
ਈ.ਡੀ. ਨੇ ਚੰਡੀਗੜ੍ਹ ਵਿਚ ਕਥਿਤ ਬੈਂਕ ਧੋਖਾਧੜੀ ਨਾਲ ਜੁੜੇ ਕਾਲਾ ਧਨ ਮਾਮਲੇ ਦੀ ਜਾਂਚ ਵਿਚ ਦੋ ਦਰਜਨ ਪਲਾਟ ਅਤੇ ਕੁੱਝ ਮਹਿੰਗੀਆਂ
ਨਵੀਂ ਦਿੱਲੀ, 19 ਮਈ: ਈ.ਡੀ. ਨੇ ਚੰਡੀਗੜ੍ਹ ਵਿਚ ਕਥਿਤ ਬੈਂਕ ਧੋਖਾਧੜੀ ਨਾਲ ਜੁੜੇ ਕਾਲਾ ਧਨ ਮਾਮਲੇ ਦੀ ਜਾਂਚ ਵਿਚ ਦੋ ਦਰਜਨ ਪਲਾਟ ਅਤੇ ਕੁੱਝ ਮਹਿੰਗੀਆਂ ਗੱਡੀਆਂ ਸਮੇਤ ਕੁਲ ਮਿਲਾ ਕੇ 18.5 ਕਰੋੜ ਰੁਪਏ ਦੀ ਸੰਪਤੀ ਕੁਰਕ ਕੀਤੀ ਹੈ। ਏਜੰਸੀ ਮੁਤਾਬਕ ਇਹ ਕਾਰਵਾਈ ਇਕ ਵਿਅਕਤੀ ਜਿਸ ਦੀ ਪਛਾਣ ਵਿਕਰਮ ਸੇਠ ਤੇ ਉਸ ਦੇ ਪਰਵਾਰ ਦੇ ਜੀਆਂ ਵਿਰੁਧ ਕੀਤੀ ਗਈ ਹੈ। ਏਜੰਸੀ ਦਾ ਦਾਅਵਾ ਹੈ ਕਿ ਇਨ੍ਹਾਂ ਲੋਕਾਂ ਨੇ ਹੋਰ ਦੋਸ਼ੀਆਂ ਅਤੇ ਬੈਂਕ ਆਫ਼ ਬੜੌਦਾ ਨਾਲ ਮਿਲੀਭੁਗਤ ਕਰ ਕੇ ਧੋਖਾਧੜੀ ਨਾਲ 21.31 ਕਰੋੜ ਰੁਪਏ ਦੇ 19 ਕਰਜ਼ੇ ਮਨਜ਼ੂਰ ਕਰਾਏ। ਈ.ਡੀ. ਨੇ ਕਾਲੇ ਧਨ ਨੂੰ ਚਿੱਟਾ ਕਰਨ ਵਿਰੋਧੀ ਕਾਨੂੰਨ ਤਹਿਤ ਅਸਥਾਈ ਹੁਕਮ ਜਾਰੀ ਕਰਦਿਆਂ 20 ਮਕਾਨ ਅਤੇ ਛੇ ਉਦਯੋਗਿਕ ਪਲਾਟਾਂ ਦੀ ਸੰਪਤੀ ਕੁਰਕ ਕੀਤੀ ਹੈ।
File photo
ਇਸ ਤੋਂ ਇਲਾਵਾ ਇਕ ਘਰ, ਤਿੰਨ ਖੇਤੀ ਦੀਆਂ ਜ਼ਮੀਨਾਂ, ਦੋ ਇੱਟਾਂ ਦੇ ਭੱਠੇ ਅਤੇ 10 ਵਣਜ ਪਲਾਟ ਵੀ ਇਸ ਵਿਚ ਸ਼ਾਮਲ ਹਨ ਜਿਨ੍ਹਾਂ ਦੀ ਕੀਮਤ 18.17 ਕਰੋੜ ਰੁਪਏ ਪਾਈ ਗਈ ਹੈ। ਇਹ ਸੰਪਤੀਆਂ ਪੰਜਾਬ ਦੇ ਫਗਵਾੜਾ ਅਤੇ ਬੰਗਾ ਵਿਚ ਅਤੇ ਹਿਮਾਚਲ ਦੇ ਊਨਾ ਜ਼ਿਲ੍ਹੇ ਦੇ ਅੰਬ ਸ਼ਹਿਰ ਵਿਚ ਪੈਂਦੀਆਂ ਹਨ। ਅਚੱਲ ਸੰਪਤੀਆਂ ਤੋਂ ਇਲਾਵਾ ਇਨ੍ਹਾਂ ਸੰਪਤੀਆਂ ਵਿਚ ਸੱਤ ਚੱਲ ਸੰਪਤੀਆਂ ਵੀ ਸ਼ਾਮਲ ਹਨ। ਇਨ੍ਹਾਂ ਵਿਚ ਟਾਟਾ ਸਫ਼ਾਰੀ, ਹੌਂਡਾ ਜਾਜ, ਸਕੌਡਾ ਸਣੇ ਸੱਤ ਵਾਹਨ ਸ਼ਾਮਲ ਹਨ ਜਿਨ੍ਹਾਂ ਦੀ ਕੀਮਤ 33 ਲੱਖ ਰੁਪਏ ਹੈ। ਈਡੀ ਦਾ ਇਹ ਮਾਮਲਾ ਸਾਲ 2015 ਵਿਚ ਦਰਜ ਕੀਤੀ ਗਈ ਸੀਬੀਆਈ ਦੀ ਐਫ਼ਆਈਆਰ ’ਤੇ ਆਧਾਰਤ ਹੈ। (ਏਜੰਸੀ)