
ਰਵਨੀਤ ਬਿੱਟੂ ਨੇ ਰਾਹੁਲ ਗਾਂਧੀ ਨੂੰ ਕਿਹਾ ਸੀ ਦੇਸ਼ ਦਾ ਨੰਬਰ ਅੱਤਵਾਦੀ
Ravneet Singh Bittu against FIR : ਕਾਂਗਰਸੀ ਨੇਤਾ ਅਤੇ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੂੰ ਲੈ ਕੇ ਦਿੱਤੇ ਗਏ ਬਿਆਨ 'ਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਖ਼ਿਲਾਫ਼ ਐਫਆਈਆਰ ਦਰਜ ਹੋਈ ਹੈ। ਰਾਹੁਲ ਗਾਂਧੀ ਨੇ ਆਪਣੇ ਅਮਰੀਕਾ ਦੌਰੇ ਦੌਰਾਨ ਸਿੱਖਾਂ ਨੂੰ ਲੈ ਕੇ ਬਿਆਨ ਦਿੱਤਾ ਸੀ, ਜਿਸ 'ਤੇ ਰਵਨੀਤ ਬਿੱਟੂ ਨੇ ਉਨ੍ਹਾਂ ਨੂੰ ਅੱਤਵਾਦੀ ਕਿਹਾ ਸੀ। ਇਸ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਸੀ ਅਤੇ ਰਵਨੀਤ ਬਿੱਟੂ ਖਿਲਾਫ ਕਰਨਾਟਕ 'ਚ ਮਾਮਲਾ ਦਰਜ ਕਰਵਾਇਆ ਗਿਆ ਹੈ। ਓਥੇ ਹੀ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਆਪਣੇ ਬਿਆਨ ਲਈ ਮੁਆਫੀ ਮੰਗਣ ਤੋਂ ਵੀ ਇਨਕਾਰ ਕਰ ਦਿੱਤਾ ਹੈ।
ਬੈਂਗਲੁਰੂ 'ਚ ਕਾਂਗਰਸੀ ਆਗੂ ਨੇ ਦਰਜ ਕਰਵਾਈ FIR
ਕਰਨਾਟਕ ਦੇ ਇੱਕ ਕਾਂਗਰਸੀ ਆਗੂ ਨੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਖ਼ਿਲਾਫ਼ ਐਫਆਈਆਰ ਦਰਜ ਕਰਵਾਈ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਭਾਰਤੀ ਨਿਆਂ ਸੰਹਿਤਾ ਦੀ ਧਾਰਾ 353 (ਗਲਤ ਸੂਚਨਾ ਦੇ ਆਧਾਰ 'ਤੇ ਬਿਆਨ ਦੇਣਾ ਜਾਂ ਅਫਵਾਹਾਂ ਫੈਲਾਉਣਾ), 192 (ਦੰਗੇ ਭੜਕਾਉਣ ਦੇ ਉਦੇਸ਼ ਨਾਲ ਭੜਕਾਊ ਬਿਆਨ ਦੇਣਾ), 196 (ਦੋ ਭਾਈਚਾਰਿਆਂ ਵਿਚਕਾਰ ਦੁਸ਼ਮਣੀ ਫੈਲਾਉਣਾ) ਦੇ ਤਹਿਤ ਬੈਂਗਲੁਰੂ ਦੇ ਹਾਈ ਗਰਾਊਂਡ ਪੁਲਸ ਸਟੇਸ਼ਨ 'ਚ ਮਾਮਲਾ ਦਰਜ ਕਰਵਾਇਆ ਹੈ।
