
ਉਘੇ ਗੀਤਕਾਰ ਜਾਵੇਦ ਅਖ਼ਤਰ ਨੇ ਕਿਹਾ ਕਿ ਸੰਸਾਰ ਮਹਾਮਾਰੀ ਕੋਰੋਨਾ ਵਾਇਰਸ ਨਾਲ ਲੜਨ ਲਈ ਇਕਜੁਟ ਰਹਿਣਾ ਅਤੇ ਇਕ ਦੂਜੇ ’ਤੇ ਭਰੋਸਾ ਰਖਣਾ ਬਹੁਤ ਜ਼ਰੂਰੀ ਹੈ
ਨਵੀਂ ਦਿੱਲੀ, 19 ਅਪ੍ਰੈਲ : ਉਘੇ ਗੀਤਕਾਰ ਜਾਵੇਦ ਅਖ਼ਤਰ ਨੇ ਕਿਹਾ ਕਿ ਸੰਸਾਰ ਮਹਾਮਾਰੀ ਕੋਰੋਨਾ ਵਾਇਰਸ ਨਾਲ ਲੜਨ ਲਈ ਇਕਜੁਟ ਰਹਿਣਾ ਅਤੇ ਇਕ ਦੂਜੇ ’ਤੇ ਭਰੋਸਾ ਰਖਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਦੇਸ਼ ਵਿਚ ਫ਼ਿਰਕੂ ਤਣਾਅ ਦੇ ਮਾਮਲਿਆਂ ਅਤੇ ਸਿਹਤ ਕਾਮਿਆਂ ’ਤੇ ਹਮਲਿਆਂ ਦੀਆਂ ਘਟਨਾਵਾਂ ’ਤੇ ਚਿੰਤਾ ਪ੍ਰਗਟ ਕੀਤੀ।
ਅਦਾਕਾਰਾ ਸ਼ਬਾਨਾ ਆਜ਼ਮੀ ਨੇ ਟਵਿਟਰ ’ਤੇ ਅਪਣੇ ਪਤੀ ਅਖ਼ਤਰ ਦੀ ਵੀਡੀਉ ਸਾਂਝੀ ਕੀਤੀ ਜਿਸ ਵਿਚ ਉਹ ਲੋਕਾਂ ਨੂੰ ਸੰਕਟ ਦੇ ਮੌਜੂਦਾ ਸਮੇਂ ਵਿਚ ਇਕਜੁਟ ਹੋਣ, ਨਾਲ ਖੜੇ ਰਹਿਣ ਦੀ ਅਪੀਲ ਕਰ ਰਹੇ ਹਨ। ਦੋ ਮਿੰਟਾਂ ਦੀ ਵੀਡੀਉ ਵਿਚ ਉਨ੍ਹਾਂ ਕਿਹਾ, ‘ਇਸ ਵਕਤ ਦੇਸ਼ ਬਹੁਤ ਵੱਡੇ ਸੰਕਟ ਵਿਚੋਂ ਲੰਘ ਰਿਹਾ ਹੈ ਅਤੇ ਇਸ ਸੰਕਟ ਦਾ ਨਾਮ ਕੋਰੋਨਾ ਵਾਇਰਸ ਹੈ ਜਿਸ ਨਾਲ ਸਿੱਝਣ ਲਈ ਸਾਰਿਆਂ ਦਾ ਇਕਜੁਟ ਹੋਣਾ ਜ਼ਰੂਰੀ ਹੈ। ਜਦ ਅਸੀਂ ਇਕ ਦੂਜੇ ’ਤੇ ਹੀ ਸ਼ੱਕ ਕਰਨ ਲੱਗਾਂਗੇ ਅਤੇ ਇਕ ਦੂਜੇ ਦੀ ਨੀਅਤ ਨੂੰ ਨਹੀਂ ਸਮਝਾਂਗੇ, ਕੋਈ ਏਕਤਾ ਨਹੀਂ ਹੋ ਸਕੇਗੀ ਤਾਂ ਫਿਰ ਅਸੀਂ ਕਿਵੇਂ ਲੜਾਂਗੇ?
File photo
ਉਨ੍ਹਾਂ ਅੱਗੇ ਕਿਹਾ, ‘ਇਸ ਏਕਤਾ ਦੀ ਬਹੁਤ ਲੋੜ ਹੈ। ਉਨ੍ਹਾਂ ਡਾਕਟਰਾਂ ਨੂੰ ਸਲਾਮ ਕਰੋ ਜਿਹੜੀ ਅਪਣੀ ਜਾਨ ਤਲੀ ’ਤੇ ਧਰ ਕੇ ਤੁਹਾਡਾ ਇਲਾਜ ਕਰਨ, ਤੁਹਾਡੀ ਜਾਂਚ ਕਰਨ ਆ ਰਹੇ ਹਨ। ਜੇ ਬੀਮਾਰੀ ਦਾ ਪਤਾ ਨਹੀਂ ਲੱਗੇਗਾ ਤਾਂ ਇਲਾਜ ਕਿਵੇਂ ਹੋਵੇਗਾ। ਬੜੀ ਨਾਸਮਝੀ ਦੀ ਗੱਲ ਹੈ ਕਿ ਕਈ ਥਾਵਾਂ ’ਤੇ ਡਾਕਟਰਾਂ ’ਤੇ ਪੱਥਰ ਸੁੱਟੇ ਜਾ ਰਹੇ ਹਨ।’ ਉਨ੍ਹਾਂ ਕਿਹਾ, ‘ਮੈਂ ਖ਼ਾਸਕਰ ਮੁਸਮਲਾਨਾਂ ਨੂੰ ਬੇਨਤੀ ਕਰਾਂਗਾ ਕਿ ਰਮਜ਼ਾਨ ਆ ਰਿਹਾ ਹੈ, ਤੁਸੀਂ ਜ਼ਰੂਰੀ ਇਬਾਦਤ ਕਰੋ ਪਰ ਇਹ ਯਾਦ ਰੱਖੋ ਕਿ ਦੂਜਿਆਂ ਨੂੰ ਪ੍ਰੇਸ਼ਾਨੀ ਨਾ ਹੋਵੇ। ਜਿਹੜੀ ਇਬਾਦਤ ਤੁਸੀਂ ਮਸਜਿਦ ਵਿਚ ਜਾ ਕੇ ਕਰਦੇ ਹੋ, ਉਹ ਘਰ ਵਿਚ ਕਰ ਸਕਦੇ ਹੋ। ਇਹ ਸਾਰੀ ਜ਼ਮੀਨ ਉਸੇ ਦੀ ਬਣਾਈ ਹੋਈ ਹੈ ਜਿਵੇਂ ਤੁਸੀਂ ਮੰਨਦੇ ਹੋ।’