
ਹੇਠਲੇ ਸਦਨ ਵਿਚ ਕੁਝ ਪਲਾਂ ਦਾ ਮੌਨ ਰੱਖ ਕੇ ਵਿਛੜੇ ਮੈਂਬਰਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ
ਨਵੀਂ ਦਿੱਲੀ: ਸੰਸਦ ਦੇ ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਵੀਰਵਾਰ ਨੂੰ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਅਕਾਲੀ ਦਲ ਦੇ ਦੋ ਮੌਜੂਦਾ ਅਤੇ ਸੀਨੀਅਰ ਆਗੂ ਪ੍ਰਕਾਸ਼ ਸਿੰਘ ਬਾਦਲ ਸਮੇਤ 11 ਸਾਬਕਾ ਮੈਂਬਰਾਂ ਦੇ ਦੇਹਾਂਤ ਬਾਰੇ ਸਦਨ ਨੂੰ ਜਾਣਕਾਰੀ ਦਿਤੀ ਅਤੇ ਮੈਂਬਰਾਂ ਨੇ ਕੁਝ ਪਲਾਂ ਲਈ ਮੌਨ ਧਾਰਨ ਕਰ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿਤੀ।
ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸਵੇਰੇ ਸਦਨ ਦੀ ਕਾਰਵਾਈ ਸ਼ੁਰੂ ਹੋਣ 'ਤੇ ਸਦਨ ਦੇ ਦੋ ਮੌਜੂਦਾ ਮੈਂਬਰਾਂ ਰਤਨ ਲਾਲ ਕਟਾਰੀਆ ਅਤੇ ਸੁਰੇਸ਼ ਨਰਾਇਣ ਧਨੋਰਕਰ ਦੇ ਦੇਹਾਂਤ ਦੀ ਜਾਣਕਾਰੀ ਦਿਤੀ।
ਉਨ੍ਹਾਂ ਦਸਿਆ ਕਿ ਕਟਾਰੀਆ ਅੰਬਾਲਾ ਸੰਸਦੀ ਸੀਟ ਤੋਂ ਮੌਜੂਦਾ ਲੋਕ ਸਭਾ ਮੈਂਬਰ ਸਨ। ਉਨ੍ਹਾਂ ਕਿਹਾ ਕਿ ਉਹ 13ਵੀਂ ਅਤੇ 16ਵੀਂ ਲੋਕ ਸਭਾ ਦੇ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਅਤੇ ਕਈ ਸੰਸਦੀ ਕਮੇਟੀਆਂ ਦੇ ਮੈਂਬਰ ਵੀ ਰਹੇ ਹਨ। 18 ਮਈ 2023 ਨੂੰ ਉਨ੍ਹਾਂ ਦੀ ਮੌਤ ਹੋ ਗਈ।
ਸੁਰੇਸ਼ ਨਾਰਾਇਣ ਧਨੋਰਕਰ ਮਹਾਰਾਸ਼ਟਰ ਦੇ ਚੰਦਰਪੁਰ ਹਲਕੇ ਤੋਂ ਲੋਕ ਸਭਾ ਦੇ ਮੌਜੂਦਾ ਮੈਂਬਰ ਸਨ। 30 ਮਈ 2023 ਨੂੰ ਉਨ੍ਹਾਂ ਦੀ ਮੌਤ ਹੋ ਗਈ।
ਬਿਰਲਾ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਛੇਵੀਂ ਲੋਕ ਸਭਾ ਦੇ ਮੈਂਬਰ ਸਨ। ਉਹ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ। ਉਨ੍ਹਾਂ ਪੰਜਾਬ ਦੇ ਨਾਲ-ਨਾਲ ਦੇਸ਼ ਦੇ ਸਰਵਪੱਖੀ ਵਿਕਾਸ ਵਿੱਚ ਯੋਗਦਾਨ ਪਾਇਆ। ਉਨ੍ਹਾਂ ਹਮੇਸ਼ਾ ਕਿਸਾਨਾਂ ਦੇ ਹਿੱਤਾਂ ਦਾ ਖਿਆਲ ਰੱਖਿਆ। ਪ੍ਰਕਾਸ਼ ਸਿੰਘ ਬਾਦਲ 23 ਅਪ੍ਰੈਲ 2023 ਨੂੰ 95 ਸਾਲ ਦੀ ਉਮਰ ਵਿਚ ਅਕਾਲ ਚਲਾਣਾ ਕਰ ਗਏ ਸਨ।
ਲੋਕ ਸਭਾ ਸਪੀਕਰ ਨੇ ਸੁਜਾਨ ਸਿੰਘ ਬੁੰਦੇਲਾ, ਸੰਦੀਪਨ ਥੋਰਾਟ, ਡਾਕਟਰ ਵਿਸ਼ਵਨਾਥਨ ਕਨਿਥੀ, ਅਤੀਕ ਅਹਿਮਦ, ਤ੍ਰਿਲੋਚਨ ਕਾਨੂੰਗੋ, ਇਲਿਆਸ ਆਜ਼ਮੀ, ਅਨਾਦੀ ਚਰਨ ਦਾਸ, ਨਿਹਾਲ ਸਿੰਘ ਅਤੇ ਰਾਜਕਰਨ ਸਿੰਘ ਦੇ ਦੇਹਾਂਤ ਦਾ ਵੀ ਜ਼ਿਕਰ ਕੀਤਾ।
ਹੇਠਲੇ ