
ਕਿਹਾ, ਦੋਸ਼ੀਆਂ 'ਤੇ ਹੋਵੇਗੀ ਸਖਤ ਕਾਰਵਾਈ
ਨਵੀਂ ਦਿੱਲੀ :ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਣੀਪੁਰ ਵਿਚ ਦੋ ਔਰਤਾਂ ਨਾਲ ਸਮੂਹਿਕ ਬਲਾਤਕਾਰ ਦੀ ਘਟਨਾ ਨੂੰ ਸ਼ਰਮਨਾਕ ਦਸਿਆ ਹੈ।ਇਸ ਦੇ ਨਾਲ ਹੀ ਉਨ੍ਹਾਂ ਸਖ਼ਤ ਕਾਰਵਾਈ ਦੀ ਗੱਲ ਵੀ ਕਹੀ ਹੈ। ਸੰਸਦ ਦਾ ਮਾਨਸੂਨ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਇਹ ਵੀ ਪੜ੍ਹੋ: ਮਣੀਪੁਰ 'ਚ 2 ਔਰਤਾਂ ਨੂੰ ਬਗੈਰ ਕੱਪੜਿਆਂ ਤੋਂ ਘੁੰਮਾਇਆ, ਸਮੂਹਿਕ ਬਲਾਤਕਾਰ ਦਾ ਦੋਸ਼
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਮਣੀਪੁਰ ਵਿਚ ਜੋ ਘਟਨਾ ਸਾਹਮਣੇ ਆਈ ਹੈ, ਉਹ ਕਿਸੇ ਵੀ ਸੱਭਿਅਕ ਸਮਾਜ ਲਈ ਸ਼ਰਮਨਾਕ ਘਟਨਾ ਹੈ। ਹੋਰ ਕਿੰਨੇ ਵੀ ਦੋਸ਼ੀ ਹਨ, ਉਹ ਆਪਣੀ ਥਾਂ 'ਤੇ ਹਨ ਪਰ ਪੂਰੇ ਦੇਸ਼ ਦਾ ਅਪਮਾਨ ਹੋ ਰਿਹਾ ਹੈ।ਮੈਂ ਸਾਰੇ ਮੁੱਖ ਮੰਤਰੀਆਂ ਨੂੰ ਆਪਣੇ ਸੂਬਿਆਂ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰਨ ਦੀ ਅਪੀਲ ਕਰਦਾ ਹਾਂ। ਖਾਸ ਕਰ ਕੇ ਸਾਡੀਆਂ ਮਾਵਾਂ-ਭੈਣਾਂ ਦੀ ਰਾਖੀ ਲਈ ਸਖ਼ਤ ਕਦਮ ਚੁੱਕੇ ਜਾਣ।'' ਇਸ ਦੇ ਨਾਲ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੋ ਔਰਤਾਂ ਨਾਲ ਬੇਰਹਿਮੀ ਦੇ ਵਾਇਰਲ ਹੋਏ ਵੀਡੀਉ 'ਤੇ ਮਣੀਪੁਰ ਦੇ ਮੁੱਖ ਮੰਤਰੀ ਐੱਨ.ਬੀਰੇਨ ਸਿੰਘ ਨਾਲ ਗੱਲਬਾਤ ਕੀਤੀ।
ਮਾਨਸੂਨ ਇਜਲਾਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ''ਮੌਨਸੂਨ ਸੈਸ਼ਨ 'ਚ ਤੁਹਾਡਾ ਸਾਰਿਆਂ ਦਾ ਸੁਆਗਤ ਹੈ। ਸਾਵਣ ਦਾ ਪਵਿੱਤਰ ਮਹੀਨਾ ਚੱਲ ਰਿਹਾ ਹੈ। ਸਾਵਣ ਦਾ ਮਹੀਨਾ ਪਵਿੱਤਰ ਸੰਕਲਪਾਂ ਅਤੇ ਪਵਿੱਤਰ ਕਾਰਜਾਂ ਲਈ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਮੈਨੂੰ ਯਕੀਨ ਹੈ ਕਿ ਸਾਰੇ ਸੰਸਦ ਮੈਂਬਰ ਮਿਲ ਕੇ ਇਸ ਸੈਸ਼ਨ ਦਾ ਲੋਕ ਹਿੱਤ ਵਿੱਚ ਵੱਧ ਤੋਂ ਵੱਧ ਉਪਯੋਗ ਕਰਨਗੇ। ਅਜਿਹੇ ਬਹੁਤ ਸਾਰੇ ਕਾਨੂੰਨ ਬਣਾਉਣੇ ਅਤੇ ਉਨ੍ਹਾਂ 'ਤੇ ਚਰਚਾ ਕਰਨੀ ਬਹੁਤ ਜ਼ਰੂਰੀ ਹੈ, ਜੋ ਸੰਸਦ ਅਤੇ ਹਰ ਸੰਸਦ ਮੈਂਬਰ ਦੀ ਜ਼ਿੰਮੇਵਾਰੀ ਹੈ। ਚਰਚਾ ਜਿੰਨੀ ਤਿੱਖੀ ਹੁੰਦੀ ਹੈ, ਓਨੇ ਹੀ ਚੰਗੇ ਫੈਸਲੇ ਲਏ ਜਾਂਦੇ ਹਨ ਜੋ ਲੋਕ ਹਿੱਤ ਵਿੱਚ ਦੂਰਗਾਮੀ ਨਤੀਜੇ ਦਿੰਦੇ ਹਨ।''