
ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਸੁਣਵਾਈ ਦੌਰਾਨ ਬੈਂਚ ਨੂੰ ਦੱਸਿਆ ਗਿਆ ਕਿ 10 ਅਪ੍ਰੈਲ ਤੋਂ ਦਿਨ-ਰਾਤ ਸੇਵਾਵਾਂ ਲਈ ਏਅਰਪੋਰਟ ਤਿਆਰ ਹੋਵੇਗਾ।
ਚੰਡੀਗੜ੍ਹ: ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡਾ ਅਗਲੇ ਮਹੀਨੇ ਤੋਂ ਦਿਨ ਦੇ 24 ਘੰਟੇ ਅਤੇ ਹਫ਼ਤੇ ਦੇ 7 ਦਿਨ ਚਾਲੂ ਰਹੇਗਾ। 19 ਮਾਰਚ 2019 ਦਿਨ ਮੰਗਲਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਸੁਣਵਾਈ ਦੌਰਾਨ ਬੈਂਚ ਨੂੰ ਦੱਸਿਆ ਗਿਆ ਕਿ 10 ਅਪ੍ਰੈਲ ਤੋਂ ਦਿਨ-ਰਾਤ ਸੇਵਾਵਾਂ ਲਈ ਏਅਰਪੋਰਟ ਤਿਆਰ ਹੋਵੇਗਾ।
ਚੀਫ ਜਸਟਿਸ ਕ੍ਰਿਸ਼ਨ ਮੁਰਾਰੀ ਅਤੇ ਜਸਟਿਸ ਅਰੁਣ ਪਾਲੀ ਦੀ ਡਵੀਜ਼ਨ ਬੈਂਚ ਦੇ ਸਾਹਮਣੇ ਅਸਿਸਟੈਂਟ ਸੌਲਿਸਟਰ ਜਨਰਲ ਚੇਤਨ ਮਿੱਤਲ ਨੇ ਕਿਹਾ ਕਿ 9 ਅਪ੍ਰੈਲ ਤੱਕ ਕੰਮ ਪੂਰਾ ਹੋ ਜਾਵੇਗਾ ਅਤੇ ਅਗਲੇ ਦਿਨ ਤੋਂ ਹਵਾਈ ਅੱਡਾ 24 ਘੰਟੇ ਖੁੱਲਾ ਰਹੇਗਾ। ਉਹਨਾਂ ਨੇ ਬੈਂਚ ਨੂੰ ਇਹ ਵੀ ਦੱਸਿਆ ਕਿ ਕੰਮ ਪੂਰਾ ਹੋਣ ਦੀ ਸੀਮਾ 31 ਮਾਰਚ ਸੀ। ਪਰ ਖਰਾਮ ਮੌਸਮ, ਪੁਲਵਾਮਾ ਹਮਲੇ ਅਤੇ ਕੁਝ ਹੋਰ ਕਾਰਨਾਂ ਕਰਕੇ ਦੇਰੀ ਹੋ ਗਈ ਹੈ। ਅਦਾਲਤ ਨੇ ਅਗਲੀ ਸੁਣਵਾਈ 29 ਮਾਰਚ ਦੇ ਲਈ ਤੈਅ ਕਰਦੇ ਹੋਏ ਮਾਮਲੇ ‘ਤੇ ਤਾਜ਼ਾ ਸਟੇਟਸ ਰਿਪੋਰਟ ਦੇਣ ਦਾ ਆਦੇਸ਼ ਦਿੱਤਾ ਹੈ।
Punjab & Haryana High Court
ਕੇਸ ਦੀ ਸੁਣਵਾਈ ਦੌਰਾਨ ਅਦਾਲਤ ਨੂੰ ਦੱਸਿਆ ਗਿਆ ਕਿ ਜਹਾਜ਼ਾਂ ਦੇ ਉਤਰਨ ਲਈ ਹਵਾਈ ਅੱਡੇ ਵਿਚ ਕੈਟ-3 ਦੀ ਸਹੂਲਤ ਦੇਣੀ ਲਈ ਸਬੰਧਤ ਕੰਪਨੀ ਵੱਲੋਂ ਕੰਮ ਜੰਗੀ ਪੱਧਰ ’ਤੇ ਜਾਰੀ ਹੈ ਤੇ ਇਹ ਕੰਮ 9 ਅਪ੍ਰੈਲ ਤਕ ਮੁਕੰਮਲ ਕਰ ਲਿਆ ਜਾਵੇਗਾ। ਕੰਪਨੀ ਨੇ ਕੈਟ-3 ਦੀ ਸਹੂਲਤ ਵਾਸਤੇ ਹਵਾਈ ਅੱਡਾ ਪ੍ਰਸ਼ਾਸਨ ਤੋਂ 10 ਫ਼ੀਸਦੀ ਹੋਰ ਖ਼ਰਚੇ ਦੀ ਮੰਗ ਕੀਤੀ ਸੀ, ਪਰ ਹਾਈ ਕੋਰਟ ਦੀ ਦਖ਼ਲ ਮਗਰੋਂ ਕੰਪਨੀ ਨੇ ਇਹ ਮੰਗ ਵਾਪਸ ਲੈ ਲਈ ਸੀ ਤੇ ਹੁਣ ਕੰਪਨੀ ਵੱਲੋਂ ਪਹਿਲਾਂ ਤੋਂ ਹੀ ਨਿਰਧਾਰਤ ਕੀਤੇ ਗਏ ਖ਼ਰਚੇ ਅਨੁਸਾਰ ਹੀ ਕੈਟ-3 ਦੀ ਸਹੂਲਤ ਦਿੱਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਹਾਈ ਕੋਰਟ ਨੂੰ ਪਹਿਲਾਂ ਹੀ ਸੂਚਨਾ ਦਿੱਤੀ ਜਾ ਚੁੱਕੀ ਹੈ ਕਿ ਕੈਟ-3 ਦੀ ਸਹੂਲਤ ਲਈ ਹਵਾਈ ਅੱਡੇ ਨੂੰ ਬੰਦ ਨਹੀਂ ਕੀਤਾ ਜਾਵੇਗਾ ਅਤੇ ਨਾ ਹੀ ਸਿਵਲ ਉਡਾਣਾਂ ਰੱਦ ਕੀਤੀਆਂ ਜਾਣਗੀਆਂ। ਹਵਾਈ ਅੱਡੇ ਵਿਚ ਇਸ ਸਹੂਲਤ ਲਈ ਕੰਮ ਰਾਤ 12 ਵਜੇ ਤੋਂ ਲੈ ਕੇ ਸਵੇਰੇ ਚਾਰ ਵਜੇ ਤਕ ਕੀਤਾ ਜਾਵੇਗਾ ਤਾਂ ਕਿ ਹਵਾਈ ਉਡਾਣਾਂ ਵਿਚ ਵਿਘਨ ਨਾ ਪਵੇ। ਸੌਲਿਸਟਰ ਜਨਰਲ ਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ ਕੈਟ-2 ਦੀ ਸਹੂਲਤ ਨੂੰ ਹਰ ਹਾਲਤ ਵਿਚ 31 ਮਾਰਚ ਤਕ ਪੂਰੀ ਕਰ ਦਿੱਤੀ ਜਾਵੇਗੀ।