ਰਾਹੁਲ ਗਾਂਧੀ ਦੇ ਬਿਆਨ ਨੂੰ ਲੈ ਕੇ ਹੋਇਆ ਵਿਵਾਦ
ਰਾਹੁਲ ਗਾਂਧੀ ਨੇ ਹਾਲ ਹੀ 'ਚ ਆਪਣੇ ਅਮਰੀਕਾ ਦੌਰੇ ਦੌਰਾਨ ਇੱਕ ਸਮਾਗਮ ਦੌਰਾਨ ਇੱਕ ਬਿਆਨ ਵਿੱਚ ਕਿਹਾ ਸੀ ਕਿ ‘ਲੜਾਈ ਇਸ ਗੱਲ ਨੂੰ ਲੈ ਕੇ ਹੈ ਕਿ ਭਾਰਤ ਵਿੱਚ ਇੱਕ ਸਿੱਖ ਨੂੰ ਆਪਣੀ ਪੱਗ ਜਾਂ ਕੜਾ ਪਹਿਨਣ ਦੀ ਇਜਾਜ਼ਤ ਦਿੱਤੀ ਜਾਵੇਗੀ ਜਾਂ ਉਹ ਇੱਕ ਸਿੱਖ ਦੇ ਰੂਪ 'ਚ ਗੁਰਦੁਆਰਾ ਸਾਹਿਬ ਜਾ ਸਕੇਗਾ। ਇਹੀ ਲੜਾਈ ਹੈ ਅਤੇ ਇਹ ਸਾਰੇ ਧਰਮਾਂ ਲਈ ਹੈ। ਰਾਹੁਲ ਗਾਂਧੀ ਦੇ ਇਸ ਬਿਆਨ ਦਾ ਗੁਰਪਤਵੰਤ ਸਿੰਘ ਪੰਨੂ ਨੇ ਵੀ ਸਮਰਥਨ ਕੀਤਾ ਹੈ। ਪੰਨੂ ਨੇ ਕਿਹਾ ਸੀ ਕਿ 'ਰਾਹੁਲ ਗਾਂਧੀ ਦਾ ਬਿਆਨ ਅਸਲ ਵਿੱਚ ਸੱਚ ਹੈ। ਉਨ੍ਹਾਂ ਦਾ ਮੰਨਣਾ ਕਿ ਭਾਰਤ ਵਿੱਚ ਸਿੱਖਾਂ ਦੀ ਹੋਂਦ ਨੂੰ ਖਤਰਾ ਹੈ। ਇਹ ਬਿਆਨ ਖਾਲਿਸਤਾਨ ਰੈਫਰੈਂਡਮ ਮੁਹਿੰਮ ਲਈ ਉਤਪ੍ਰੇਰਕ ਦਾ ਕੰਮ ਕਰੇਗਾ।
ਰਵਨੀਤ ਬਿੱਟੂ ਨੇ ਰਾਹੁਲ ਗਾਂਧੀ 'ਤੇ ਬੋਲਿਆ ਸੀ ਤਿੱਖਾ ਹਮਲਾ
ਰਾਹੁਲ ਗਾਂਧੀ ਦੇ ਇਸ ਬਿਆਨ 'ਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ 'ਰਾਹੁਲ ਗਾਂਧੀ ਨੇ ਸਿੱਖਾਂ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਹੈ। ਸਿੱਖ ਕਿਸੇ ਪਾਰਟੀ ਨਾਲ ਜੁੜਿਆ ਨਹੀਂ ਹੈ, ਪਰ ਚੰਗਿਆੜੀ ਲਗਾਉਣ ਦੀ ਕੋਸ਼ਿਸ ਹੋ ਰਹੀ ਹੈ। ਰਾਹੁਲ ਗਾਂਧੀ ਦੇਸ਼ ਦਾ ਨੰਬਰ ਅੱਤਵਾਦੀ ਹੈ। ਜੋ ਲੋਕ ਹਮੇਸ਼ਾ ਮਾਰਨ ਅਤੇ ਜਹਾਜ਼ਾਂ -ਟ੍ਰੇਨਾਂ ਨੂੰ ਉਡਾਉਣ ਦੀ ਗੱਲ ਕਰਦੇ ਹਨ ,ਉਹ ਰਾਹੁਲ ਗਾਂਧੀ ਦੇ ਸਮਰਥਨ ਵਿੱਚ ਆ ਗਏ ਹਨ। ਮੇਰੇ ਖਿਆਲ ਨਾਲ ਜੇਕਰ ਕਿਸੇ ਨੂੰ ਫੜਨ ਦਾ ਇਨਾਮ ਹੋਣਾ ਚਾਹੀਦਾ ਹੈ ਤਾਂ ਉਹ ਰਾਹੁਲ ਗਾਂਧੀ ਹੈ।
ਰਵਨੀਤ ਬਿੱਟੂ ਨੇ ਕਿਹਾ ਕਿ 'ਰਾਹੁਲ ਗਾਂਧੀ 'ਚ ਕੋਈ ਗੰਭੀਰਤਾ ਨਹੀਂ ਹੈ। ਰਾਹੁਲ ਗਾਂਧੀ ਜਾਂ ਉਨ੍ਹਾਂ ਦੀ ਪਾਰਟੀ ਦੇ ਆਗੂ ਦੇਸ਼ ਨੂੰ ਤੋੜਨ ਵਿੱਚ ਲੱਗੇ ਹੋਏ ਹਨ। ਕਾਂਗਰਸ ਨੂੰ ਦੇਸ਼ ਦੀ ਸੁਰੱਖਿਆ ਅਤੇ ਕਰੋੜਾਂ ਲੋਕਾਂ ਦੇ ਹਿੱਤਾਂ ਦੀ ਕੋਈ ਚਿੰਤਾ ਨਹੀਂ ਹੈ। ਕਾਂਗਰਸ ਸਿਰਫ਼ ਵੋਟਾਂ ਲਈ ਸਮਾਜ ਵਿੱਚ ਅਸ਼ਾਂਤੀ ਪੈਦਾ ਕਰਨ ਵਿੱਚ ਲੱਗੀ ਹੈ।
ਰਵਨੀਤ ਬਿੱਟੂ ਨੇ ਮੁਆਫੀ ਮੰਗਣ ਤੋਂ ਕੀਤਾ ਇਨਕਾਰ
ਜਦੋਂ ਮੀਡੀਆ ਵੱਲੋਂ ਰਵਨੀਤ ਬਿੱਟੂ ਨੂੰ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੂੰ ਰਾਹੁਲ ਗਾਂਧੀ ਖਿਲਾਫ ਦਿੱਤੇ ਬਿਆਨ 'ਤੇ ਪਛਤਾਵਾ ਹੈ? ਤਾਂ ਰਵਨੀਤ ਬਿੱਟੂ ਨੇ ਕਿਹਾ 'ਮੈਨੂੰ ਪਛਤਾਵਾਂ ਕਿਉਂ ਹੋਵੇਗਾ ?' ਅਸੀਂ ਪੰਜਾਬ ਵਿੱਚ ਪੂਰੀ ਇੱਕ ਪੀੜ੍ਹੀ ਨੂੰ ਖੋ ਦਿੱਤਾ। ਗਾਂਧੀ ਪਰਿਵਾਰ ਨੇ ਪੰਜਾਬ ਨੂੰ ਜਲਾਇਆ। ਮੇਰਾ ਦਰਦ ਬਤੌਰ ਇੱਕ ਸਿੱਖ ਹੈ। ਮੈਂ ਮੰਤਰੀ ਬਾਅਦ 'ਚ ਹਾਂ ਪਰ ਸਿੱਖ ਪਹਿਲਾ ਹਾਂ। ਜੇਕਰ ਪੰਨੂ ਰਾਹੁਲ ਗਾਂਧੀ ਦੇ ਬਿਆਨ ਦਾ ਸਮਰਥਨ ਕਰਦੇ ਹਨ ਤਾਂ ਹੁਣ ਅਸੀਂ ਕੀ ਕਹਿ ਸਕਦੇ ਹਾਂ? ਕੇਂਦਰੀ ਰਾਜ ਮੰਤਰੀ ਨੇ ਕਿਹਾ ਕਿ ‘ਖੜਗੇ ਸਾਹਿਬ ਨੂੰ ਮੁਆਫੀ ਮੰਗਣੀ ਚਾਹੀਦੀ ਹੈ। ਪਹਿਲਾਂ ਉਨ੍ਹਾਂ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕੀ ਉਨ੍ਹਾਂ ਨੂੰ ਲੱਗਦਾ ਹੈ ਕਿ ਸਿੱਖਾਂ ਨੂੰ ਕਿਤੇ ਵੀ ਜਾਣ ਦੀ ਇਜਾਜ਼ਤ ਨਹੀਂ ਹੈ, ਜਿਵੇਂ ਕਿ ਰਾਹੁਲ ਗਾਂਧੀ ਨੇ ਕਿਹਾ ਹੈ।