‘ਬਰਤਾਨੀਆ ਅਤੇ ਓਮਾਨ ਨਾਲ ਮੁਕਤ ਵਪਾਰ ਸਮਝੌਤਾ (ਐਫ਼.ਟੀ.ਏ.) ਵੀ ਅਪ੍ਰੈਲ ’ਚ ਲਾਗੂ ਹੋਣ ਦੀ ਉਮੀਦ’
ਨਵੀਂ ਦਿੱਲੀ: ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਸ਼ੁਕਰਵਾਰ ਨੂੰ ਕਿਹਾ ਕਿ ਭਾਰਤ ਅਤੇ ਅਮਰੀਕਾ ਦੇ ਵਿਚਕਾਰ ਅੰਤਰਿਮ ਵਪਾਰ ਸਮਝੌਤੇ ’ਤੇ ਮਾਰਚ ’ਚ ਦਸਤਖ਼ਤ ਹੋਣ ਅਤੇ ਅਪ੍ਰੈਲ ’ਚ ਇਸ ਦੇ ਲਾਗੂ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਬਰਤਾਨੀਆ ਅਤੇ ਓਮਾਨ ਨਾਲ ਮੁਕਤ ਵਪਾਰ ਸਮਝੌਤੇ (ਐਫ਼.ਟੀ.ਏ.) ਵੀ ਅਪ੍ਰੈਲ ’ਚ ਲਾਗੂ ਹੋਣ ਦੀ ਉਮੀਦ ਹੈ।
ਨਿਊਜ਼ੀਲੈਂਡ ਨਾਲ ਸਮਝੌਤਾ ਸਤੰਬਰ ’ਚ ਲਾਗੂ ਹੋ ਸਕਦਾ ਹੈ। ਭਾਰਤ ਅਤੇ ਅਮਰੀਕਾ ਦੇ ਅਧਿਕਾਰੀਆਂ ਵਿਚਕਾਰ ਅੰਤਰਿਮ ਵਪਾਰ ਸਮਝੌਤੇ ਦੇ ਕਾਨੂੰਨੀ ਖਰੜੇ ਨੂੰ ਅੰਤਮ ਰੂਪ ਦੇਣ ਲਈ ਤਿੰਨ ਦਿਨਾਂ ਦੀ ਬੈਠਕ 23 ਫ਼ਰਵਰੀ ਤੋਂ ਅਮਰੀਕਾ ’ਚ ਸ਼ੁਰੂ ਹੋਵੇਗੀ। ਇਸ ਮਹੀਨੇ ਦੀ ਸ਼ੁਰੂਆਤ ’ਚ ਭਾਰਤ ਅਤੇ ਅਮਰੀਕਾ ਨੇ ਇਕ ਸਾਂਝਾ ਬਿਆਨ ਜਾਰੀ ਕਰ ਕੇ ਐਲਾਨ ਕੀਤਾ ਸੀ ਕਿ ਅੰਤਰਿਮ ਵਪਾਰ ਸਮਝੌਤੇ ਲਈ ਰੂਪਰੇਖਾ ਤੈਅ ਕਰ ਲਈ ਗਈ ਹੈ।
