
ਸਬ-ਡਵੀਜ਼ਨਲ ਅਧਿਕਾਰੀ ਸ਼ਾਲਿਨੀ ਪਰਸਤੇ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ ਕਰੀਬ 4 ਵਜੇ ਵਾਪਰਿਆ
Betul Road Accident: ਮੱਧ ਪ੍ਰਦੇਸ਼ - ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲ੍ਹੇ 'ਚ ਸ਼ਨੀਵਾਰ ਤੜਕੇ ਇਕ ਬੱਸ ਦੇ ਪਲਟਣ ਨਾਲ ਪੁਲਿਸ ਅਤੇ ਹੋਮਗਾਰਡ ਦੇ 21 ਜਵਾਨ ਜ਼ਖਮੀ ਹੋ ਗਏ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਜਵਾਨ ਚੋਣ ਡਿਊਟੀ ਨਿਭਾਉਣ ਤੋਂ ਬਾਅਦ ਆਪਣੇ ਗ੍ਰਹਿ ਜ਼ਿਲ੍ਹੇ ਰਾਜਗੜ੍ਹ ਪਰਤ ਰਹੇ ਸਨ ਕਿ ਭੋਪਾਲ-ਬੈਤੂਲ ਹਾਈਵੇਅ 'ਤੇ ਬਰੇਠਾ ਘਾਟ ਨੇੜੇ ਉਨ੍ਹਾਂ ਦੀ ਬੱਸ ਪਲਟ ਗਈ।
ਸਬ-ਡਵੀਜ਼ਨਲ ਅਧਿਕਾਰੀ ਸ਼ਾਲਿਨੀ ਪਰਸਤੇ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ ਕਰੀਬ 4 ਵਜੇ ਵਾਪਰਿਆ। ਬੱਸ 'ਚ 40 ਜਵਾਨ ਸਵਾਰ ਸਨ, ਜਿਨ੍ਹਾਂ 'ਚੋਂ 5 ਪੁਲਿਸ ਮੁਲਾਜ਼ਮ ਅਤੇ ਬਾਕੀ ਹੋਮ ਗਾਰਡ ਦੇ ਸਨ। ਇਹ ਜਵਾਨ ਛਿੰਦਵਾੜਾ 'ਚ ਚੋਣ ਡਿਊਟੀ ਕਰਨ ਤੋਂ ਬਾਅਦ ਰਾਜਗੜ੍ਹ ਜਾ ਰਹੇ ਸਨ ਪਰ ਰਸਤੇ 'ਚ ਬੱਸ ਪਲਟ ਗਈ। ''
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗੰਭੀਰ ਰੂਪ ਨਾਲ ਜ਼ਖਮੀ 8 ਜਵਾਨਾਂ ਦਾ ਬੈਤੂਲ ਦੇ ਜ਼ਿਲ੍ਹਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ, ਜਦਕਿ ਮਾਮੂਲੀ ਜ਼ਖਮੀਆਂ ਦਾ ਸ਼ਾਹਪੁਰ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਰਸਤੇ ਵਿਚ ਇੱਕ ਟਰੱਕ ਨਾਲ ਟਕਰਾਉਣ ਤੋਂ ਬਚਣ ਦੀ ਕੋਸ਼ਿਸ਼ ਕਰਦਿਆਂ ਬੱਸ ਪਲਟ ਗਈ। ਛਿੰਦਵਾੜਾ ਲੋਕ ਸਭਾ ਸੀਟ ਲਈ ਸ਼ੁੱਕਰਵਾਰ ਨੂੰ ਵੋਟਿੰਗ ਹੋਈ ਸੀ।