
ਦੱਸਿਆ ਜਾ ਰਿਹਾ ਹੈ ਕਿ ਅਤਿਵਾਦੀ ਹਬੀਬੁੱਲਾ ਪੁਲਵਾਮਾ ਅਤੇ ਉੜੀ ਹਮਲਿਆਂ 'ਚ ਸ਼ਾਮਲ ਸੀ
Habibullah : ਪਾਕਿਸਤਾਨ ਵਿਚ ਇੱਕ ਹੋਰ ਵੱਡਾ ਅਤਿਵਾਦੀ ਮਾਰਿਆ ਗਿਆ ਹੈ। ਲਸ਼ਕਰ-ਏ-ਤੋਇਬਾ ਦੇ ਅਤਿਵਾਦੀ ਹਬੀਬੁੱਲਾ ਦੀ ਪਾਕਿਸਤਾਨ ਵਿਚ ਇੱਕ ਅਣਪਛਾਤੇ ਬੰਦੂਕਧਾਰੀ ਨੇ ਹੱਤਿਆ ਕਰ ਦਿੱਤੀ ਹੈ। ਹਾਲਾਂਕਿ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਲਸ਼ਕਰ ਦੇ ਅਤਿਵਾਦੀ ਹਬੀਬੁੱਲਾ ਨੂੰ ਕਿਸ ਨੇ ਗੋਲੀ ਮਾਰ ਕੇ ਮਾਰਿਆ ਹੈ। ਅਤਿਵਾਦੀ ਹਬੀਬੁੱਲਾ ਲਸ਼ਕਰ ਦੇ ਮੁਖੀ ਹਾਫਿਜ਼ ਸਈਦ ਦਾ ਬਹੁਤ ਕਰੀਬੀ ਸੀ ਅਤੇ ਉਸ ਦੀ ਹੱਤਿਆ ਨੂੰ ਸਈਦ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਅਤਿਵਾਦੀ ਹਬੀਬੁੱਲਾ ਪੁਲਵਾਮਾ ਅਤੇ ਉੜੀ ਹਮਲਿਆਂ 'ਚ ਸ਼ਾਮਲ ਸੀ। ਅਤਿਵਾਦੀ ਹਬੀਬੁੱਲਾ ਨੂੰ ਪਖਤੂਨਖਵਾ ਸੂਬੇ 'ਚ ਇਕ ਬੰਦੂਕਧਾਰੀ ਨੇ ਨਿਸ਼ਾਨਾ ਬਣਾ ਕੇ ਗੋਲੀ ਮਾਰ ਦਿੱਤੀ ਸੀ। ਲਸ਼ਕਰ ਦੇ ਅਤਿਵਾਦੀ ਹਬੀਬੁੱਲਾ ਬਾਰੇ ਕਿਹਾ ਜਾਂਦਾ ਹੈ ਕਿ ਉਹ ਪਾਕਿਸਤਾਨ ਵਿਚ ਲੋਕਾਂ ਨੂੰ ਅਤਿਵਾਦੀ ਬਣਨ ਲਈ ਪ੍ਰੇਰਿਤ ਕਰਦਾ ਸੀ ਅਤੇ ਉਹੀ ਉਹ ਵਿਅਕਤੀ ਸੀ ਜਿਸ ਨੇ ਉਨ੍ਹਾਂ ਨੂੰ ਲਸ਼ਕਰ ਵਿਚ ਭਰਤੀ ਕੀਤਾ ਸੀ। ਮੀਡੀਆ ਰਿਪੋਰਟਾਂ ਮੁਤਾਬਕ ਪਾਕਿਸਤਾਨ 'ਚ ਵੱਖ-ਵੱਖ ਥਾਵਾਂ 'ਤੇ ਅਣਪਛਾਤੇ ਬੰਦੂਕਧਾਰੀਆਂ ਵੱਲੋਂ ਹੁਣ ਤੱਕ ਕਰੀਬ 23 ਅਤਿਵਾਦੀਆਂ ਨੂੰ ਮਾਰ ਦਿੱਤਾ ਗਿਆ ਹੈ।
ਹਬੀਬੁੱਲਾ ਕੌਣ ਸੀ?
1. ਅਤਿਵਾਦੀ ਹਬੀਬੁੱਲਾ ਨੂੰ ਖਾਨ ਬਾਬਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ।
2. ਉਹ ਪਖਤੂਨਖਵਾ ਸੂਬੇ ਵਿਚ ਇੱਕ ਨਿਸ਼ਾਨਾ ਹਮਲੇ ਵਿਚ ਮਾਰਿਆ ਗਿਆ ਸੀ।
3. ਹਬੀਬੁੱਲਾ ਲਸ਼ਕਰ ਮੁਖੀ ਹਾਫਿਜ਼ ਸਈਦ ਦਾ ਕਰੀਬੀ ਸਾਥੀ ਸੀ।
4. ਹਬੀਬੁੱਲਾ ਲਸ਼ਕਰ-ਏ-ਤੋਇਬਾ ਲਈ ਨੌਜਵਾਨਾਂ ਦੀ ਭਰਤੀ ਅਤੇ ਸਿਖਲਾਈ ਅਤੇ ਉਨ੍ਹਾਂ ਨੂੰ ਭਾਰਤ ਵਿਚ ਅਤਵਾਦੀ ਹਮਲੇ ਕਰਨ ਲਈ ਸਰਹੱਦ ਪਾਰ ਭੇਜਣ ਲਈ ਜ਼ਿੰਮੇਵਾਰ ਸੀ।
5. ਉਹ 2016 ਦੇ ਉੜੀ ਹਮਲੇ ਦੀ ਯੋਜਨਾ ਬਣਾਉਣ ਅਤੇ ਉਸ ਨੂੰ ਅੰਜਾਮ ਦੇਣ ਵਿਚ ਸ਼ਾਮਲ ਸੀ, ਜਿਸ ਵਿਚ ਲਗਭਗ 20 ਭਾਰਤੀ ਫੌਜ ਦੇ ਜਵਾਨ ਸ਼ਹੀਦ ਹੋਏ ਸਨ।
6. ਉਹ 2019 ਦੇ ਪੁਲਵਾਮਾ ਹਮਲੇ ਵਿਚ ਵੀ ਸ਼ਾਮਲ ਸੀ, ਜਿਸ ਵਿਚ ਸੀਆਰਪੀਐਫ ਦੇ 40 ਜਵਾਨ ਸ਼ਹੀਦ ਹੋਏ ਸਨ।
7. ਉਹ 2020 ਦੇ ਨਗਰੋਟਾ ਜੰਮੂ ਮੁਕਾਬਲੇ ਵਿਚ ਵੀ ਸ਼ਾਮਲ ਸੀ।
8. ਹਬੀਬੁੱਲਾ ਪਾਕਿਸਤਾਨ ਨੈਸ਼ਨਲ ਅਸੈਂਬਲੀ ਦੇ ਸਾਬਕਾ ਮੈਂਬਰ ਡਾਵਰ ਖਾਨ ਕੁੰਡੀ ਦਾ ਚਚੇਰਾ ਭਰਾ ਸੀ।