
ਵਿਦੇਸ਼ ਤੋਂ ਲਿਆਂਦੇ 1.6 ਕਰੋੜ ਰੁਪਏ ਦੇ ਸੋਨੇ ਦੀ ਤਸਕਰੀ ਦੀ ਕੋਸ਼ਿਸ਼ ਕਰਨ ਦਾ ਦੋਸ਼
ਮੁੰਬਈ: ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀ.ਆਰ.ਆਈ.) ਨੇ ਮੁੰਬਈ ਹਵਾਈ ਅੱਡੇ ਉਤੇ 1.6 ਕਰੋੜ ਰੁਪਏ ਮੁੱਲ ਦੇ ਵਿਦੇਸ਼ੀ ਮੂਲ ਦੇ ਸੋਨੇ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ’ਚ ਦੋ ਸਫਾਈ ਕਰਮਚਾਰੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਕ ਅਧਿਕਾਰੀ ਨੇ ਦਸਿਆ ਕਿ ਜਾਂਚ ਵਿਚ ਇਕ ਤਸਕਰੀ ਸਿੰਡੀਕੇਟ ਦਾ ਪਤਾ ਲੱਗਾ ਹੈ ਜਿਸ ਨੇ ਕੌਮਾਂਤਰੀ ਮੁਸਾਫ਼ਰਾਂ ਦੀ ਵਰਤੋਂ ਜਹਾਜ਼ ਵਿਚ ਸੋਨਾ ਲੁਕਾਉਣ ਲਈ ਕੀਤੀ ਸੀ, ਜਿਸ ਨੂੰ ਬਾਅਦ ਵਿਚ ਹਵਾਈ ਅੱਡੇ ਦੇ ਦੋ ਮੁਲਾਜ਼ਮ ਪ੍ਰਾਪਤ ਕਰ ਲੈਂਦੇ ਸਨ।
ਅਧਿਕਾਰੀ ਨੇ ਦਸਿਆ ਕਿ ਦੋ ਮੁਲਜ਼ਮ ਏਅਰਪੋਰਟ ਸਰਵਿਸਿਜ਼ ਕੰਪਨੀ ਦੇ ਕਰਮਚਾਰੀ ਸਨ ਜਿਨ੍ਹਾਂ ਨੂੰ ਸਨਿਚਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ। ਡੀ.ਆਰ.ਆਈ. ਕੋਲ ਖਾਸ ਜਾਣਕਾਰੀ ਸੀ ਕਿ ਵਿਦੇਸ਼ੀ ਮੂਲ ਦਾ ਸੋਨਾ ਇੱਥੇ ਛਤਰਪਤੀ ਸ਼ਿਵਾਜੀ ਮਹਾਰਾਜ ਕੌਮਾਂਤਰੀ ਹਵਾਈ ਅੱਡੇ ਰਾਹੀਂ ਜਹਾਜ਼ ਵਿਚ ਲੁਕਾ ਕੇ ਹਵਾਈ ਅੱਡੇ ਦੇ ਅੰਦਰੂਨੀ ਸਟਾਫ ਰਾਹੀਂ ਪ੍ਰਾਪਤ ਕੀਤਾ ਜਾ ਰਿਹਾ ਸੀ। ਇਸ ਅਨੁਸਾਰ, ਹਵਾਈ ਅੱਡੇ ਉਤੇ ਇਕ ਸੂਝਵਾਨ ਨਿਗਰਾਨੀ ਕੀਤੀ ਗਈ ਸੀ।
ਅਧਿਕਾਰੀ ਨੇ ਦਸਿਆ ਕਿ ਸਫਾਈ ਕਰਮਚਾਰੀਆਂ ਦੇ ਇਕ ਟੀਮ ਲੀਡਰ ਨੂੰ ਡੀ.ਆਰ.ਆਈ. ਦੇ ਜਾਸੂਸਾਂ ਨੂੰ ਵੇਖ ਕੇ ਕਾਹਲੀ ਨਾਲ ਏਅਰੋਬਰਿਜ ਦੀਆਂ ਪੌੜੀਆਂ ਉਤੇ ਪੈਕੇਟ ਰਖਦੇ ਹੋਏ ਵੇਖਿਆ ਗਿਆ। ਉਨ੍ਹਾਂ ਦਸਿਆ ਕਿ ਬਾਅਦ ’ਚ ਇਹ ਪੈਕੇਟ ਬਰਾਮਦ ਕੀਤਾ ਗਿਆ ਅਤੇ ਇਸ ’ਚ ਸੋਨੇ ਦੀ ਧੂੜ ਮੋਮ ਦੇ ਰੂਪ ’ਚ ਪਾਈ ਗਈ, ਜਿਸ ਨੂੰ ਚਿੱਟੇ ਕਪੜੇ ਦੇ ਹੇਠਾਂ ਲੁਕਾਇਆ ਗਿਆ ਸੀ।
ਅਧਿਕਾਰੀ ਨੇ ਦਸਿਆ ਕਿ ਸਟਾਫ ਮੈਂਬਰ ਨੂੰ ਤੁਰਤ ਗ੍ਰਿਫਤਾਰ ਕਰ ਲਿਆ ਗਿਆ ਅਤੇ ਪੁੱਛ-ਪੜਤਾਲ ਦੌਰਾਨ ਉਸ ਨੇ ਪਤਾ ਨਾ ਲੱਗਣ ਲਈ ਪੈਕੇਟ ਨੂੰ ਲੁਕਾਉਣ ਦੀ ਗੱਲ ਕਬੂਲ ਕੀਤੀ। ਉਸ ਨੇ ਅਧਿਕਾਰੀਆਂ ਨੂੰ ਅੱਗੇ ਦਸਿਆ ਕਿ ਉਸ ਦੇ ਸੁਪਰਵਾਈਜ਼ਰ ਨੇ ਇਕ ਜਹਾਜ਼ ਤੋਂ ਸੋਨਾ ਬਰਾਮਦ ਕੀਤਾ ਸੀ ਅਤੇ ਉਸ ਨੂੰ ਸੌਂਪ ਦਿਤਾ ਸੀ। ਅਧਿਕਾਰੀ ਨੇ ਦਸਿਆ ਕਿ ਉਸ ਦੇ ਬਿਆਨ ਦੇ ਆਧਾਰ ਉਤੇ ਸੁਪਰਵਾਈਜ਼ਰ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦਸਿਆ ਕਿ ਕਸਟਮ ਐਕਟ ਤਹਿਤ ਕੁਲ ਮਿਲਾ ਕੇ 1.2 ਕਿਲੋਗ੍ਰਾਮ 24 ਕੈਰੇਟ ਸੋਨੇ ਦੀ ਧੂੜ ਜ਼ਬਤ ਕੀਤੀ ਗਈ ਹੈ, ਜਿਸ ਦੀ ਕੀਮਤ ਲਗਭਗ 1.6 ਕਰੋੜ ਰੁਪਏ ਹੈ।