
ਅਦਾਲਤ ਨੇ ਇਸ ਨੂੰ ‘ਦੁਰਲੱਭ ਤੋਂ ਦੁਰਲੱਭ’ ਮਾਮਲਾ ਮੰਨਿਆ
ਜੈਪੁਰ: ਰਾਜਸਥਾਨ ਦੇ ਭੀਲਵਾੜਾ ਦੀ ਇਕ ਪੋਕਸੋ ਅਦਾਲਤ ਨੇ ਇਕ ਨਾਬਾਲਗ ਕੁੜੀ ਨਾਲ ਸਮੂਹਕ ਜਬਰ ਜਨਾਹ ਕਰਨ ਅਤੇ ਉਸ ਨੂੰ ਕੋਲੇ ਦੇ ਭੱਠੇ ’ਚ ਸਾੜਨ ਦੇ ਮਾਮਲੇ ’ਚ ਸੋਮਵਾਰ ਨੂੰ ਦੋ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਵਿਸ਼ੇਸ਼ ਸਰਕਾਰੀ ਵਕੀਲ ਮਹਾਵੀਰ ਸਿੰਘ ਕਿਸ਼ਨਵਤ ਨੇ ਇਹ ਜਾਣਕਾਰੀ ਦਿਤੀ। ਉਨ੍ਹਾਂ ਮੀਡੀਆ ਨੂੰ ਕਿਹਾ, ‘‘ਨਾਬਾਲਗ ਨਾਲ ਸਮੂਹਕ ਜਬਰ ਜਨਾਹ ਅਤੇ ਕਤਲ ਕਰਨ ਵਾਲੇ ਦੋ ਦੋਸ਼ੀਆਂ ਕਾਲੂ ਅਤੇ ਕਾਨਹਾ ਨੂੰ ਇਸ ਮਾਮਲੇ ਵਿਚ ਮੌਤ ਦੀ ਸਜ਼ਾ ਸੁਣਾਈ ਗਈ ਹੈ।’’
ਉਨ੍ਹਾਂ ਕਿਹਾ ਕਿ ਜਿਸ ਤਰੀਕੇ ਨਾਲ ਨਾਬਾਲਗ ਨਾਲ ਸਮੂਹਕ ਜਬਰ ਜਨਾਹ ਕੀਤਾ ਗਿਆ, ਉਸ ’ਤੇ ਹਮਲਾ ਕੀਤਾ ਗਿਆ ਅਤੇ ਫਿਰ ਭੱਠੀ ਵਿਚ ਜ਼ਿੰਦਾ ਸਾੜ ਦਿਤਾ ਗਿਆ, ਉਸ ਨੂੰ ਅਦਾਲਤ ਨੇ ‘ਦੁਰਲੱਭ ਤੋਂ ਦੁਰਲੱਭ’ ਮਾਮਲਾ ਮੰਨਿਆ ਅਤੇ ਅੱਜ ਦੋਹਾਂ ਦੋਸ਼ੀਆਂ ਕਾਲੂ ਅਤੇ ਕਾਨਹਾ ਨੂੰ ਮੌਤ ਦੀ ਸਜ਼ਾ ਸੁਣਾਈ। ਅਦਾਲਤ ਨੇ ਸਨਿਚਰਵਾਰ ਨੂੰ ਦੋਹਾਂ ਦੋਸ਼ੀਆਂ ਨੂੰ ਦੋਸ਼ੀ ਠਹਿਰਾਇਆ ਸੀ। ਸੋਮਵਾਰ ਨੂੰ ਦੋਹਾਂ ਦੋਸ਼ੀਆਂ ਲਈ ਸਜ਼ਾ ਦੀ ਮਾਤਰਾ ਦਾ ਐਲਾਨ ਕੀਤਾ ਗਿਆ ਸੀ।
ਅਦਾਲਤ ਨੇ ਇਸ ਮਾਮਲੇ ’ਚ ਸਬੂਤਾਂ ਨੂੰ ਨਸ਼ਟ ਕਰਨ ਦੇ ਮੁਲਜ਼ਮ ਸੱਤ ਵਿਅਕਤੀਆਂ ਨੂੰ ਬਰੀ ਕਰ ਦਿਤਾ ਸੀ। ਤਿੰਨ ਔਰਤਾਂ ਅਤੇ ਚਾਰ ਮਰਦ ਹਨ। ਕਿਸ਼ਨਵਤ ਨੇ ਕਿਹਾ ਕਿ ਉਨ੍ਹਾਂ ਨੂੰ ਬਰੀ ਕੀਤੇ ਜਾਣ ਵਿਰੁਧ ਹਾਈ ਕੋਰਟ ’ਚ ਅਪੀਲ ਦਾਇਰ ਕੀਤੀ ਜਾਵੇਗੀ। ਪੀੜਤਾ ਦੀ ਮਾਂ ਨੇ ਕਿਹਾ ਕਿ ਇਨਸਾਫ ਮਿਲਿਆ ਹੈ ਅਤੇ ਉਹ ਦੋਸ਼ੀਆਂ ਨੂੰ ਦਿਤੀ ਗਈ ਸਜ਼ਾ ਤੋਂ ਸੰਤੁਸ਼ਟ ਹੈ।
ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ, ‘‘ਉਸ ਸਮੇਂ ਸਾਡੀ ਸਰਕਾਰ ਨੇ ਤੁਰਤ ਕਾਰਵਾਈ ਕੀਤੀ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ।’’ ਪਿਛਲੇ ਸਾਲ ਅਗੱਸਤ ’ਚ ਵਾਪਰੀ ਇਹ ਘਟਨਾ ਰਾਜਸਥਾਨ ’ਚ ਇਕ ਵੱਡਾ ਸਿਆਸੀ ਮੁੱਦਾ ਬਣ ਗਈ ਸੀ ਅਤੇ ਵਿਰੋਧੀ ਧਿਰ ਭਾਰਤੀ ਜਨਤਾ ਪਾਰਟੀ ਨੇ ਔਰਤਾਂ ਵਿਰੁਧ ਅਪਰਾਧ ਨੂੰ ਲੈ ਕੇ ਤਤਕਾਲੀ ਕਾਂਗਰਸ ਸਰਕਾਰ ’ਤੇ ਨਿਸ਼ਾਨਾ ਸਾਧਿਆ ਸੀ।
ਜ਼ਿਕਰਯੋਗ ਹੈ ਕਿ 2 ਅਗੱਸਤ ਨੂੰ ਕੋਟੜੀ ਥਾਣਾ ਖੇਤਰ ’ਚ ਇਕ 14 ਸਾਲ ਦੀ ਕੁੜੀ ਨਾਲ ਕਥਿਤ ਤੌਰ ’ਤੇ ਸਮੂਹਕ ਜਬਰ ਜਨਾਹ ਕੀਤਾ ਗਿਆ ਸੀ ਅਤੇ ਉਸ ਨੂੰ ਕੋਲੇ ਦੀ ਭੱਠੀ ’ਚ ਸੁੱਟ ਦਿਤਾ ਗਿਆ ਸੀ। ਉਹ ਇਲਾਕੇ ’ਚ ਬੱਕਰੀਆਂ ਚਰਾਉਣ ਗਈ ਸੀ। ਕੋਟੜੀ ਹੁਣ ਨਵੇਂ ਬਣੇ ਸ਼ਾਹਪੁਰਾ ਜ਼ਿਲ੍ਹੇ ’ਚ ਪੈਂਦਾ ਹੈ। ਪੁਲਿਸ ਨੇ ਇਸ ਘਟਨਾ ਲਈ ਭੱਠਿਆਂ ਦੇ ਨੇੜੇ ਰਹਿਣ ਵਾਲੇ ਕਲਬੇਲੀਆ ਭਾਈਚਾਰੇ ਦੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਸੀ। ਇਹ ਲੋਕ ਉਨ੍ਹਾਂ ਭੱਠੀਆਂ ’ਚ ਕੋਲਾ ਬਣਾਉਂਦੇ ਸਨ।
ਕਿਸ਼ਨਵਤ ਮੁਤਾਬਕ ਸਮੂਹਕ ਜਬਰ ਜਨਾਹ ਤੋਂ ਬਾਅਦ ਦੋਸ਼ੀ ਨੇ ਸੋਚਿਆ ਕਿ ਨਾਬਾਲਗ ਦੀ ਮੌਤ ਹੋ ਗਈ ਹੈ ਅਤੇ ਉਸ ਨੇ ਉਸ ਨੂੰ ਭੱਠੀ ’ਚ ਸੁੱਟ ਦਿਤਾ। ਫੋਰੈਂਸਿਕ ਸਾਇੰਸ ਲੈਬਾਰਟਰੀ (ਐਫ.ਐਸ.ਐਲ.) ਦੀ ਰੀਪੋਰਟ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਜਦੋਂ ਲੜਕੀ ਨੂੰ ਭੱਠੀ ’ਚ ਸੁੱਟਿਆ ਗਿਆ ਤਾਂ ਉਹ ਜ਼ਿੰਦਾ ਸੀ ਕਿਉਂਕਿ ਉਸ ਦੀ ਮੌਤ ਸੜਨ ਕਾਰਨ ਹੋਈ ਸੀ।
ਘਟਨਾ ਵਾਲੀ ਥਾਂ ’ਤੇ ਕਤਾਰ ’ਚ ਕੁਲ ਪੰਜ ਭੱਠੀਆਂ ਸਨ ਅਤੇ ਉਨ੍ਹਾਂ ’ਚੋਂ ਇਕ ਪੂਰੀ ਤਰ੍ਹਾਂ ਬੰਦ ਹੋਏ ਬਿਨਾਂ ਅਸਧਾਰਨ ਤੌਰ ’ਤੇ ਚੱਲ ਰਹੀ ਸੀ। ਸਥਾਨਕ ਲੋਕਾਂ ਨੂੰ ਸ਼ੱਕ ਹੋਇਆ ਕਿਉਂਕਿ ਆਮ ਤੌਰ ’ਤੇ ਭੱਠੀ ਪੂਰੀ ਤਰ੍ਹਾਂ ਬੰਦ ਹੋ ਜਾਂਦੀ ਹੈ। ਲੋਕਾਂ ਨੂੰ ਉਥੇ ਲੜਕੀ ਦਾ ਕੰਗੜ ਮਿਲਿਆ, ਜਿਸ ਤੋਂ ਬਾਅਦ ਹੱਡੀਆਂ ਬਰਾਮਦ ਕੀਤੀਆਂ ਗਈਆਂ।