
ਮੌਲਾਨਾ ਅਨਵਾਰੁਲ ਹੱਕ ਦੀ ਹੋ ਸਕਦੀ ਹੈ ਗ੍ਰਿਫ਼ਤਾਰੀ, ਤਿਵਾੜੀ ਦਾ ਸਿਰ ਵੱਢਣ ’ਤੇ ਰੱਖਿਆ ਸੀ 51 ਲੱਖ ਦਾ ਇਨਾਮ
ਲਖਨਊ- ਯੂਪੀ ਦੇ ਲਖਨਊ ਵਿਚ ਹਿੰਦੂ ਸਮਾਜ ਪਾਰਟੀ ਦੇ ਨੇਤਾ ਕਮਲੇਸ਼ ਤਿਵਾੜੀ ਦੀ ਹੱਤਿਆ ਦੇ ਮਾਮਲੇ ਵਿਚ ਗੁਜਰਾਤ ਏਟੀਐਸ ਨੇ ਸੂਰਤ ਤੋਂ ਤਿੰਨ ਸ਼ੱਕੀਆਂ ਨੂੰ ਹਿਰਾਸਤ ਵਿਚ ਲਿਆ ਹੈ। ਪਹਿਲਾਂ ਇਸ ਮਾਮਲੇ ਵਿਚ ਬਿਜਨੌਰ ਦੇ ਮੌਲਾਨਾ ਅਨਵਾਰੁਲ ਹੱਕ ਦੀ ਗ੍ਰਿਫ਼ਤਾਰੀ ਦੀ ਖ਼ਬਰ ਸਾਹਮਣੇ ਆਈ ਸੀ, ਜਿਨ੍ਹਾਂ ਨੇ ਕੁੱਝ ਸਾਲ ਪਹਿਲਾਂ ਕਮਲੇਸ਼ ਤਿਵਾੜੀ ਦਾ ਸਿਰ ਕਲਮ ਕਰਨ ਵਾਲੇ ਨੂੰ 51 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਸੀ। ਦਰਅਸਲ ਮੌਲਾਨਾ ਅਨਵਾਰੁਲ ਹੱਕ ਨੇ ਇਹ ਬਿਆਨ ਕਰੀਬ 3 ਸਾਲ ਪਹਿਲਾਂ ਕਮਲੇਸ਼ ਤਿਵਾੜੀ ਵੱਲੋਂ ਹਜ਼ਰਤ ਮੁਹੰਮਦ ਸਾਹਿਬ ਵਿਰੁੱਧ ਵਿਵਾਦਤ ਟਿੱਪਣੀ ਕਰਨ ਤੋਂ ਬਾਅਦ ਦਿੱਤਾ ਸੀ ਜਿਸ ਮਗਰੋਂ ਕਮਲੇਸ਼ ਤਿਵਾੜੀ ਨੂੰ ਜੇਲ੍ਹ ਵੀ ਜਾਣਾ ਪਿਆ ਸੀ।
ਯੂਪੀ ਪੁਲਿਸ ਦਾ ਕਹਿਣਾ ਹੈ ਕਿ ਮੌਲਾਨਾ ਅਨਵਾਰੁਲ ਹੱਕ ਨੂੰ ਅਜੇ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਸ਼ੁੱਕਰਵਾਰ ਨੂੰ ਹਿੰਦੂ ਮਹਾਸਭਾ ਦੇ ਨੇਤਾ ਕਮਲੇਸ਼ ਤਿਵਾੜੀ ਦੀ ਦੋ ਲੋਕਾਂ ਨੇ ਦਿਨ ਦਿਹਾੜੇ ਗਲਾ ਵੱਢ ਕੇ ਹੱਤਿਆ ਕਰ ਦਿੱਤੀ ਸੀ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਤੇਜ਼ੀ ਨਾਲ ਜਾਂਚ ਕੀਤੀ ਜਾ ਰਹੀ ਹੈ। ਕਮਲੇਸ਼ ਤਿਵਾੜੀ ਦੀ ਹੱਤਿਆ ਤੋਂ ਬਾਅਦ ਉਨ੍ਹਾਂ ਦੀ ਪਤਨੀ ਕਿਰਨ ਦੇ ਬਿਆਨ ’ਤੇ ਇਸ ਮਾਮਲੇ ਵਿਚ ਮੁਫ਼ਤੀ ਨਈਮ ਕਾਜ਼ਮੀ ਅਤੇ ਅਨਵਾਰੁਲ ਹੱਕ ਅਤੇ ਇਕ ਅਣਪਛਾਤੇ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ।
ਕਿਰਨ ਦਾ ਦੋਸ਼ ਹੈ ਕਿ ਕਾਜ਼ਮੀ ਅਤੇ ਹੱਕ ਨੇ ਸਾਲ 2015-16 ਵਿਚ ਕਮਲੇਸ਼ ਦਾ ਸਿਰ ਕਲਮ ਕਰਨ ਵਾਲੇ ਨੂੰ 51 ਲੱਖ ਅਤੇ ਡੇਢ ਕਰੋੜ ਦੇ ਇਨਾਮ ਦਾ ਐਲਾਨ ਕੀਤਾ ਸੀ। ਉਸ ਨੇ ਦੋਸ਼ ਲਗਾਇਆ ਕਿ ਇਨ੍ਹਾਂ ਲੋਕਾਂ ਨੇ ਹੀ ਉਸ ਦੇ ਪਤੀ ਦੀ ਹੱਤਿਆ ਕਰਵਾਈ ਹੈ। ਇਸ ਮਾਮਲੇ ਵਿਚ ਪੁਲਿਸ ਨੂੰ ਘਟਨਾ ਸਥਾਨ ਤੋਂ ਜੋ ਮਠਿਆਈ ਦਾ ਡੱਬਾ ਮਿਲਿਆ ਸੀ, ਉਸ ’ਤੇ ਸੂਰਤ ਦੀ ਇਕ ਦੁਕਾਨ ਦਾ ਪਤਾ ਛਪਿਆ ਹੋਇਆ ਸੀ, ਜਿਸ ਤੋਂ ਬਾਅਦ ਗੁਜਰਾਤ ਏਟੀਐਸ ਨੇ ਸੂਰਤ ਤੋਂ ਤਿੰਨ ਸ਼ੱਕੀਆਂ ਨੂੰ ਹਿਰਾਸਤ ਵਿਚ ਲਿਆ ਹੈ। ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਵੀ ਇਸ ਮਾਮਲੇ ਵਿਚ ਐਸਆਈਟੀ ਦੇ ਗਠਨ ਦਾ ਆਦੇਸ਼ ਦਿੱਤਾ ਸੀ ਜਿਸ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਵਿਚ ਹੋਰ ਤੇਜ਼ੀ ਲਿਆਂਦੀ ਗਈ ਹੈ।