
ਕੋਰੋਨਾ ਵਾਇਰਸ ਕਾਰਨ ਲਾਗੂ ਤਾਲਾਬੰਦੀ ਵਿਚਾਲੇ ਅਪਣੇ ਪਿੰਡਾਂ ਨੂੰ ਮੁੜਨ ਵਾਲੇ ਪ੍ਰਵਾਸੀ ਮਜ਼ਦੂਰਾਂ ਨੇ ਇਕ ਵਾਰ ਫਿਰ ਸ਼ਹਿਰਾਂ ਦਾ ਰਾਹ ਫੜ
ਮੁੰਬਈ, 19 ਜੁਲਾਈ : ਕੋਰੋਨਾ ਵਾਇਰਸ ਕਾਰਨ ਲਾਗੂ ਤਾਲਾਬੰਦੀ ਵਿਚਾਲੇ ਅਪਣੇ ਪਿੰਡਾਂ ਨੂੰ ਮੁੜਨ ਵਾਲੇ ਪ੍ਰਵਾਸੀ ਮਜ਼ਦੂਰਾਂ ਨੇ ਇਕ ਵਾਰ ਫਿਰ ਸ਼ਹਿਰਾਂ ਦਾ ਰਾਹ ਫੜ ਲਿਆ ਹੈ। ਹੌਲੀ ਹੌਲੀ ਉਹ ਸ਼ਹਿਰਾਂ ਨੂੰ ਮੁੜ ਰਹੇ ਹਨ। ਕੁੱਝ ਕੰਪਨੀਆਂ ਦੁਆਰਾ ਵੀ ਮਜ਼ਦੂਰਾਂ ਨੂੰ ਵਾਪਸ ਲਿਆਂਦਾ ਜਾ ਰਿਹਾ ਹੈ। ਦੇਸ਼ ਵਿਚ ਹਾਲੇ ਅਨਲਾਕ-2.0 ਚੱਲ ਰਿਹਾ ਹੈ ਅਤੇ ਤਾਲਾਬੰਦੀ ਕਾਰਨ ਬੰਦ ਹੋਏ ਪ੍ਰਾਜੈਕਟਾਂ ਵਿਚ ਕੰਮ ਸ਼ੁਰੂ ਹੋ ਚੁਕਾ ਹੈ ਹਾਲਾਂਕਿ ਬਹੁਤਿਆਂ ਵਿਚ ਸਮਰੱਥਾ ਦੇ 50 ਫ਼ੀ ਸਦ ’ਤੇ ਕੰਮ ਹੋ ਰਿਹਾ ਹੈ ਕਿਉਂਕਿ ਬਹੁਤੇ ਮਜ਼ਦੂਰ ਹਾਲੇ ਤਕ ਨਹੀਂ ਮੁੜੇ।
File Photo
ਬੁਨਿਆਦੀ ਢਾਂਚਾ ਖੇਤਰ ਦੇ ਵੱਡੇ ਪ੍ਰਾਜੈਕਟਾਂ ਕਾਰਨ ਇੰਜੀਨੀਅਰਿੰਗ ਕੰਪਨੀਆਂ ਬੁਰੀ ਤਰ੍ਹਾਂ ਪ੍ਰਭਾਵਤ ਹੋਈਆਂ ਸਨ। ਹੁਣ ਇਹ ਕੰਪਨੀਆਂ ਛੱਤੀਸਗੜ੍ਹ, ਯੂਪੀ, ਬਿਹਾਰ, ਪਛਮੀ ਬੰਗਾਲ, ਉੜੀਸਾ, ਝਾਰਖੰਡ, ਰਾਜਸਥਾਨ ਅਤੇ ਗੁਜਰਾਤ ਜਿਹੇ ਰਾਜਾਂ ਤੋਂ ਮਜ਼ਦੂਰਾਂ ਨੂੰ ਖ਼ੁਦ ਵਾਪਸ ਲਿਆਉਣ ਦੀ ਪਹਿਲ ਕਰ ਰਹੀਆਂ ਹਨ। ਮਜ਼ਦੂਰਾਂ ਦੇ ਠੇਕੇਦਾਰ ਨੇ ਕਿਹਾ ਕਿ ਮਜ਼ਦੂਰ ਵਾਪਸ ਆ ਰਹੇ ਹਨ
ਕਿਉਂਕਿ ਉਨ੍ਹਾਂ ਨੂੰ ਰੁਜ਼ਗਾਰ ਦੀ ਲੋੜ ਹੈ। ਆਮ ਤੌਰ ’ਤੇ ਇਸ ਸੀਜ਼ਨ ਵਿਚ ਮਜ਼ਦੂਰ ਖੇਤੀ ਜਾਂ ਵਿਆਹ ਆਦਿ ਲਈ ਅਪਣੇ ਘਰਾਂ ਨੂੰ ਮੁੜ ਜਾਂਦੇ ਹਨ ਪਰ ਉਹ ਛੇਤੀ ਹੀ ਵਾਪਸ ਆ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕੋਵਿਡ ਕਾਰਨ ਮਜ਼ਦੂਰ ਘਰਾਂ ਨੂੰ ਮੁੜ ਗਏ ਸਨ ਪਰ ਨਿਰਮਾਣ ਗਤੀਵਿਧੀਆਂ ਸ਼ੁਰੂ ਹੋਣ ਨਾਲ ਵਾਪਸ ਆਉਣ ਲੱਗੇ ਹਨ। ਕੁੱਝ ਟਰੇਨਾਂ ਤੋਂ ਵਾਪਸ ਆ ਰਹੇ ਹਨ ਤਾਂ ਕੁੱਝ ਹੋਰਾਂ ਨੂੰ ਠੇਕੇਦਾਰ ਵਾਪਸ ਲਿਆ ਰਹੇ ਹਨ। (ਏਜੰਸੀ)