
ਪੰਜ ਦਿਨ ਮੰਦਰ ’ਚ ਦਿਸਣਗੇ ਹਰ ਪਾਸੇ ਨੋਟ ਹੀ ਨੋਟ
ਰਤਲਾਮ (ਸ਼ਾਹ) : ਦੀਵਾਲੀ ਮੌਕੇ ਇਸ ਵਾਰ ਰਤਲਾਮ ਸ਼ਹਿਰ ਦੇ ਮਾਣਕਚੌਂਕ ਵਿਖੇ ਸਥਿਤ ਸ੍ਰੀ ਮਹਾਂਲਕਸ਼ਮੀ ਮੰਦਰ ਵਿਚ ਵੀ ਕਰੋੜਾਂ ਰੁਪਏ ਦੇ ਨੋਟਾਂ ਨਾਲ ਬੇਹੱਦ ਖ਼ੂਬਸੂਰਤ ਸਜਾਵਟ ਕੀਤੀ ਗਈ ਐ। ਮੰਦਰ ਦੀ ਸਜਾਵਟ ਵਿਚ 10 ਰੁਪਏ ਤੋਂ ਲੈ ਕੇ 500 ਰੁਪਏ ਤੱਕ ਦੇ ਨੋਟਾਂ ਨਾਲ ਬਹੁਤ ਸੋਹਣੀ ਸਜਾਵਟ ਕੀਤੀ ਗਈ ਐ। ਇਸ ਵਾਰ ਪਹਿਲੀ ਵਾਰ ਕਾਲਿਕਾ ਮਾਤਾ ਮੰਦਰ ਖੇਤਰ ਸਥਿਤ ਸ੍ਰੀ ਮਹਾਂਲਕਸ਼ਮੀ ਨਾਰਾਇਣ ਮੰਦਰ ਨੂੰ ਵੀ ਇਸੇ ਤਰੀਕੇ ਨਾਲ ਸਜਾਇਆ ਗਿਆ ਏ।
ਇਸ ਮੰਦਰ ਦੀ ਅਦਭੁਤ ਸਜਾਵਟ ਦੇ ਲਈ ਭਗਤਾਂ ਵੱਲੋਂ ਆਪਣੀਆਂ ਤਿਜੋਰੀਆਂ ਦੇ ਮੂੰਹ ਖੋਲ੍ਹ ਦਿੱਤੇ ਗਏ ਨੇ। ਮੰਦਰ ਵਿਚ ਭੇਂਟ ਕੀਤੀ ਗਈ ਨਕਦੀ ਅਤੇ ਗਹਿਣਿਆਂ ਨੂੰ ਦੀਪ ਉਤਸਵ ਦੇ ਪੰਜ ਦਿਨ ਬਾਅਦ ਪ੍ਰਸਾਦ ਦੇ ਰੂਪ ਵਿਚ ਵਾਪਸ ਕਰ ਦਿੱਤਾ ਜਾਂਦਾ ਹੈ। ਇਸ ਵਾਰ ਮੰਦਰ ਕਮੇਟੀ ਵੱਲੋਂ ਕਿਸੇ ਪਾਸੋਂ ਗਹਿਣੇ ਨਹੀਂ ਲਏ ਗਏ, ਸਿਰਫ਼ ਨੋਟਾਂ ਨਾਲ ਹੀ ਸਜਾਵਟ ਕੀਤੀ ਗਈ ਐ। ਰਤਲਾਮ ਦਾ ਮਹਾਂਲਕਸ਼ਮੀ ਮੰਦਰ ਦੇਸ਼ ਭਰ ਵਿਚ ਪ੍ਰਸਿੱਧ ਐ, ਜਿੱਥੇ ਹਰ ਸਾਲ ਕਰੋੜਾਂ ਰੁਪਏ ਦੇ ਨੋਟਾਂ ਨਾਲ ਮੰਦਰ ਦੀ ਸਜਾਵਟ ਕੀਤੀ ਜਾਂਦੀ ਐ। ਨੋਟ ਦੇਣ ਵਾਲੇ ਭਗਤਾਂ ਦੀ ਆਨਲਾਈਨ ਐਂਟਰੀ ਕੀਤੀ ਗਈ ਐ, ਜਿਸ ਤੋਂ ਬਾਅਦ ਨਕਦੀ ਲੈ ਕੇ ਆਉਣ ਵਾਲੇ ਸ਼ਰਧਾਲੂਆਂ ਨੂੰ ਈ-ਮੇਲ ਜ਼ਰੀਏ ਟੋਕਨ ਨੰਬਰ ਦਿੱਤੇ ਗਏ ਨੇ। ਟੋਕਨ ਹਾਸਲ ਕਰਨ ਤੋਂ ਬਾਅਦ ਓਟੀਪੀ ਦੱਸ ਕੇ ਸ਼ਰਧਾਲੂ ਆਪਣੀ ਰਾਸ਼ੀ ਵਾਪਸ ਲੈ ਸਕਣਗੇ। ਇਸ ਦੇ ਨਾਲ ਹੀ ਸ਼ਰਧਾਲੂਆਂ ਦੇ ਮੋਬਾਇਲ ਨੰਬਰ, ਆਧਾਰ ਨੰਬਰ ਵੀ ਦਿੱਤੇ ਗਏ ਨੇ।
