
GRAP ਸਟੇਜ 2 ਪਾਬੰਦੀਆਂ ਲਾਗੂ
ਨਵੀਂ ਦਿੱਲੀ: ਪ੍ਰਦੂਸ਼ਣ ਦੇ ਪੱਧਰ ’ਚ ਲਗਾਤਾਰ ਵਾਧੇ ਕਾਰਨ ਦਿੱਲੀ ਦੀ ਹਵਾ ਦੀ ਗੁਣਵੱਤਾ ਐਤਵਾਰ ਨੂੰ ‘ਬਹੁਤ ਖਰਾਬ’ ਸ਼੍ਰੇਣੀ ਦੇ ਨੇੜੇ ਪਹੁੰਚ ਗਈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਮੁਤਾਬਕ ਸ਼ਹਿਰ ’ਚ ਸ਼ਾਮ 4 ਵਜੇ ਏਅਰ ਕੁਆਲਿਟੀ ਇੰਡੈਕਸ (ਏ.ਕਿਊ.ਆਈ.) 296 ਦਰਜ ਕੀਤਾ ਗਿਆ, ਜਿਸ ਨਾਲ ਇਹ ‘ਖਰਾਬ’ ਸ਼੍ਰੇਣੀ ’ਚ ਆ ਗਿਆ। 301 ਤੋਂ 400 ਦੇ ਵਿਚਕਾਰ ਇਕ ਏ.ਕਿਯੂ.ਆਈ. ਰੀਡਿੰਗ ‘ਬਹੁਤ ਮਾੜੀ’ ਸ਼੍ਰੇਣੀ ਵਿਚ ਆਉਂਦੀ ਹੈ। ਕੌਮੀ ਰਾਜਧਾਨੀ ਦੇ 38 ਨਿਗਰਾਨੀ ਸਟੇਸ਼ਨਾਂ ਵਿਚੋਂ 12 ’ਚ ਹਵਾ ਦੀ ਗੁਣਵੱਤਾ ਬਹੁਤ ਖਰਾਬ ਸੀਮਾ ’ਚ ਹੈ। GRAP ਸਟੇਜ 2 ਪਾਬੰਦੀਆਂ ਲਾਗੂ ਕਰ ਦਿੱਤੀਆਂ ਗਈਆਂ ਹਨ।
ਆਨੰਦ ਵਿਹਾਰ ’ਚ ਸੱਭ ਤੋਂ ਵੱਧ 430, ਵਜ਼ੀਰਪੁਰ ’ਚ 364, ਵਿਵੇਕ ਵਿਹਾਰ ’ਚ 351, ਦਵਾਰਕਾ ’ਚ 335 ਅਤੇ ਆਰਕੇ ਪੁਰਮ ’ਚ 323 ਵਾਰ ਵਾਯੂ ਸੂਚਕ ਅੰਕ ਦਰਜ ਕੀਤਾ ਗਿਆ। ਹੋਰ ਇਲਾਕਿਆਂ ਜਿਵੇਂ ਕਿ ਸਿਰੀ ਕਿਲ੍ਹਾ, ਦਿਲਸ਼ਾਦ ਗਾਰਡਨ ਅਤੇ ਜਹਾਂਗੀਰਪੁਰੀ ਵਿਚ 318 ਏ.ਕਿਊ.ਆਈ. ਦਰਜ ਕੀਤਾ ਗਿਆ। ਸੀ.ਪੀ.ਸੀ.ਬੀ. ਦੇ ਅੰਕੜਿਆਂ ਮੁਤਾਬਕ ਪੰਜਾਬੀ ਬਾਗ 313, ਨਹਿਰੂ ਨਗਰ 310, ਅਸ਼ੋਕ ਵਿਹਾਰ 305 ਅਤੇ ਬਵਾਨਾ 304 ਸਥਾਨ ਉਤੇ ਹੈ।
ਭਾਰਤੀ ਮੌਸਮ ਵਿਭਾਗ (ਆਈ.ਐਮ.ਡੀ.) ਅਨੁਸਾਰ, ਸ਼ਹਿਰ ਵਿਚ ਵੱਧ ਤੋਂ ਵੱਧ ਤਾਪਮਾਨ 33.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਮੌਸਮ ਦੇ ਔਸਤ ਤੋਂ 0.9 ਡਿਗਰੀ ਵੱਧ ਹੈ, ਜਦਕਿ ਘੱਟੋ ਘੱਟ ਤਾਪਮਾਨ 20.6 ਡਿਗਰੀ ਸੈਲਸੀਅਸ ਰਿਹਾ, ਜੋ ਆਮ ਨਾਲੋਂ 2.2 ਡਿਗਰੀ ਵੱਧ ਹੈ। ਸਵੇਰੇ 8:30 ਵਜੇ ਸਾਪੇਖਿਕ ਨਮੀ 71 ਫ਼ੀ ਸਦੀ ਸੀ ਅਤੇ ਸ਼ਾਮ 5.30 ਵਜੇ ਤਕ 91 ਫ਼ੀ ਸਦੀ ਹੋ ਗਈ।
ਮੌਸਮ ਵਿਭਾਗ ਨੇ ਸੋਮਵਾਰ ਸਵੇਰੇ ਧੁੰਦ ਦੀ ਭਵਿੱਖਬਾਣੀ ਕੀਤੀ ਹੈ, ਜਿਸ ਵਿਚ ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਕ੍ਰਮਵਾਰ 33 ਡਿਗਰੀ ਸੈਲਸੀਅਸ ਅਤੇ 21 ਡਿਗਰੀ ਸੈਲਸੀਅਸ ਦੇ ਆਸ ਪਾਸ ਰਹਿਣ ਦੀ ਸੰਭਾਵਨਾ ਹੈ।