
ਹਾਲ ਹੀ ’ਚ ਗ੍ਰਿਫਤਾਰ ਕੀਤੇ ਗਏ ਪੰਜ ਮੁਲਜ਼ਮਾਂ ਨੇ ਸਿੱਦੀਕੀ ਦੀ ਹੱਤਿਆ ’ਚ ਸ਼ਾਮਲ ਲੋਕਾਂ ਨੂੰ ਜ਼ਰੂਰੀ ਸਮੱਗਰੀ ਅਤੇ ਹੋਰ ਤਰ੍ਹਾਂ ਦੀ ਮਦਦ ਮੁਹੱਈਆ ਕਰਵਾਈ ਸੀ
ਮੁੰਬਈ : ਬਾਬਾ ਸਿੱਦੀਕੀ ਕਤਲ ਮਾਮਲੇ ’ਚ ਹਾਲ ਹੀ ’ਚ ਗ੍ਰਿਫਤਾਰ ਕੀਤੇ ਗਏ 5 ਮੁਲਜ਼ਮਾਂ ਨੇ ਕਤਲ ਲਈ 50 ਲੱਖ ਰੁਪਏ ਦੀ ਮੰਗ ਕੀਤੀ ਸੀ ਪਰ ਬਾਅਦ ’ਚ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ.ਸੀ.ਪੀ.) ਨੇਤਾ ਦੇ ਰਸੂਖ ਨੂੰ ਵੇਖਦਿਆਂ ਬਾਅਦ ’ਚ ਉਨ੍ਹਾਂ ਦੇ ਕਤਲ ਤੋਂ ਇਨਕਾਰ ਕਰ ਦਿਤਾ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਅਧਿਕਾਰੀਆਂ ਨੇ ਦਸਿਆ ਕਿ ਉਨ੍ਹਾਂ (ਹਾਲ ਹੀ ’ਚ ਗ੍ਰਿਫਤਾਰ ਕੀਤੇ ਗਏ ਪੰਜ ਮੁਲਜ਼ਮਾਂ) ਨੇ ਸਾਬਕਾ ਵਿਧਾਇਕ ਸਿੱਦੀਕੀ ਦੀ ਹੱਤਿਆ ’ਚ ਸ਼ਾਮਲ ਲੋਕਾਂ ਨੂੰ ਜ਼ਰੂਰੀ ਸਮੱਗਰੀ ਅਤੇ ਹੋਰ ਤਰ੍ਹਾਂ ਦੀ ਮਦਦ ਮੁਹੱਈਆ ਕਰਵਾਈ।
ਸਿੱਦੀਕੀ ਦੇ ਕਤਲ ਕੇਸ ’ਚ ਸ਼ੂਟਰਾਂ ਨੂੰ ਕਥਿਤ ਤੌਰ ’ਤੇ ਹਥਿਆਰ ਅਤੇ ਲੌਜਿਸਟਿਕ ਸਹਾਇਤਾ ਪ੍ਰਦਾਨ ਕਰਨ ਦੇ ਦੋਸ਼ ’ਚ ਸ਼ੁਕਰਵਾਰ ਨੂੰ ਪੰਜ ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਮੁੰਬਈ ਪੁਲਿਸ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ। ਇਸ ਸਨਸਨੀਖੇਜ਼ ਮਾਮਲੇ ’ਚ ਗ੍ਰਿਫਤਾਰ ਕੀਤੇ ਗਏ ਲੋਕਾਂ ਦੀ ਕੁਲ ਗਿਣਤੀ ਹੁਣ ਨੌਂ ਹੋ ਗਈ ਹੈ, ਜਦਕਿ ਤਿੰਨ ਫਰਾਰ ਹਨ।
ਪੁਲਿਸ ਨੇ ਦਸਿਆ ਕਿ ਹਾਲ ਹੀ ’ਚ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਨਿਤਿਨ ਗੌਤਮ ਸਪਰੇ (32), ਸੰਭਾਜੀ ਕਿਸਾਨ ਪਾਰਧੀ (44), ਪ੍ਰਦੀਪ ਦੱਤੂ ਥੋਮਬਰੇ (37), ਚੇਤਨ ਦਿਲੀਪ ਪਾਰਧੀ ਅਤੇ ਰਾਮ ਫੂਲਚੰਦ ਕਨੌਜੀਆ (43) ਵਜੋਂ ਹੋਈ ਹੈ। ਸਪਰੇ ਡੋਮਬੀਵਲੀ ਦੇ ਰਹਿਣ ਵਾਲੇ ਹਨ, ਸੰਭਾਜੀ ਕਿਸਾਨ ਪਾਰਧੀ ਥੋਮਬਰੇ ਅਤੇ ਚੇਤਨ ਦਿਲੀਪ ਪਾਰਧੀ (27) ਠਾਣੇ ਜ਼ਿਲ੍ਹੇ ਦੇ ਅੰਬਰਨਾਥ ਅਤੇ ਕਨੌਜੀਆ ਰਾਏਗੜ੍ਹ ਦੇ ਪਨਵੇਲ ਦੇ ਰਹਿਣ ਵਾਲੇ ਹਨ।
