
Businessman Pankaj Oswal: ਰਿਹਾਈ ਲਈ ਸੰਯੁਕਤ ਰਾਸ਼ਟਰ ਨੂੰ ਅਪੀਲ ਕੀਤੀ
Businessman Pankaj Oswal: ਭਾਰਤੀ ਮੂਲ ਦੇ ਉਦਯੋਗਪਤੀ ਪੰਕਜ ਓਸਵਾਲ ਨੇ Uganda ਦੇ ਖਿਲਾਫ ਸੰਯੁਕਤ ਰਾਸ਼ਟਰ ਵਿੱਚ ਅਪੀਲ ਦਾਇਰ ਕੀਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ 26 ਸਾਲਾ ਧੀ ਵਸੁੰਧਰਾ ਓਸਵਾਲ ਪਿਛਲੇ 17 ਦਿਨਾਂ ਤੋਂ ਯੁਗਾਂਡਾ ਵਿੱਚ ਗ਼ੈਰਕਾਨੂੰਨੀ ਢੰਗ ਨਾਲ ਨਜ਼ਰਬੰਦ ਹੈ। ਉਥੇ ਉਸ ਨਾਲ ਮਾੜਾ ਸਲੂਕ ਕੀਤਾ ਜਾ ਰਿਹਾ ਹੈ।
ਪੰਕਜ ਨੇ ਸੰਯੁਕਤ ਰਾਸ਼ਟਰ ਦੇ ਕਾਰਜ ਸਮੂਹ ਦੇ ਸਾਹਮਣੇ ਅਪੀਲ ਦਾਇਰ ਕਰਦੇ ਹੋਏ ਕਿਹਾ ਹੈ ਕਿ ਉਹ ਵਸੁੰਧਰਾ ਨਾਲ ਸੰਪਰਕ ਕਰਨ ਦੇ ਯੋਗ ਨਹੀਂ ਹਨ ਅਤੇ ਨਾ ਹੀ ਉਨ੍ਹਾਂ ਨੂੰ ਕਾਨੂੰਨੀ ਮਦਦ ਮਿਲ ਰਹੀ ਹੈ। ਅਜੇ ਤੱਕ ਭਾਰਤ ਸਰਕਾਰ ਜਾਂ ਸੰਯੁਕਤ ਰਾਸ਼ਟਰ ਦੇ ਕਿਸੇ ਅਧਿਕਾਰੀ ਨੇ ਇਸ ਮਾਮਲੇ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।
ਪੰਕਜ ਓਸਵਾਲ ਦੀ ਧੀ ਪੀਆਰਓ ਇੰਡਸਟਰੀਜ਼ ਦੀ ਕਾਰਜਕਾਰੀ ਨਿਰਦੇਸ਼ਕ ਹੈ ਅਤੇ ਕੰਪਨੀ ਦੇ ਮਾਮਲਿਆਂ ਨੂੰ ਸੰਭਾਲਦੀ ਹੈ। ਉਨ੍ਹਾਂ ਦਾ ਯੂਗਾਂਡਾ ਵਿੱਚ ਵੀ ਕਾਰੋਬਾਰ ਹੈ।
ਪੰਕਜ ਓਸਵਾਲ ਆਸਟ੍ਰੇਲੀਆ ਤੋਂ ਭੱਜ ਗਏ ਸਨ ਅਤੇ ਪੰਕਜ ਓਸਵਾਲ ਅਤੇ ਉਸ ਦੀ ਪਤਨੀ ਰਾਧਿਕਾ ਪਹਿਲਾਂ ਵੀ ਵਿਵਾਦਾਂ ਵਿੱਚ ਰਹੇ ਹਨ। ਆਸਟ੍ਰੇਲੀਆ ਵਿਚ, ਉਨ੍ਹਾਂ 'ਤੇ 100 ਮਿਲੀਅਨ ਡਾਲਰ ਦੀ ਟੈਕਸ ਚੋਰੀ ਅਤੇ ਕਰਜ਼ੇ ਦੀ ਧੋਖਾਧੜੀ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਤੋਂ ਬਾਅਦ ਦੋਵਾਂ ਨੇ ਦਸੰਬਰ 2010 'ਚ ਆਸਟ੍ਰੇਲੀਆ ਛੱਡ ਦਿੱਤਾ।
ਪੰਕਜ ਓਸਵਾਲ ਨੇ ਆਸਟ੍ਰੇਲੀਆ ਵਿਚ ਤਾਜ ਮਹਿਲ ਵਰਗਾ ਮਹਿਲ ਬਣਾਉਣਾ ਸ਼ੁਰੂ ਕੀਤਾ। ਕਰੀਬ 70 ਮਿਲੀਅਨ ਡਾਲਰ (ਲਗਭਗ 588 ਕਰੋੜ ਰੁਪਏ) ਦੀ ਲਾਗਤ ਵਾਲੇ ਇਸ ਬੰਗਲੇ ਦਾ ਨਾਂ 'ਤਾਜ ਮਹਿਲ ਆਨ ਦ ਸਵਾਨ' ਰੱਖਿਆ ਗਿਆ ਸੀ। ਟੈਕਸ ਦਾ ਭੁਗਤਾਨ ਨਾ ਕਰਨ ਅਤੇ ਬਿਲਡਿੰਗ ਨਿਯਮਾਂ ਦੀ ਉਲੰਘਣਾ ਕਾਰਨ 2010 ਵਿੱਚ ਇਸ ਦੀ ਉਸਾਰੀ ਰੋਕ ਦਿੱਤੀ ਗਈ ਸੀ ਅਤੇ 2016 ਵਿੱਚ ਇਸ ਨੂੰ ਢਾਹੁਣ ਦੇ ਹੁਕਮ ਦਿੱਤੇ ਗਏ ਸਨ। ਉਨ੍ਹਾਂ ਨੇ ਇਸ 'ਤੇ ਕਰੀਬ 22 ਮਿਲੀਅਨ ਡਾਲਰ (185 ਕਰੋੜ ਰੁਪਏ) ਵੀ ਖਰਚ ਕੀਤੇ ਸਨ।