
ਅਮਰੀਕਾ ਸਰਕਾਰ ਭਾਰਤ ਨੂੰ 200 ਵੈਂਟੀਲੇਟਰ ‘ਦਾਨ’ ਕਰਨ ਦੀ ਯੋਜਨਾ ਬਣਾ ਰਹੀ ਹੈ ਜਿਸ ਤਹਿਤ 50 ਵੈਂਟੀਲੇਟਰਾਂ ਦੀ ਪਹਿਲੀ ਖੇਪ ਛੇਤੀ ਹੀ ਆਉਣ ਵਾਲੀ ਹੈ।
ਨਵੀਂ ਦਿੱਲੀ, 19 ਮਈ : ਅਮਰੀਕਾ ਸਰਕਾਰ ਭਾਰਤ ਨੂੰ 200 ਵੈਂਟੀਲੇਟਰ ‘ਦਾਨ’ ਕਰਨ ਦੀ ਯੋਜਨਾ ਬਣਾ ਰਹੀ ਹੈ ਜਿਸ ਤਹਿਤ 50 ਵੈਂਟੀਲੇਟਰਾਂ ਦੀ ਪਹਿਲੀ ਖੇਪ ਛੇਤੀ ਹੀ ਆਉਣ ਵਾਲੀ ਹੈ। ਅਮਰੀਕੀ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ। ਅਮਰੀਕਾ ਦੀ ਇਸ ਪਹਿਲ ਦਾ ਮਕਸਦ ਕੋਵਿਡ-19 ਵਿਰੁਧ ਦੁਵੱਲਾ ਤਾਲਮੇਲ ਵਧਾਉਣਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਿਛਲੇ ਹਫ਼ਤੇ ਐਲਾਨ ਕੀਤਾ ਸੀ ਕਿ ਅਮਰੀਕਾ ਕੋਵਿਡ-19 ਰੋਗੀਆਂ ਦੇ ਇਲਾਜ ਅਤੇ ਇਸ ਅਦਿੱਖ ਦੁਸ਼ਮਣ ਵਿਰੁਧ ਲੜਾਈ ਵਿਚ ਮਦਦ ਲਈ ਭਾਰਤ ਨੂੰ ਵੈਂਟੀਲੇਟਰ ਦਾਨ ਕਰੇਗਾ।
File photo
ਯੂਐਸ ਏਜੰਸੀ ਫ਼ਾਰ ਇੰਟਰਨੈਸ਼ਨਲ ਡਿਵੈਲਪਮੈਂਟ ਦੀ ਕਾਰਜਕਾਰੀ ਨਿਰਦੇਸ਼ਕ ਰਮੋਨਾ ਅਲ ਹਮਜਵੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਦਾਨ ਹੈ। ਉਨ੍ਹਾਂ ਨੂੰ ਪੁਛਿਆ ਗਿਆ ਸੀ ਕਿ ਕਿ ਕੀ ਭਾਰਤ ਨੂੰ ਇਨ੍ਹਾਂ ਵੈਂਟੀਲੇਟਰਾਂ ਦੀ ਅਦਾਇਗੀ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਅਮਰੀਕੀ ਸਰਕਾਰ ਭਾਰਤ ਨੂੰ 200 ਵੈਂਟੀਲੇਟਰ ਦਾਨ ਕਰਨ ਦੀ ਯੋਜਨਾ ਬਣਾ ਰਹੀ ਹੈ। 50 ਵੈਂਟੀਲੇਟਰਾਂ ਦੀ ਪਹਿਲੀ ਖੇਪ ਛੇਤੀ ਹੀ ਭੇਜੀ ਜਾਵੇਗੀ।
ਉਨ੍ਹਾਂ ਕਿਹਾ, ‘ਅਸੀਂ ਸਿਹਤ ਅਤੇ ਪਰਵਾਰ ਭਲਾਈ ਮੰਤਰਾਲੇ, ਭਾਰਤੀ ਰੈਡ ਕਰਾਸ ਸੁਸਾਇਟੀ ਅਤੇ ਭਾਰਤੀ ਤੇ ਅਮਰੀਕਾ ਦੀਆਂ ਹੋਰ ਸਬੰਧਤ ਧਿਰਾਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ ਜੋ ਦਾਨ ਕੀਤੇ ਗਏ ਇਨ੍ਹਾਂ ਵੈਂਟੀਲੇਟਰਾਂ ਦੀ ਡਲਿਵਰੀ, ਆਵਾਜਾਈ ਅਤੇ ਪਲੇਸਮੈਂਟ ਦੀ ਕਵਾਇਦ ਨਾਲ ਜੁੜੇ ਹੋਏ ਹਨ। (ਏਜੰਸੀ)