
ਡੋਭਾਲ ਨੇ ਕੈਨੇਡਾ ’ਚ ਸਰਗਰਮ ਖਾਲਿਸਤਾਨੀ ਸਮਰਥਕ ਸਮੂਹਾਂ ਦੀਆਂ ਗਤੀਵਿਧੀਆਂ ਉਤੇ ਭਾਰਤ ਦੀਆਂ ਚਿੰਤਾਵਾਂ ਦਾ ਪ੍ਰਗਟਾਵਾ ਕੀਤਾ
ਨਵੀਂ ਦਿੱਲੀ : ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਕੈਨੇਡਾ ਦੀ ਅਪਣੀ ਹਮਰੁਤਬਾ ਨਥਾਲੀ ਡਰੋਇਨ ਨਾਲ ਗੱਲਬਾਤ ਕੀਤੀ ਹੈ। ਵੀਰਵਾਰ ਨੂੰ ਨਵੀਂ ਦਿੱਲੀ ’ਚ ਹੋਈ ਗੱਲਬਾਤ ’ਚ ਡੋਭਾਲ ਨੇ ਕੈਨੇਡਾ ’ਚ ਸਰਗਰਮ ਖਾਲਿਸਤਾਨੀ ਸਮਰਥਕ ਸਮੂਹਾਂ ਦੀਆਂ ਗਤੀਵਿਧੀਆਂ ਉਤੇ ਭਾਰਤ ਦੀਆਂ ਚਿੰਤਾਵਾਂ ਦਾ ਪ੍ਰਗਟਾਵਾ ਕੀਤਾ ਸੀ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਸ਼ੁਕਰਵਾਰ ਨੂੰ ਕਿਹਾ, ‘‘ਕੈਨੇਡਾ ਦੇ ਐਨ.ਐਸ.ਏ. ਨੇ ਸਾਡੇ ਐਨ.ਐਸ.ਏ. ਨਾਲ ਗੱਲਬਾਤ ਕੀਤੀ। ਇਹ ਦੋਹਾਂ ਦੇਸ਼ਾਂ ਵਿਚਾਲੇ ਨਿਯਮਤ ਦੁਵਲੇ ਸੁਰੱਖਿਆ ਸਲਾਹ-ਮਸ਼ਵਰੇ ਦਾ ਹਿੱਸਾ ਹੈ।’’ ਜੈਸਵਾਲ ਨੇ ਕਿਹਾ ਕਿ ਜੂਨ ’ਚ ਅਲਬਰਟਾ ’ਚ ਜੀ-7 ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੈਨੇਡਾ ਦੇ ਉਨ੍ਹਾਂ ਦੇ ਹਮਰੁਤਬਾ ਮਾਰਕ ਕਾਰਨੀ ਵਿਚਾਲੇ ਹੋਈ ਗੱਲਬਾਤ ਉਤੇ ਕੰਮ ਕਰਨ ਦਾ ਇਹ ਇਕ ਮੌਕਾ ਸੀ।
ਦੋਹਾਂ ਐਨ.ਐਸ.ਏ. ਵਿਚਾਲੇ ਗੱਲਬਾਤ ਤੋਂ ਜਾਣੂ ਲੋਕਾਂ ਨੇ ਕਿਹਾ ਕਿ ਸਾਂਝੀਆਂ ਸੁਰੱਖਿਆ ਚਿੰਤਾਵਾਂ ਨਾਲ ਜੁੜੇ ਮੁੱਦੇ ਵਿਚਾਰ-ਵਟਾਂਦਰੇ ਵਿਚ ਪ੍ਰਮੁੱਖਤਾ ਨਾਲ ਸਾਹਮਣੇ ਆਏ। ਦੋਹਾਂ ਐਨ.ਐਸ.ਏ. ਵਿਚਾਲੇ ਗੱਲਬਾਤ ਭਾਰਤ ਅਤੇ ਕੈਨੇਡਾ ਵਲੋਂ ਇਕ ਦੂਜੇ ਦੀਆਂ ਰਾਜਧਾਨੀਆਂ ਵਿਚ ਰਾਜਦੂਤ ਨਿਯੁਕਤ ਕਰਨ ਦੇ ਤਿੰਨ ਹਫ਼ਤਿਆਂ ਬਾਅਦ ਹੋਈ ਹੈ।
