
ਬਾਬਾ ਸਿੱਦੀਕੀ ਕਤਲ ਕਾਂਡ ’ਤੇ ਕੀਤੀ ਟਿਪਣੀ ਦਾ ਵੀਡੀਉ ਵਾਇਰਲ ਹੋਣ ਮਗਰੋਂ ਹੋਈ ਕਾਰਵਾਈ
ਮਥੁਰਾ (ਉੱਤਰ ਪ੍ਰਦੇਸ਼) : ਲਾਰੈਂਸ ਬਿਸ਼ਨੋਈ ਗੈਂਗ ਦੇ ਇਕ ਸ਼ੂਟਰ ਵਲੋਂ ਪੁਲਿਸ ਹਿਰਾਸਤ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਨ ਅਤੇ ਐਨ.ਸੀ.ਪੀ. ਆਗੂ ਬਾਬਾ ਸਿੱਦੀਕੀ ਦੇ ਕਤਲ ’ਤੇ ਟਿਪਣੀ ਕਰਨ ਦੇ ਵੀਡੀਉ ਦਾ ਨੋਟਿਸ ਲੈਂਦਿਆਂ ਡਿਊਟੀ ’ਚ ਕਥਿਤ ਲਾਪਰਵਾਹੀ ਵਰਤਣ ਦੇ ਦੋਸ਼ ’ਚ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿਤਾ ਗਿਆ ਹੈ।
ਸੋਸ਼ਲ ਮੀਡੀਆ ’ਤੇ ਵਾਇਰਲ ਹੋਏ ਕਥਿਤ ਵੀਡੀਉ ’ਚ ਯੋਗੇਸ਼ (26) ਉਰਫ ਰਾਜੂ ਨੇ ਕਿਹਾ ਕਿ ਹਾਲ ਹੀ ’ਚ ਮੁੰਬਈ ’ਚ ਮਾਰਿਆ ਗਿਆ ਸਿੱਦੀਕੀ ਚੰਗਾ ਇਨਸਾਨ ਨਹੀਂ ਸੀ ਅਤੇ ਉਸ ਦੇ ਬਦਨਾਮ ਅਪਰਾਧੀ ਦਾਊਦ ਇਬਰਾਹਿਮ ਨਾਲ ਸਬੰਧ ਸਨ।
ਅਧਿਕਾਰੀਆਂ ਨੇ ਦਸਿਆ ਕਿ ਇਸ ਮਾਮਲੇ ’ਚ ਕਾਰਵਾਈ ਕਰਦਿਆਂ ਮਥੁਰਾ ਦੇ ਸੀਨੀਅਰ ਪੁਲਿਸ ਸੁਪਰਡੈਂਟ ਸ਼ੈਲੇਸ਼ ਕੁਮਾਰ ਪਾਂਡੇ ਨੇ ਸ਼ੁਕਰਵਾਰ ਰਾਤ ਨੂੰ ਇਕ ਸਬ-ਇੰਸਪੈਕਟਰ ਸਮੇਤ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰਨ ਦੇ ਹੁਕਮ ਦਿਤੇ।
ਅਧਿਕਾਰੀਆਂ ਮੁਤਾਬਕ ਯੋਗੇਸ਼ ਲਾਰੈਂਸ ਬਿਸ਼ਨੋਈ-ਹਾਸ਼ਿਮ ਬਾਬਾ ਗੈਂਗ ਨਾਲ ਜੁੜਿਆ ਹੋਇਆ ਹੈ। ਉਸ ਨੂੰ ਪਿਛਲੇ ਮਹੀਨੇ ਦਿੱਲੀ ਦੇ ਗ੍ਰੇਟਰ ਕੈਲਾਸ਼ ਇਲਾਕੇ ’ਚ ਜਿਮ ਮਾਲਕ ਨਾਦਿਰ ਸ਼ਾਹ ਦੀ ਹੱਤਿਆ ਦੇ ਸਬੰਧ ’ਚ ਗ੍ਰਿਫਤਾਰ ਕੀਤਾ ਗਿਆ ਹੈ।
ਹਾਲਾਂਕਿ, ਉਨ੍ਹਾਂ ਨੇ ਕਿਹਾ ਕਿ ਯੋਗੇਸ਼ ਦਾ 12 ਅਕਤੂਬਰ ਨੂੰ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਦੀ ਹੱਤਿਆ ਨਾਲ ਕੋਈ ਸਬੰਧ ਨਹੀਂ ਹੈ। ਸਿੱਦੀਕੀ ਦੀ ਮੁੰਬਈ ਦੇ ਬਾਂਦਰਾ ਇਲਾਕੇ ’ਚ ਉਨ੍ਹਾਂ ਦੇ ਵਿਧਾਇਕ ਬੇਟੇ ਜ਼ੀਸ਼ਾਨ ਸਿੱਦੀਕੀ ਦੇ ਦਫਤਰ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਗਈ।
