
ਦਿੱਲੀ ਹਾਈ ਕੋਰਟ ਨੇ ਔਰਤ ਦੀ ਸੱਸ ਵਲੋਂ ਦਾਇਰ ਅਰਜ਼ੀ ਨੂੰ ਖਾਰਜ ਕੀਤਾ
ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਕਿਹਾ ਹੈ ਕਿ ਵਿਆਹ ਤੋਂ ਬਾਅਦ ਜੇ ਪਤਨੀ ਸਾਂਝੇ ਘਰ ਵਿੱਚ ਰਹਿੰਦੀ ਹੈ ਅਤੇ ਬਾਅਦ ਵਿੱਚ ਜੇ ਪਤੀ ਨੂੰ ਉਸ ਦੇ ਮਾਪਿਆਂ ਵੱਲੋਂ ਬੇਦਖਲ ਕਰ ਦਿੱਤਾ ਜਾਂਦਾ ਹੈ, ਇਸ ਦੇ ਬਾਵਜੂਦ ਉਸ ਦੀ ਪਤਨੀ ਉੱਥੇ ਰਹਿਣ ਦੀ ਹੱਕਦਾਰ ਹੈ। ਜਸਟਿਸ ਸੰਜੀਵ ਨਰੂਲਾ ਨੇ ਇਹ ਟਿੱਪਣੀ ਔਰਤ ਦੀ ਸੱਸ ਵਲੋਂ ਦਾਇਰ ਅਰਜ਼ੀ ਨੂੰ ਖਾਰਜ ਕਰਦਿਆਂ ਕੀਤੀ।
ਅਦਾਲਤ ਨੇ ਕਿਹਾ ਕਿ ਨੂੰਹ ਨੂੰ ਕਾਨੂੰਨੀ ਪ੍ਰਕਿਰਿਆ ਤੋਂ ਬਿਨਾਂ ਬੇਦਖਲ ਨਹੀਂ ਕੀਤਾ ਜਾ ਸਕਦਾ। ਐਡਵੋਕੇਟ ਸੰਵੇਦਨਾ ਵਰਮਾ ਨੂੰਹ ਵਲੋਂ ਪੇਸ਼ ਹੋਈ ਜਦੋਂ ਕਿ ਸਹੁਰਾ ਪਰਿਵਾਰ ਦੀ ਨੁਮਾਇੰਦਗੀ ਵਕੀਲ ਕਾਜਲ ਚੰਦਰ ਨੇ ਕੀਤੀ। ਪਟੀਸ਼ਨ ਅਨੁਸਾਰ 2010 ਵਿੱਚ ਦੋਵਾਂ ਦਾ ਵਿਆਹ ਹੋਇਆ ਤੇ ਇਸ ਤੋਂ ਬਾਅਦ 2011 ਵਿੱਚ ਸਬੰਧ ਵਿਗੜ ਗਏ। ਪਟੀਸ਼ਨਕਰਤਾਵਾਂ ਨੇ ਦਲੀਲ ਦਿੱਤੀ ਕਿ ਇਹ ਜਾਇਦਾਦ ਸਵਰਗੀ ਦਲਜੀਤ ਸਿੰਘ ਦੀ ਸਵੈ-ਪ੍ਰਾਪਤ ਜਾਇਦਾਦ ਸੀ ਅਤੇ ਇਸ ਲਈ ਇਸ ਨੂੰ ਸਾਂਝਾ ਘਰ ਨਹੀਂ ਮੰਨਿਆ ਜਾ ਸਕਦਾ।