
ਮੱਕਾ ’ਚ ਪਾਰਾ 50 ਡਿਗਰੀ ਤੋਂ ਪਾਰ
Hajj Yatra 2024: ਯੇਰੂਸ਼ਲਮ : ਹੱਜ ਯਾਤਰਾ ਲਈ ਸਾਊਦੀ ਅਰਬ ਦੇ ਮੱਕਾ ਮਦੀਨਾ ’ਚ ਲੱਖਾਂ ਹੱਜ ਯਾਤਰੀ ਇਕੱਠੇ ਹੋ ਰਹੇ ਹਨ। ਇਸ ਦੌਰਾਨ ਯਾਤਰੀਆਂ ਨੂੰ ਵੀ ਭਿਆਨਕ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਤ ਇਹ ਬਣ ਗਏ ਹਨ ਕਿ ਮੱਕਾ ਵਿਚ ਗਰਮੀ ਕਾਰਨ 600 ਤੋਂ ਵੱਧ ਹੱਜ ਯਾਤਰੀਆਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿਚੋਂ ਸੱਭ ਤੋਂ ਵੱਧ 323 ਮਿਸਰ ਦੇ ਹਨ ਜਦਕਿ ਬਾਕੀ ਵੱਖ-ਵੱਖ ਦੇਸ਼ਾਂ ਦੇ ਹਨ। ਮਰਨ ਵਾਲਿਆਂ ਵਿਚ 60 ਭਾਰਤੀ ਵੀ ਸ਼ਾਮਲ ਹਨ। ਇਨ੍ਹਾਂ ਸਾਰੇ ਯਾਤਰੀਆਂ ਦੀ ਮੌਤ ਲਈ ਅੱਤ ਦੀ ਗਰਮੀ ਅਤੇ ਵਧਦੇ ਤਾਪਮਾਨ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ।
ਇਨ੍ਹਾਂ ਸਾਰਿਆਂ ਦੀ ਮੌਤ ਦੀ ਪੁਸ਼ਟੀ ਕਰਦੇ ਹੋਏ ਇਕ ਡਿਪਲੋਮੈਟ ਨੇ ਦਸਿਆ ਕਿ ਮਿਸਰ ਦੇ 323 ਹੱਜ ਯਾਤਰੀਆਂ ’ਚੋਂ ਇਕ ਨੂੰ ਛੱਡ ਕੇ ਸਾਰਿਆਂ ਦੀ ਗਰਮੀ ਕਾਰਨ ਮੌਤ ਹੋ ਗਈ। ਭੀੜ ਦੌਰਾਨ ਇਕ ਹਜ ਯਾਤਰੀ ਜ਼ਖ਼ਮੀ ਹੋ ਗਿਆ। ਇਹ ਅੰਕੜੇ ਮੱਕਾ ਦੇ ਨੇੜੇ ਅਲ-ਮੁਇਸਮ ਵਿਚ ਹਸਪਤਾਲ ਦੇ ਮੁਰਦਾਘਰ ਤੋਂ ਆਉਂਦੇ ਹਨ। ਡਿਪਲੋਮੈਟਾਂ ਅਨੁਸਾਰ ਘੱਟੋ ਘੱਟ 60 ਜਾਰਡਨ ਵਾਸੀਆਂ ਦੀ ਵੀ ਮੌਤ ਹੋ ਗਈ, ਜਦਕਿ ਅਮਾਨ ਦੁਆਰਾ ਅਧਿਕਾਰਤ ਤੌਰ ’ਤੇ 41 ਮੌਤਾਂ ਦੀ ਰਿਪੋਰਟ ਕੀਤੀ ਗਈ। ਨਿਊਜ਼ ਏਜੰਸੀ ਏਐਫ਼ਪੀ ਦੀ ਰਿਪੋਰਟ ਦੇ ਅਨੁਸਾਰ ਤਾਜ਼ਾ ਅੰਕੜਿਆਂ ਦੇ ਨਾਲ ਕਈ ਦੇਸ਼ਾਂ ਵਿਚ ਹੁਣ ਤੱਕ ਹੋਈਆਂ ਮੌਤਾਂ ਦੀ ਕੁੱਲ ਗਿਣਤੀ 577 ਤਕ ਪਹੁੰਚ ਗਈ ਹੈ। ਡਿਪਲੋਮੈਟਾਂ ਨੇ ਦਸਿਆ ਕਿ ਮੱਕਾ ਦੇ ਸੱਭ ਤੋਂ ਵੱਡੇ ਮੁਰਦਾਘਰਾਂ ਵਿਚੋਂ ਇਕ ਅਲ-ਮੁਆਸਮ ਵਿਚ ਕੁਲ 550 ਲਾਸ਼ਾਂ ਸਨ।