
ਮੈਨੇਜਮੈਂਟ ਨੇ ਅੱਗੇ ਤੋਂ ਇੰਸਟੀਚਿਊਟ ’ਚ ਕਦੇ ਵੀ ਸਟੈਂਡ-ਅੱਪ ਕਾਮੇਡੀ ਕਰਨ ਤੋਂ ਕੀਤੀ ਤੌਬਾ
ਦੁਰਗ : ਛੱਤੀਸਗੜ੍ਹ ਦੇ ਦੁਰਗ ਜ਼ਿਲ੍ਹੇ ਦੇ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈ.ਆਈ.ਟੀ.) ਭਿਲਾਈ ’ਚ ਇਕ ਸ਼ੋਅ ਦੌਰਾਨ ਕਥਿਤ ਤੌਰ ’ਤੇ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਨ ਦੇ ਦੋਸ਼ ’ਚ ਇਕ ਸਟੈਂਡ-ਅੱਪ ਕਾਮੇਡੀਅਨ ’ਤੇ ਮਾਮਲਾ ਦਰਜ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦਸਿਆ ਕਿ 15 ਨਵੰਬਰ ਨੂੰ ਹੋਏ ਇਸ ਸ਼ੋਅ ’ਚ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ, ਪ੍ਰੋਫੈਸਰਾਂ ਅਤੇ ਸੰਸਥਾ ਦੇ ਅਧਿਕਾਰੀਆਂ ਨੇ ਹਿੱਸਾ ਲਿਆ ਸੀ।
ਆਈ.ਆਈ.ਟੀ. ਭਿਲਾਈ ਦੇ ਡਾਇਰੈਕਟਰ ਪ੍ਰੋਫੈਸਰ ਰਾਜੀਵ ਪ੍ਰਕਾਸ਼ ਨੇ ਕਿਹਾ ਕਿ ਜਦੋਂ ਰਾਠੀ ਨੇ ਅਪਣੇ ਸ਼ੋਅ ਦੌਰਾਨ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਨੀ ਸ਼ੁਰੂ ਕੀਤੀ ਤਾਂ ਮੈਨੇਜਮੈਂਟ ਨੇ ਉਸ ਨੂੰ ਰੋਕ ਦਿਤਾ ਅਤੇ ਉਸ ਨੂੰ ਸਟੇਜ ਤੋਂ ਹੇਠਾਂ ਉਤਰਨ ਲਈ ਕਿਹਾ।
ਪ੍ਰਕਾਸ਼ ਨੇ ਕਿਹਾ ਕਿ ਪਹਿਲਾਂ ਵੀ ਸੰਸਥਾ ਦੇ ਸਾਲਾਨਾ ਫੈਸਟੀਵਲ ਦੌਰਾਨ ਸਟੈਂਡ-ਅੱਪ ਕਾਮੇਡੀ ਕਰਵਾਈ ਹੈ ਪਰ ਕਲਾਕਾਰਾਂ ਨੇ ਕਦੇ ਵੀ ਅਜਿਹੀ ਭਾਸ਼ਾ ਦੀ ਵਰਤੋਂ ਨਹੀਂ ਕੀਤੀ। ਉਨ੍ਹਾਂ ਕਿਹਾ, ‘‘ਜਦੋਂ ਰਾਠੀ ਨੇ ਅਜਿਹੀ ਭਾਸ਼ਾ ਦੀ ਵਰਤੋਂ ਕੀਤੀ ਤਾਂ ਅਸੀਂ ਹੈਰਾਨ ਰਹਿ ਗਏ।’’ ਪ੍ਰਕਾਸ਼ ਨੇ ਕਿਹਾ ਕਿ ਹੁਣ ਮੈਨੇਜਮੈਂਟ ਨੇ ਫੈਸਲਾ ਕੀਤਾ ਹੈ ਕਿ ਇੰਸਟੀਚਿਊਟ ’ਚ ਕਦੇ ਵੀ ਸਟੈਂਡ-ਅੱਪ ਕਾਮੇਡੀ ਨਹੀਂ ਕੀਤੀ ਜਾਵੇਗੀ। ਮੈਨੇਜਮੈਂਟ ਨੇ ਰਾਠੀ ਵਿਰੁਧ ਪੁਲਿਸ ਸ਼ਿਕਾਇਤ ਦਰਜ ਕਰਵਾਈ ਹੈ।
ਦੁਰਗ ਜ਼ਿਲ੍ਹੇ ਦੇ ਪੁਲਿਸ ਸੁਪਰਡੈਂਟ ਜਿਤੇਂਦਰ ਸ਼ੁਕਲਾ ਨੇ ਦਸਿਆ ਕਿ ਕੁੱਝ ਸੰਗਠਨਾਂ ਅਤੇ ਆਈ.ਆਈ.ਟੀ. ਮੈਨੇਜਮੈਂਟ ਵਲੋਂ ਕਾਮੇਡੀਅਨ ਯਸ਼ ਰਾਠੀ ਵਿਰੁਧ ਸ਼ਿਕਾਇਤ ਕਰਨ ਤੋਂ ਬਾਅਦ ਸੋਮਵਾਰ ਨੂੰ ਜੇਵਰਾ ਸਿਰਸਾ ਪੁਲਿਸ ਚੌਕੀ ’ਚ ਭਾਰਤੀ ਦੰਡਾਵਲੀ ਦੀ ਧਾਰਾ 296 (ਅਸ਼ਲੀਲ ਹਰਕਤਾਂ) ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਆਈ.ਆਈ.ਟੀ. ਭਿਲਾਈ ’ਚ ਵਿਦਿਆਰਥੀ ਕੌਂਸਲ ਵਲੋਂ ਕਰਵਾਏ ਸਾਲਾਨਾ ਤਿਉਹਾਰ ਦੌਰਾਨ ਰਾਠੀ ਦੀ ਪੇਸ਼ਕਾਰੀ ਦੀ ਇਕ ਕਲਿੱਪ ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਹੈ ਜਿਸ ’ਚ ਉਸ ਨੂੰ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਦੇ ਸੁਣਿਆ ਜਾ ਸਕਦਾ ਹੈ।
ਵੀਡੀਉ ਵਾਇਰਲ ਹੋਣ ਮਗਰੋਂ ਭਾਰਤੀ ਜਨਤਾ ਯੁਵਾ ਮੋਰਚਾ (ਬੀ.ਜੇ.ਵਾਈ.ਐਮ.), ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ ਅਤੇ ਕਰਣੀ ਫ਼ੌਜ ਸਮੇਤ ਕਈ ਸੰਗਠਨਾਂ ਨੇ ਇਸ ਸਬੰਧ ’ਚ ਆਈ.ਆਈ.ਟੀ. ਮੈਨੇਜਮੈਂਟ, ਪ੍ਰਸ਼ਾਸਨ ਅਤੇ ਪੁਲਿਸ ਕੋਲ ਸ਼ਿਕਾਇਤਾਂ ਦਰਜ ਕਰਵਾਈਆਂ ਸਨ। ਬਾਅਦ ’ਚ ਆਈ.ਆਈ.ਟੀ. ਮੈਨੇਜਮੈਂਟ ਨੇ ਇਸ ਸਬੰਧ ’ਚ ਪੁਲਿਸ ’ਚ ਸ਼ਿਕਾਇਤ ਵੀ ਦਰਜ ਕਰਵਾਈ ਸੀ।