ਯੋਗੇਸ਼ ਨੂੰ ਵੀਰਵਾਰ ਸਵੇਰੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਅਤੇ ਮਥੁਰਾ ਪੁਲਿਸ ਦੀ ਸਾਂਝੀ ਟੀਮ ਨਾਲ ਮੁਕਾਬਲੇ ’ਚ ਜ਼ਖਮੀ ਹੋਣ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। ਪੁਲਿਸ ਨੇ ਉਸ ਕੋਲੋਂ .32 ਬੋਰ ਦੀ ਪਿਸਤੌਲ, ਗੋਲੀ-ਸਿੱਕਾ ਅਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਹੈ। ਲੱਤ ’ਚ ਗੋਲੀ ਲੱਗਣ ਤੋਂ ਬਾਅਦ ਰਾਜੂ ਨੂੰ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੇ ਵੀਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਦੀਕੀ ਬਾਰੇ ਬਿਆਨ ਦਿਤੇ।
ਜ਼ਿਲ੍ਹਾ ਹਸਪਤਾਲ ਤੋਂ ਜ਼ਿਲ੍ਹਾ ਜੇਲ੍ਹ ਤਬਦੀਲ ਕੀਤੇ ਜਾਣ ਦੌਰਾਨ ਰਾਜੂ ਨੇ ਕੁੱਝ ਮੀਡੀਆ ਕਰਮੀਆਂ ਨੂੰ ਕੈਮਰੇ ’ਤੇ ਵਾਧੂ ਬਿਆਨ ਦਿਤੇ। ਉਸ ਦੀਆਂ ਟਿਪਣੀਆਂ ਦੇ ਕਈ ਵੀਡੀਉ ਸੋਸ਼ਲ ਮੀਡੀਆ ’ਤੇ ਵਾਇਰਲ ਹੋਏ ਅਤੇ ਇਸ ਘਟਨਾ ਨੂੰ ਨਿਊਜ਼ ਚੈਨਲਾਂ ਅਤੇ ਅਖਬਾਰਾਂ ਨੇ ਵੀ ਕਵਰ ਕੀਤਾ।
ਐਸਪੀ (ਸਿਟੀ) ਅਰਵਿੰਦ ਕੁਮਾਰ ਨੇ ਕਿਹਾ ਕਿ ਯੋਗੇਸ਼ ਦੇ ਮੀਡੀਆ ਬਿਆਨਾਂ ਤੋਂ ਬਾਅਦ ਪੁਲਿਸ ਨੇ ਕਾਰਵਾਈ ਕੀਤੀ। ਐੱਸ.ਐੱਸ.ਪੀ. ਸ਼ੈਲੇਸ਼ ਕੁਮਾਰ ਪਾਂਡੇ ਨੇ ਸਬ-ਇੰਸਪੈਕਟਰ ਰਾਮਸਨੇਹੀ, ਹੈੱਡ ਕਾਂਸਟੇਬਲ ਵਿਪਿਨ ਕੁਮਾਰ ਅਤੇ ਕਾਂਸਟੇਬਲ ਸੰਜੇ ਕੁਮਾਰ ਨੂੰ ਮੁਲਜ਼ਮਾਂ ਦੀ ਸੁਰੱਖਿਆ ’ਚ ਲਾਪਰਵਾਹੀ ਵਰਤਣ ਲਈ ਮੁਅੱਤਲ ਕਰ ਦਿਤਾ ਹੈ।
ਕੁਮਾਰ ਨੇ ਕਿਹਾ ਕਿ ਜਾਂਚ ਸ਼ੁਰੂ ਕਰ ਦਿਤੀ ਗਈ ਹੈ ਅਤੇ ਡਿਪਟੀ ਸੁਪਰਡੈਂਟ ਆਫ ਪੁਲਿਸ ਨੂੰ ਜਾਂਚ ਕਰਨ ਅਤੇ ਰੀਪੋਰਟ ਸੌਂਪਣ ਦੇ ਹੁਕਮ ਦਿਤੇ ਗਏ ਹਨ।
ਯੋਗੇਸ਼ ਨੇ ਵੀਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ, ‘‘ਬਾਬਾ ਸਿੱਦੀਕੀ ਨੂੰ ਇਸ ਲਈ ਮਾਰਿਆ ਗਿਆ ਕਿਉਂਕਿ ਉਹ ਚੰਗੇ ਇਨਸਾਨ ਨਹੀਂ ਸਨ। ਉਸ ਦੇ ਵਿਰੁਧ ਮਹਾਰਾਸ਼ਟਰ ਕੰਟਰੋਲ ਆਫ ਆਰਗੇਨਾਈਜ਼ਡ ਕ੍ਰਾਈਮ ਐਕਟ (ਮਕੋਕਾ) ਦੇ ਤਹਿਤ ਦੋਸ਼ ਲਗਾਏ ਗਏ ਸਨ। ਕਿਹਾ ਜਾਂਦਾ ਹੈ ਕਿ ਉਹ 1993 ਦੇ ਮੁੰਬਈ ਬੰਬ ਧਮਾਕਿਆਂ ਦੇ ਦੋਸ਼ੀ ਦਾਊਦ ਨਾਲ ਜੁੜਿਆ ਹੋਇਆ ਸੀ। ਜਦੋਂ ਲੋਕ ਅਜਿਹੇ ਵਿਅਕਤੀਆਂ ਨਾਲ ਜੁੜਦੇ ਹਨ, ਤਾਂ ਕੁੱਝ ਹੋਣਾ ਲਾਜ਼ਮੀ ਹੈ। ਸਿੱਦੀਕੀ ਨਾਲ ਵੀ ਅਜਿਹਾ ਹੀ ਹੋਇਆ।’’