ਭਾਰਤ ਨੇ ਤਜਰਬੇਕਾਰ ਡਿਪਲੋਮੈਟ ਦਿਨੇਸ਼ ਕੇ. ਪਟਨਾਇਕ ਨੂੰ ਓਟਾਵਾ ’ਚ ਅਗਲਾ ਹਾਈ ਕਮਿਸ਼ਨਰ ਨਿਯੁਕਤ ਕੀਤਾ ਹੈ, ਜਦਕਿ ਕੈਨੇਡਾ ਨੇ ਕ੍ਰਿਸਟੋਫਰ ਕੂਟਰ ਨੂੰ ਨਵੀਂ ਦਿੱਲੀ ’ਚ ਅਪਣਾ ਨਵਾਂ ਰਾਜਦੂਤ ਨਿਯੁਕਤ ਕੀਤਾ ਹੈ। ਕੂਟਰ ਪਹਿਲਾਂ ਹੀ ਨਵੀਂ ਦਿੱਲੀ ਪਹੁੰਚ ਚੁਕੇ ਹਨ।
ਜੈਸਵਾਲ ਨੇ ਕੈਨੇਡਾ ’ਚ ਭਾਰਤੀ ਅਧਿਕਾਰੀਆਂ ਨੂੰ ਹਾਲ ਹੀ ’ਚ ਦਿਤੀਆਂ ਧਮਕੀਆਂ ਦਾ ਵੀ ਜ਼ਿਕਰ ਕਰਦਿਆਂ ਕਿਹਾ ਕਿ ਭਾਰਤੀ ਕੂਟਨੀਤਕ ਅਦਾਰਿਆਂ ਨੂੰ ਸੁਰੱਖਿਆ ਪ੍ਰਦਾਨ ਕਰਨਾ ਕੈਨੇਡਾ ਸਰਕਾਰ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ, ‘‘ਜਦੋਂ ਵੀ ਕੋਈ ਚਿੰਤਾ ਹੁੰਦੀ ਹੈ, ਅਸੀਂ ਇਸ ਨੂੰ ਸਬੰਧਤ ਧਿਰ ਨਾਲ ਉਠਾਉਂਦੇ ਹਾਂ, ਇਸ ਮਾਮਲੇ ਵਿਚ ਕੈਨੇਡਾ, ਇਹ ਯਕੀਨੀ ਬਣਾਉਣ ਲਈ ਕਿ ਸਾਡੇ ਕੂਟਨੀਤਕ ਅਹਾਤੇ ਲਈ ਲੋੜੀਂਦੀ ਸੁਰੱਖਿਆ ਹੈ।’’
ਜੂਨ ’ਚ ਹੋਈ ਬੈਠਕ ’ਚ ਮੋਦੀ ਅਤੇ ਕਾਰਨੀ ਭਾਰਤ-ਕੈਨੇਡਾ ਸਬੰਧਾਂ ’ਚ ਸਥਿਰਤਾ ਬਹਾਲ ਕਰਨ ਲਈ ‘ਉਸਾਰੂ ਕਦਮ’ ਚੁੱਕਣ ਉਤੇ ਸਹਿਮਤ ਹੋਏ ਸਨ, ਜਿਸ ’ਚ ਰਾਜਦੂਤਾਂ ਦੀ ਇਕ ਦੂਜੇ ਦੀਆਂ ਰਾਜਧਾਨੀਆਂ ’ਚ ਜਲਦੀ ਵਾਪਸੀ ਵੀ ਸ਼ਾਮਲ ਹੈ।
ਬ੍ਰਿਟਿਸ਼ ਕੋਲੰਬੀਆ ’ਚ ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਨੂੰ ਲੈ ਕੇ ਕੂਟਨੀਤਕ ਝਗੜੇ ਤੋਂ ਬਾਅਦ ਭਾਰਤ ਅਤੇ ਕੈਨੇਡਾ ਵਿਚਾਲੇ ਸਬੰਧ ਹੁਣ ਤਕ ਦੇ ਹੇਠਲੇ ਪੱਧਰ ਉਤੇ ਆ ਗਏ ਸਨ। ਹਾਲਾਂਕਿ, ਅਪ੍ਰੈਲ ਵਿਚ ਸੰਸਦੀ ਚੋਣਾਂ ਵਿਚ ਲਿਬਰਲ ਪਾਰਟੀ ਦੇ ਨੇਤਾ ਕਾਰਨੀ ਦੀ ਜਿੱਤ ਨੇ ਸਬੰਧਾਂ ਨੂੰ ਮੁੜ ਸਥਾਪਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਵਿਚ ਸਹਾਇਤਾ ਕੀਤੀ।