ਮਹਾਂਲਕਸ਼ਮੀ ਮੰਦਰ ਦੀ ਸਜਾਵਟ ਦੇ ਲਈ ਦੀਵਾਲੀ ਤੋਂ ਇਕ ਹਫ਼ਤਾ ਪਹਿਲਾਂ ਹੀ ਤਿਆਰੀ ਸ਼ੁਰੂ ਹੋ ਜਾਂਦੀ ਐ। ਇਸ ਵਾਰ ਸਜਾਵਟ ਦੇ ਲਈ ਰਤਲਾਮ, ਝਾਬੂਆ, ਮੰਦਸੌਰ, ਨੀਮਚ ਤੋਂ ਇਲਾਵਾ ਗੁਜਰਾਤ, ਰਾਜਸਥਾਨ ਦੇ ਭਗਤਾਂ ਵੱਲੋਂ ਸ਼ਰਧਾ ਅਨੁਸਾਰ ਰਾਸ਼ੀ ਜਮ੍ਹਾਂ ਕਰਵਾਈ ਗਈ ਐ। ਕਈ ਭਗਤ ਤਾਂ ਅਜਿਹੇ ਵੀ ਨੇ, ਜਿਨ੍ਹਾਂ ਵੱਲੋਂ 5-5 ਲੱਖ ਰੁਪਏ ਤੱਕ ਮੰਦਰ ਨੂੰ ਦਿੱਤੇ ਗਏ। ਸ਼ਰਧਾਲੂਆਂ ਵੱਲੋਂ ਦਿੱਤੇ ਜਾਣ ਵਾਲੇ ਨੋਟਾਂ ਨਾਲ ਮੰਦਰ ਲਈ ਬੰਦਰਵਾਲ ਬਣਾਏ ਜਾਂਦੇ ਨੇ। ਇਸ ਤੋਂ ਇਲਾਵਾ ਨੋਟਾਂ ਦੀਆਂ ਗੱਦੀਆਂ ਨੂੰ ਮੰਦਰ ਦੇ ਗਰਭ ਗ੍ਰਹਿ ਵਿਚ ਖ਼ਜ਼ਾਨੇ ਦੇ ਰੂਪ ਵਿਚ ਸਜਾਇਆ ਜਾਂਦਾ ਏ। ਕਈ ਭਗਤ ਆਪਣੀਆਂ ਤਿਜੋਰੀਆਂ ਤੱਕ ਮੰਦਰ ਦੀ ਸਜਾਵਟ ਲਈ ਰੱਖ ਜਾਂਦੇ ਨੇ। ਜਾਣਕਾਰੀ ਅਨੁਸਾਰ ਇਸ ਵਾਰ ਮੰਦਰ ਨੂੰ 2 ਕਰੋੜ ਰੁਪਏ ਦੇ ਨੋਟਾਂ ਨਾਲ ਸਜਾਇਆ ਗਿਆ ਏ। ਸਭ ਤੋਂ ਖ਼ਾਸ ਗੱਲ ਇਹ ਐ ਕਿ ਅੱਜ ਤੱਕ ਕਦੇ ਵੀ ਇੱਥੋਂ ਇਕ ਰੁਪਈਆ ਇੱਧਰ ਉਧਰ ਨਹੀਂ ਹੋਇਆ।
ਦੱਸ ਦਈਏ ਕਿ ਰਤਲਾਮ ਦਾ ਇਹ ਮਹਾਲਕਸ਼ਮੀ ਮੰਦਰ ਕਰੀਬ 300 ਸਾਲਾ ਪੁਰਾਣਾ ਦੱਸਿਆ ਜਾਂਦਾ ਏ। ਜਦੋਂ ਮਹਾਰਾਜਾ ਰਤਨ ਸਿੰਘ ਰਾਠੌੜ ਨੇ ਰਤਲਾਮ ਸ਼ਹਿਰ ਵਸਾਇਆ ਸੀ, ਉਦੋਂ ਤੋਂ ਹੀ ਇੱਥੇ ਧੂਮਧਾਮ ਨਾਲ ਦੀਵਾਲੀ ਮਨਾਈ ਜਾਂਦੀ ਐ। ਰਾਜਾ ਰਤਨ ਸਿੰਘ ਰਾਠੌੜ ਆਪਣੀ ਪ੍ਰਜਾ ਦੀ ਖ਼ੁਸ਼ਹਾਲੀ ਦੇ ਲਈ ਪੰਜ ਦਿਨ ਤੱਕ ਆਪਣੀ ਪੂੰਜੀ ਨੂੰ ਮੰਦਰ ਵਿਚ ਰੱਖ ਕੇ ਪੂਜਾ ਕਰਦਾ ਸੀ ਅਤੇ ਖ਼ਜ਼ਾਨੇ ਦੇ ਗਹਿਣਿਆਂ ਨਾਲ ਮਾਤਾ ਦਾ ਸ਼ਿੰਗਾਰ ਕੀਤਾ ਜਾਂਦਾ ਸੀ, ਉਦੋਂ ਹੀ ਇਹ ਪ੍ਰੰਪਰਾ ਚਲੀ ਆ ਰਹੀ ਐ। ਹੁਣ ਵੀ ਜਦੋਂ ਦੀਵਾਲੀ ਤੋਂ ਪਹਿਲਾਂ ਮਾਤਾ ਦੇ ਮੰਦਰ ਦਾ ਅਦਭੁੱਤ ਸ਼ਿੰਗਾਰ ਕੀਤਾ ਜਾਂਦੈ ਤਾਂ ਮੰਦਰ ਦੀ ਸੁਰੱਖਿਆ ਚੌਕਸੀ ਵਧਾ ਦਿੱਤੀ ਜਾਂਦੀ ਐ। ਭਾਰਤ ਭਰ ਵਿਚੋਂ ਲੋਕ ਇਸ ਮੰਦਰ ਦੇ ਦਰਸ਼ਨ ਕਰਨ ਲਈ ਆਉਂਦੇ ਨੇ।
ਬਿਊਰੋ ਰਿਪੋਰਟ, ਰੋਜ਼ਾਨਾ ਸਪੋਕਸਮੈਨ ਟੀਵੀ