ਇਕ ਅਧਿਕਾਰੀ ਨੇ ਸਨਿਚਰਵਾਰ ਨੂੰ ਦਸਿਆ ਕਿ ਪੁੱਛ-ਪੜਤਾਲ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਸਪਰੇ ਦੀ ਅਗਵਾਈ ਵਾਲੇ ਗਿਰੋਹ ਨੇ ਐਨ.ਸੀ.ਪੀ. ਨੇਤਾ ਬਾਬਾ ਸਿੱਦੀਕੀ ਦੀ ਹੱਤਿਆ ਲਈ ਵਿਚੋਲੇ ਤੋਂ 50 ਲੱਖ ਰੁਪਏ ਦੀ ਮੰਗ ਕੀਤੀ ਸੀ ਪਰ ਸੌਦੇ ਨੂੰ ਲੈ ਕੇ ਅਸਹਿਮਤੀ ਕਾਰਨ ਅਜਿਹਾ ਨਹੀਂ ਹੋ ਸਕਿਆ।
ਉਨ੍ਹਾਂ ਕਿਹਾ ਕਿ ਸਪਰੇ ਨੂੰ ਇਹ ਵੀ ਪਤਾ ਸੀ ਕਿ ਸਿੱਦੀਕੀ ਇਕ ਅਸਰਦਾਰ ਸਿਆਸਤਦਾਨ ਹੈ ਅਤੇ ਇਸ ਲਈ ਉਸ ਨੂੰ ਮਾਰਨਾ ਉਸ ਦੇ ਗਿਰੋਹ ਲਈ ਵੱਡੀ ਸਮੱਸਿਆ ਪੈਦਾ ਕਰ ਸਕਦਾ ਸੀ ਅਤੇ ਇਸ ਲਈ ਇਨ੍ਹਾਂ ਮੁਲਜ਼ਮਾਂ ਨੇ ਅੱਗੇ ਨਾ ਵਧਣ ਦਾ ਫੈਸਲਾ ਕੀਤਾ। ਪਰ ਮੁਲਜ਼ਮਾਂ ਨੇ ਨਵੇਂ ਨਿਸ਼ਾਨੇਬਾਜ਼ਾਂ ਨੂੰ ਲੋੜੀਂਦੀ ਸਮੱਗਰੀ ਦੀ ਸਪਲਾਈ ਕਰਨ ਅਤੇ ਹੋਰ ਸਹਾਇਤਾ ਪ੍ਰਦਾਨ ਕਰਨ ਦਾ ਫੈਸਲਾ ਕੀਤਾ।
ਅਧਿਕਾਰੀ ਨੇ ਦਸਿਆ ਕਿ ਜਾਂਚਕਰਤਾਵਾਂ ਨੂੰ ਪਤਾ ਲੱਗਾ ਹੈ ਕਿ ਸਪਰੇ ਦੀ ਅਗਵਾਈ ਵਾਲਾ ਗਿਰੋਹ ਗੋਲੀਬਾਰੀ ਹੋਣ ਤਕ ਸਾਜ਼ਸ਼ ਕਰਤਾ ਸ਼ੁਭਮ ਲੋਨਕਰ ਅਤੇ ਮੁੱਖ ਸਾਜ਼ਸ਼ਕਰਤਾ ਮੁਹੰਮਦ ਜ਼ੀਸ਼ਾਨ ਅਖਤਰ ਦੇ ਸੰਪਰਕ ’ਚ ਸੀ। ਮਹਾਰਾਸ਼ਟਰ ਦੇ ਸਾਬਕਾ ਮੰਤਰੀ ਸਿੱਦੀਕੀ (66) ਦੀ 12 ਅਕਤੂਬਰ ਦੀ ਰਾਤ ਨੂੰ ਉਪਨਗਰ ਬਾਂਦਰਾ ’ਚ ਉਨ੍ਹਾਂ ਦੇ ਵਿਧਾਇਕ ਪੁੱਤਰ ਜ਼ੀਸ਼ਾਨ ਸਿੱਦੀਕੀ ਦੇ ਦਫਤਰ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਗਈ ਸੀ। ਇਸ ਮਾਮਲੇ ਦੇ ਮੁੱਖ ਸ਼ੂਟਰ ਸ਼ਿਵਕੁਮਾਰ ਗੌਤਮ, ਸ਼ੁਭਮ ਲੋਨਕਰ ਅਤੇ ਮੁਹੰਮਦ ਜ਼ੀਸ਼ਾਨ ਅਖਤਰ ਹਨ।