
ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਦੇ ਰਹਿਣ ਵਾਲੇ ਹਨ ਦੋਵੇਂ ਪਟੀਸ਼ਨਕਰਤਾ
ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਦੋ ਭਰਾਵਾਂ ਵਲੋਂ ਦਾਇਰ ਪਟੀਸ਼ਨ ’ਤੇ ਹਰਿਆਣਾ ਪੁਲਿਸ ਨੂੰ ਨੋਟਿਸ ਜਾਰੀ ਕੀਤਾ ਹੈ, ਜਿਸ ’ਚ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਨੂੰ ਗੁਰੂਗ੍ਰਾਮ ਦੇ ਯੂਟਿਊਬਰ ਐਲਵਿਸ਼ ਯਾਦਵ ਤੋਂ ਜਾਨ ਦਾ ਖ਼ਤਰਾ ਹੈ। ਪਟੀਸ਼ਨਕਰਤਾਵਾਂ ਨੇ ਉਨ੍ਹਾਂ ਦੀ ਜ਼ਿੰਦਗੀ ਅਤੇ ਆਜ਼ਾਦੀ ਦੀ ਰੱਖਿਆ ਲਈ ਹੁਕਮ ਦੇਣ ਦੀ ਮੰਗ ਕੀਤੀ ਹੈ, ਜੋ ਉਨ੍ਹਾਂ ਦੇ ਅਨੁਸਾਰ ਐਲਵਿਸ਼ ਯਾਦਵ ਅਤੇ ਉਸ ਦੇ ਸਾਥੀਆਂ ਕਾਰਨ ਗੰਭੀਰ ਖਤਰੇ ’ਚ ਹੈ।
ਸੌਰਭ ਗੁਪਤਾ (38) ਅਤੇ ਗੌਰਵ ਗੁਪਤਾ (41) ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਦੇ ਰਹਿਣ ਵਾਲੇ ਹਨ। ਦੋਵੇਂ ਪਟੀਸ਼ਨਕਰਤਾ ਭਰਾ ਹਨ ਅਤੇ ਦਾਅਵਾ ਕਰਦੇ ਹਨ ਕਿ ਉਹ ਪਸ਼ੂ ਅਧਿਕਾਰ ਕਾਰਕੁਨ ਅਤੇ ਮੇਨਕਾ ਗਾਂਧੀ ਦੀ ਅਗਵਾਈ ਵਾਲੇ ਪੀਪਲ ਫਾਰ ਐਨੀਮਲਜ਼ (ਪੀ.ਐਫ.ਏ.) ਦੇ ਮੈਂਬਰ ਹਨ।
ਹਾਈ ਕੋਰਟ ’ਚ ਅਪਣੀ ਪਟੀਸ਼ਨ ’ਚ ਉਨ੍ਹਾਂ ਨੇ ਕਿਹਾ ਹੈ ਕਿ 23 ਨਵੰਬਰ 2023 ਨੂੰ ਨੋਇਡਾ ਪੁਲਿਸ ਨੇ ਇਕ ਰੇਵ ਪਾਰਟੀ ’ਚ ਸੱਪ ਦੇ ਜ਼ਹਿਰ ਦੀ ਵਰਤੋਂ ਕਰਨ ਦੇ ਦੋਸ਼ ’ਚ ਐਲਵਿਸ਼ ਯਾਦਵ ਸਮੇਤ 7 ਲੋਕਾਂ ਵਿਰੁਧ ਮਾਮਲਾ ਦਰਜ ਕੀਤਾ ਸੀ। ਉਦੋਂ ਤੋਂ, ਭਰਾਵਾਂ ਨੂੰ ਇੰਟਰਨੈਟ ਮੀਡੀਆ ’ਤੇ ਧਮਕੀਆਂ ਮਿਲ ਰਹੀਆਂ ਹਨ ਅਤੇ ਕਈ ਵਾਰ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਇਕ ਕਾਰ ਉਨ੍ਹਾਂ ਦਾ ਪਿੱਛਾ ਕਰ ਰਹੀ ਹੈ।
ਪਟੀਸ਼ਨਕਰਤਾਵਾਂ ਦੇ ਵਕੀਲ ਅਨਿਰੁਧ ਸਿੰਘ ਸ਼ੇਰਾ ਨੇ ਅਦਾਲਤ ਨੂੰ ਦਸਿਆ ਕਿ ਉਨ੍ਹਾਂ ਨੇ ਐਲਸ਼ਵਿਸ਼ ਯਾਦਵ ਅਤੇ ਲਗਭਗ 50 ਹੋਰ ਲੋਕਾਂ ਦਾ ਵੀਡੀਉ ਜਾਰੀ ਕੀਤਾ ਸੀ, ਜਿਸ ਵਿਚ ਉਹ ਵੱਖ-ਵੱਖ ਸੱਪਾਂ ਦੀ ਵਰਤੋਂ ਕਰ ਰਹੇ ਹਨ, ਜੋ ਜੰਗਲੀ ਜੀਵ ਐਕਟ ਅਨੁਸਾਰ ਵਰਜਿਤ ਹਨ। ਇਹ ਵੀਡੀਉ ਗੁਰੂਗ੍ਰਾਮ ਦੇ ਸੈਕਟਰ 71 ’ਚ ਅਰਥ ਆਈਕੋਨਿਕ ਨਾਂ ਦੇ ਇਕ ਮਾਲ ’ਚ ਸ਼ੂਟ ਕੀਤਾ ਗਿਆ ਹੈ।
ਪਟੀਸ਼ਨਕਰਤਾਵਾਂ ਨੇ ਇਹ ਵੀ ਖਦਸ਼ਾ ਜ਼ਾਹਰ ਕੀਤਾ ਹੈ ਕਿ ਐਲਵੀਸ਼ ਯਾਦਵ ਅਤੇ ਉਸ ਦੇ ਹਮਲਾਵਰ ਹੋਰ ਗੈਰ-ਕਾਨੂੰਨੀ ਗਤੀਵਿਧੀਆਂ ’ਚ ਵੀ ਸ਼ਾਮਲ ਸਨ। ਪਟੀਸ਼ਨਕਰਤਾਵਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਐਲਵਿਸ਼ ਯਾਦਵ ਅਤੇ ਉਸ ਦੇ ਸਾਥੀਆਂ ਤੋਂ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਉਸ ਨੇ ਕਈ ਘਟਨਾਵਾਂ ਦਾ ਵੀ ਵਰਣਨ ਕੀਤਾ ਹੈ ਜਿੱਥੇ ਐਲਵੀਸ਼ ਯਾਦਵ ਵਿਰੁਧ ਸੱਪ ਦੇ ਜ਼ਹਿਰ ਬਾਰੇ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਦਾ ਦਾ ਕਾਰਾਂ ’ਚ ਪਿੱਛਾ ਕੀਤਾ ਅਤੇ ਜਾਨੋਂ ਮਾਰਨ ਦੀ ਧਮਕੀ ਦਿਤੀ। ਹਾਈ ਕੋਰਟ ਨੂੰ ਇਹ ਵੀ ਦਸਿਆ ਗਿਆ ਕਿ ਉਸ ਨੇ ਅਪਣੀ ਸੁਰੱਖਿਆ ਲਈ ਪੁਲਿਸ ਅਤੇ ਹੋਰ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਿਆ ਸੀ ਪਰ ਅਜੇ ਤਕ ਕੁੱਝ ਨਹੀਂ ਕੀਤਾ ਗਿਆ ਹੈ।