕੰਮ ਵੀ ਕਰਦਾ ਸੀ। ਉਸ ਨੇ ਨਾਗੌਰ ਵਿੱਚ ਇੱਕ ਵਪਾਰੀ ਦਾ ਕਤਲ ਵੀ ਕੀਤਾ ਸੀ। ਪੁਲਿਸ ਇਸ ਨੂੰ ਗੈਂਗਵਾਰ ਮੰਨ ਰਹੀ ਹੈ।
ਦੱਸਣਯੋਗ ਹੈ ਕਿ ਭੀਲਵਾੜਾ ਵਿੱਚ ਦੋ ਕਾਂਸਟੇਬਲਾਂ ਦਾ ਕਤਲ ਕਰਨ ਵਾਲਾ ਸਮੱਗਲਰ ਰਾਜੂ ਫੌਜੀ ਅਤੇ ਗੈਂਗਸਟਰ ਸੰਦੀਪ ਬਿਸ਼ਨੋਈ ਖਾਸ ਦੋਸਤ ਸਨ। ਇਹ ਸੰਦੀਪ ਹੀ ਸੀ ਜਿਸ ਨੇ ਪੁਲਿਸ ਵਾਲਿਆਂ ਨੂੰ ਮਾਰਨ ਲਈ ਰਾਜੂ ਫੌਜੀ ਨੂੰ ਹਥਿਆਰ ਦਿੱਤੇ ਸਨ। ਸੰਦੀਪ ਨੇ ਪੁਲਿਸ ਪੁੱਛਗਿੱਛ 'ਚ ਦੱਸਿਆ ਸੀ ਕਿ ਉਸ ਨੇ ਆਪਣੇ ਗੈਂਗ ਨੂੰ ਚਲਾਉਣ ਲਈ ਉੱਤਰ ਪ੍ਰਦੇਸ਼ ਦੇ ਇਕ ਸਪਲਾਇਰ ਤੋਂ ਹਥਿਆਰ ਖਰੀਦੇ ਸਨ।
2016 ਤੋਂ ਬਾਅਦ ਫੌਜੀ ਅਤੇ ਸੰਦੀਪ ਵਿਚਕਾਰ ਚੰਗੀ ਦੋਸਤੀ ਹੋ ਗਈ। ਪੁਲਿਸ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਗੈਂਗਸਟਰ ਸੰਦੀਪ ਨੇ ਰਾਜੂ ਫ਼ੌਜੀ ਨੂੰ ਰਿਵਾਲਵਰ, ਪਿਸਤੌਲ ਸਮੇਤ ਕਈ ਹਥਿਆਰ ਦਿੱਤੇ ਸਨ। ਸੰਦੀਪ ਨੇ ਦੱਸਿਆ ਸੀ ਕਿ ਉਸ ਨੇ ਇਸ ਲਈ ਫੌਜੀ ਤੋਂ ਕੋਈ ਪੈਸਾ ਨਹੀਂ ਲਿਆ। ਕਾਂਸਟੇਬਲ ਦੇ ਕਤਲ ਤੋਂ ਬਾਅਦ ਫੌਜੀ ਉਸ ਦੇ ਨਾਲ ਹਰਿਆਣਾ ਵਿਚ ਹੀ ਰਹੇ।
ਦੱਸ ਦੇਈਏ ਕਿ 3 ਸਾਲ ਪਹਿਲਾਂ ਨਾਗੌਰ 'ਚ 29 ਨਵੰਬਰ 2019 ਨੂੰ ਹੋਏ ਕਤਲ ਕੇਸ 'ਚ ਸੰਦੀਪ ਬਿਸ਼ਨੋਈ ਦਾ ਨਾਂ ਪਹਿਲੀ ਵਾਰ ਸਾਹਮਣੇ ਆਇਆ ਸੀ । ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਇਕ ਔਰਤ ਨੇ ਆਪਣੇ ਪਤੀ ਦੇ ਕਤਲ ਦਾ ਬਦਲਾ ਲੈਣ ਲਈ ਕਤਲ ਦੀ ਸਾਜ਼ਿਸ਼ ਰਚੀ ਸੀ। ਔਰਤ ਨੇ ਕਤਲ ਲਈ ਹਰਿਆਣਾ ਦੇ ਗੈਂਗਸਟਰ ਸੰਦੀਪ ਬਿਸ਼ਨੋਈ ਨੂੰ 30 ਲੱਖ ਦੀ ਸੁਪਾਰੀ ਦਿੱਤੀ ਸੀ। ਇਸ ਮਾਮਲੇ ਵਿੱਚ ਗੈਂਗਸਟਰ ਸੰਦੀਪ ਨਾਗੌਰ ਜੇਲ੍ਹ ਵਿੱਚ ਬੰਦ ਸੀ।