
ਪੁਣੇ 'ਚ ਮਰਾਠੇ ਅਤੇ ਦਲਿਤ ਭਿੜੇ, ਇਕ ਹਲਾਕ
ਕਈ ਥਾਈਂ ਹਿੰਸਾ, ਭੰਨਤੋੜ, ਅੱਗਜ਼ਨੀ
ਪੁਣੇ, 2 ਜਨਵਰੀ : ਭੀਮਾ-ਕੋਰੇਗਾਂਵ ਦੀ 200 ਸਾਲ ਪੁਰਾਣੀ ਜੰਗ ਦੀ ਬਰਸੀ ਮੌਕੇ ਮਹਾਰਾਸ਼ਟਰ ਵਿਚ ਜਾਤੀਗਤ ਤਣਾਅ ਫੈਲ ਗਿਆ ਹੈ। ਕਈ ਪਿੰਡਾਂ ਵਿਚ ਦਲਿਤ ਅਤੇ ਮਰਾਠਾ ਤਬਕੇ ਆਪਸ ਵਿਚ ਭਿੜ ਗਏ ਜਿਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਮੁੰਬਈ ਸਮੇਤ ਕਈ ਇਲਾਕਿਆਂ ਵਿਚ ਹਿੰਸਾ ਫੈਲ ਗਈ ਹੈ। ਵਿਵਾਦ ਦੀ ਸ਼ੁਰੂਆਤ ਕਲ ਉਦੋਂ ਹੋਈ ਸੀ ਜਦ ਪੁਣੇ ਤੋਂ ਕਰੀਬ 30 ਕਿਲੋਮੀਟਰ ਦੂਰ ਪੈਂਦੇ ਅਹਿਮਦਨਗਰ ਹਾਈਵੇਅ 'ਤੇ ਹੋਈ ਝੜਪ ਵਿਚ ਇਕ ਸ਼ਖ਼ਸ ਦੀ ਮੌਤ ਹੋ ਗਈ। ਇਸ ਦੇ ਵਿਰੋਧ ਵਿਚ ਅੱਜ ਮਹਾਰਾਸ਼ਟਰ ਦੇ 13 ਸ਼ਹਿਰਾਂ ਵਿਚ ਦਲਿਤਾਂ ਦੇ ਪ੍ਰਦਰਸ਼ਨ ਹੋਏ। ਕਈ ਥਾਈਂ ਹਿੰਸਕ ਘਟਨਾਵਾਂ ਵਾਪਰੀਆਂ। ਪ੍ਰਦਰਸ਼ਨਕਾਰੀਆਂ ਨੇ ਗੱਡੀਆਂ ਦੀ ਭੰਨਤੋੜ ਕੀਤੀ ਅਤੇ ਸੈਂਕੜੇ ਬਸਾਂ ਨੂੰ ਅੱਗ ਲਾ ਦਿਤੀ। ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫੜਨਵੀਸ ਨੇ ਘਟਨਾ ਦੀ ਮੈਜਿਸਟਰੇਟੀ ਜਾਂਚ ਦੇ ਹੁਕਮ ਦੇ ਦਿਤੇ ਹਨ। ਉਨ੍ਹਾਂ ਕਿਹਾ ਕਿ ਕੁੱਝ ਬਾਹਰੀ ਲੋਕ ਇਥੇ ਆ ਕੇ ਹਿੰਸਾ ਭੜਕਾ ਰਹੇ ਹਨ।
ਇਸੇ ਦੌਰਾਨ ਡਾ. ਭੀਮਰਾਉ ਅੰਬੇਦਕਰ ਦੇ ਪੋਤੇ ਅਤੇ ਦਲਿਤ ਨੇਤਾ ਪ੍ਰਕਾਸ਼ ਅੰਬੇਦਕਰ ਨੇ ਬੁਧਵਾਰ ਨੂੰ ਮਹਾਰਾਸ਼ਟਰ ਬੰਦ ਦੀ ਅਪੀਲ ਕੀਤੀ ਹੈ। ਕਰੀਬ 100 ਜਣਿਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ਅਤੇ ਦੋ ਜਣਿਆਂ ਵਿਰੁਧ ਪਰਚਾ ਦਰਜ ਕੀਤਾ ਗਿਆ ਹੈ। 1 ਜਨਵਰੀ 1818 ਨੂੰ ਕੋਰੇਗਾਂਵ ਭੀਮਾ ਦੀ ਲੜਾਈ ਮਹਾਰ ਅਤੇ ਪੇਸ਼ਵਾ ਫ਼ੌਜੀਆਂ ਵਿਚਕਾਰ ਲੜੀ ਗਈ ਸੀ। ਅੰਗਰੇਜ਼ਾਂ ਵਲ 500 ਲੜਾਕੇ ਸਨ ਜਿਨ੍ਹਾਂ ਵਿਚ 450 ਮਹਾਰ ਫ਼ੌਜੀ ਸਨ ਅਤੇ ਪੇਸ਼ਵਾ ਬਾਜ਼ੀਰਾਉ ਦੇ 28000 ਪੇਸ਼ਵਾ ਫ਼ੌਜੀ ਸਨ। ਮਹਿਜ਼ 500 ਮਹਾਰ ਫ਼ੌਜੀਆਂ ਨੇ ਪੇਸ਼ਵਾ ਦੀ ਸ਼ਕਤੀਸ਼ਾਲੀ ਮਰਾਠਾ ਫ਼ੌਜ ਨੂੰ ਹਰਾ ਦਿਤਾ ਸੀ। ਅੰਗਰੇਜ਼ਾਂ ਨੇ ਅਪਣੀ ਜਿੱਤ ਦੀ ਯਾਦ ਵਿਚ ਕੋਰੇਗਾਂਵ ਵਿਚ ਯਾਦਗਾਰ ਬਣਾਈ ਸੀ। ਬਾਅਦ ਵਿਚ ਇਹ ਦਲਿਤਾਂ ਦੀ ਜਿੱਤ ਦਾ ਪ੍ਰਤੀਕ ਬਣ ਗਈ। ਡਾ. ਭੀਮ ਰਾਉ ਅੰਬੇਦਕਰ 1927 ਵਿਚ ਇਸ ਯਾਦਗਾਰ 'ਤੇ ਆਏ ਸਨ। ਹਰ ਸਾਲ ਹਜ਼ਾਰਾਂ ਦਲਿਤ ਇਸ ਯਾਦਗਾਰ 'ਤੇ ਸ਼ਰਧਾਂਜਲੀ ਦਿੰਦੇ ਹਨ। ਕਲ ਰਿਪਬਲਿਕ ਪਾਰਟੀ ਆਫ਼ ਇੰਡੀਆ (ਅਠਾਵਲੇ) ਨੇ ਜੰਗ ਦੀ 200ਵੀਂ ਬਰਸੀ 'ਤੇ ਪ੍ਰੋਗਰਾਮ ਕਰਾਇਆ ਸੀ ਜਿਸ ਵਿਚ ਸੁਬੇ ਦੇ ਮੰਤਰੀ ਵੀ ਸ਼ਾਮਲ ਹੋਏ ਅਤੇ ਦੇਸ਼ ਭਰ ਤੋਂ ਕਰੀਬ 2 ਲੱਖ ਦਲਿਤ ਪੁੱਜੇ। ਉਧਰ, ਮਰਾਠਾ ਲੋਕ ਇਸ ਪ੍ਰੋਗਰਾਮ ਦਾ ਵਿਰੋਧ ਕਰ ਰਹੇ ਸਨ। (ਏਜੰਸੀ)