
ਭਾਜਪਾ ਦਿੱਲੀ ਪ੍ਰਦੇਸ਼ ਦੇ ਮੀਤ ਪ੍ਰਧਾਨ ਕੁਲਵੰਤ ਸਿੰਘ ਬਾਠ ਨੇ ਹਿੰਦੂ ਮੰਦਰਾਂ ਤੇ ਹੋਰ ਧਾਰਮਕ ਸਥਾਨਾਂ ਦੀ ਅਥਾਹ
ਨਵੀਂ ਦਿੱਲੀ, 19 ਮਈ (ਸੁਖਰਾਜ ਸਿੰਘ): ਭਾਜਪਾ ਦਿੱਲੀ ਪ੍ਰਦੇਸ਼ ਦੇ ਮੀਤ ਪ੍ਰਧਾਨ ਕੁਲਵੰਤ ਸਿੰਘ ਬਾਠ ਨੇ ਹਿੰਦੂ ਮੰਦਰਾਂ ਤੇ ਹੋਰ ਧਾਰਮਕ ਸਥਾਨਾਂ ਦੀ ਅਥਾਹ ਸੰਪਤੀ ਤੇ ਸੋਨੇ ਚਾਂਦੀ ਦੇ ਗਹਿਣਿਆਂ ਨੂੰ ਭਾਰਤ ਸਰਕਾਰ ਦੇ ਹਵਾਲੇ ਕਰਨ ਦੀ ਗੱਲ ਨੂੰ ਮੁੱਢੋਂ ਹੀ ਖਾਰਜ ਕਰ ਦਿਤਾ। ਬਾਠ ਨੇ ਕਿਹਾ ਕਿ ਭਾਜਪਾ ਨਾ ਕਦੇ ਇਹੋ ਜਿਹਾ ਸੋਚਦੀ ਹੈ ਤੇ ਨਾ ਹੀ ਇਹ ਕਰਨਾ ਚਾਹੇਗੀ ਤੇ ਪਾਰਟੀ ਦਾ ਕਦੇ ਵੀ ਸਿੱਖਾਂ ਦੇ ਧਾਰਮਕ ਸਥਾਨਾਂ ਜਾਂ ਗੁਰਦਵਾਰਿਆਂ ’ਚ ਦਖਲ ਰਿਹਾ ਹੈ ਤੇ ਨਾ ਹੀ ਹੋਵੇਗਾ ਅਤੇ ਭਾਜਪਾ ਦਾ ਗੁਰਦਵਾਰਿਆਂ ਦੀ ਜਾਇਦਾਦਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਕੁੱਝ ਲੋਕ ਹੇਠਲੇ ਪੱਧਰ ਦੀ ਰਾਜਨੀਤੀ ਕਰਨ ਲਈ ਦੇਸ਼ ਪਧਰੀ ਮਹਾਂਮਾਰੀ ਦੌਰਾਨ ਵੀ ਅਪਣੀ ਰਾਜਨੀਤੀ ਕਰਨ ਤੋਂ ਬਾਜ ਨਹੀਂ ਆ ਰਹੇ ਤੇ ਅਜਿਹੇ ਲੋਕਾਂ ਨੂੰ ਭਾਜਪਾ ਬੇਨਕਾਬ ਕਰਕੇ ਰਹੇਗੀ।
File Photo
ਬਾਠ ਨੇ ਕਿਹਾ ਕਿ ਮਹਾਂਰਾਸ਼ਟਰ ਦੇ ਇਕ ਨੇਤਾ ਦਾ ਇਹ ਬਿਆਨ ਕਿ ਦੱਖਣ ਦੇ ਮੰਦਰਾਂ ਤੇ ਹੋਰ ਧਾਰਮਕ ਸਥਾਨਾਂ ’ਚ ਅਥਾਹ ਸੰਪਤੀ ਹੈ ਤੇ ਉਸ ਨੂੰ ਕੋਵਿਡ-19 ਲਈ ਇਸਤੇਮਾਲ ਕੀਤਾ ਜਾ ਸਕਦਾ ਹੈ। ਲਿਹਾਜ਼ਾ ਕੇਂਦਰ ਸਰਕਾਰ ਇਸ ਨੂੰ ਅਪਣੇ ਅਧੀਨ ਲੈ ਲਵੇ, ਇਸ ਵਿਚਕਾਰ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦਾ ਇਹ ਬਿਆਨ ਕਿ ਗੁਰਦਵਾਰਿਆਂ, ਮੰਦਰਾਂ ਤੇ ਧਾਰਮਕ ਸਥਾਨਾਂ ਜਿਨ੍ਹਾਂ ’ਚ ਅਥਾਹ ਸੰਪਤੀ ਹੈ ਤੇ ਸੋਨੇ-ਚਾਂਦੀ ਦੇ ਗਹਿਣੇ ਮੌਜੂਦ ਹਨ ਉਸ ਨੂੰ ਇਸ ਮੁਸੀਬਤ ਦੀ ਘੜੀ ’ਚ ਸਰਕਾਰ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ।
ਬਾਠ ਅਨੁਸਾਰ ਇਹ ਬਿਆਨ ਦੋਵਾਂ ਆਗੂਆਂ ਦੇ ਨਿਜੀ ਬਿਆਨ ਹੋ ਸਕਦੇ ਹਨ ਇਸ ਦਾ ਭਾਰਤੀ ਜਨਤਾ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ। ਸ. ਬਾਠ ਨੇ ਕਿਹਾ ਕਿ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਰੂ ਗੋਬਿੰਦ ਸਿੰਘ ਦੀ ਜਨਮ ਸ਼ਤਾਬਦੀ ਮਨਾਉਣ ਲਈ 350 ਕਰੋੜ ਰੁਪਏ ਤੇ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਲਈ ਵੀ ਵੱਧ-ਚੜ੍ਹ ਕੇ ਕੰਮ ਕੀਤਾ ਤੇ ਪਾਕਿਸਤਾਨ ਦੇ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਭਾਰਤ ਪਾਕਿਸਤਾਨ ਕੋਰੀਡੋਰ ਦਾ ਕੰਮ ਵੀ ਸਮੇਂ ਸਿਰ ਨੇਪਰੇ ਚੜ੍ਹਾਇਆ। ਬਾਠ ਨੇ ਕਿਹਾ ਕਿ ਇਹੋ ਜਿਹੇ ਹਾਲਾਤਾਂ ’ਚ ਬੀ.ਜੇ.ਪੀ ਜਾਂ ਕੇਂਦਰ ਸਰਕਾਰ ਧਾਰਮਕ ਸਥਾਨਾਂ ਦੀ ਸੰਪਤੀਆਂ ਤੇ ਗਹਿਣਿਆਂ ਨੂੰ ਲੈ ਸਕਦੀ ਹੈ, ਪਾਰਟੀ ਇਸ ਬਾਰੇ ਕਦੇ ਵੀ ਇਹ ਸੋਚ ਨਹੀਂ ਰਖਦੀ।