
ਪੁਲਿਸ ਨੇ ਬੱਚੇ ਦੇ ਪਰਿਵਾਰ ਦੀ ਸ਼ਿਕਾਇਤ ’ਤੇ ਮੁਲਜ਼ਮ ਅਧਿਆਪਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਫਿਲਹਾਲ ਦੋਸ਼ੀ ਅਧਿਆਪਕ ਫਰਾਰ ਹੈ।
ਬੰਗਲੁਰੂ: ਕਰਨਾਟਕ ਦੇ ਇਕ ਸਕੂਲ ਵਿਚ ਚੌਥੀ ਜਮਾਤ ਦੇ ਵਿਦਿਆਰਥੀ ਦੀ ਅਧਿਆਪਕ ਵੱਲੋਂ ਕੁੱਟਮਾਰ ਕਰਕੇ ਮੌਤ ਹੋ ਗਈ। ਪੁਲਿਸ ਮੁਤਾਬਕ ਅਧਿਆਪਕ ਨੇ ਪਹਿਲਾਂ 10 ਸਾਲਾ ਵਿਦਿਆਰਥੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ, ਫਿਰ ਉਸ ਨੂੰ ਸਕੂਲ ਦੀ ਪਹਿਲੀ ਮੰਜ਼ਿਲ ਤੋਂ ਧੱਕਾ ਦੇ ਦਿੱਤਾ। ਬੱਚੇ ਨੂੰ ਗੰਭੀਰ ਹਾਲਤ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਬੱਚੇ ਦੇ ਪਰਿਵਾਰ ਦੀ ਸ਼ਿਕਾਇਤ ’ਤੇ ਮੁਲਜ਼ਮ ਅਧਿਆਪਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਫਿਲਹਾਲ ਦੋਸ਼ੀ ਅਧਿਆਪਕ ਫਰਾਰ ਹੈ।
ਗਡਕ ਜ਼ਿਲ੍ਹੇ ਦੇ ਸੀਨੀਅਰ ਪੁਲਿਸ ਅਧਿਕਾਰੀ ਸ਼ਿਵਪ੍ਰਕਾਸ਼ ਦੇਵਰਾਜੂ ਨੇ ਦੱਸਿਆ,''ਮਾਮਲਾ ਸੂਬੇ ਦੇ ਉੱਤਰੀ ਹਿੱਸੇ ਦੇ ਹਗਲੀ ਪਿੰਡ ਦੇ ਆਦਰਸ਼ ਪ੍ਰਾਇਮਰੀ ਸਕੂਲ ਨਾਲ ਸਬੰਧਤ ਹੈ। ਇਲਜ਼ਾਮ ਹੈ ਕਿ ਸਕੂਲ ਵਿਚ ਕੰਟਰੈਕਟ ਅਧਿਆਪਕ ਮੁਥੱਪਾ ਨੇ ਚੌਥੀ ਜਮਾਤ ਦੇ ਵਿਦਿਆਰਥੀ ਭਰਤ ਨੂੰ ਬੁਰੀ ਤਰ੍ਹਾਂ ਕੁੱਟਿਆ। ਫਿਰ ਉਸ ਨੂੰ ਬਾਲਕੋਨੀ ਤੋਂ ਸੁੱਟ ਦਿੱਤਾ”।
ਪੁਲਿਸ ਅਨੁਸਾਰ ਦੋਸ਼ੀ ਅਧਿਆਪਕ ਨੇ ਵਿਦਿਆਰਥੀ ਭਰਤ ਦੀ ਮਾਂ, ਜੋ ਕਿ ਸਕੂਲ ਵਿਚ ਅਧਿਆਪਕ ਵੀ ਹੈ, ਦੀ ਵੀ ਕੁੱਟਮਾਰ ਕੀਤੀ ਸੀ। ਫਿਲਹਾਲ ਉਸ ਦਾ ਸਥਾਨਕ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਪੁਲਿਸ ਮੁਤਾਬਕ ਕੁੱਟਮਾਰ ਦਾ ਕਾਰਨ ਪਰਿਵਾਰਕ ਝਗੜਾ ਹੋ ਸਕਦਾ ਹੈ। ਫਿਲਹਾਲ ਪੁਲਿਸ ਦੋਸ਼ੀ ਅਧਿਆਪਕ ਦੀ ਭਾਲ ਕਰ ਰਹੀ ਹੈ। ਇਸ ਤੋਂ ਪਹਿਲਾਂ ਦਿੱਲੀ ਵਿਚ ਵੀ ਅਜਿਹਾ ਮਾਮਲਾ ਸਾਹਮਣੇ ਆਇਆ ਸੀ।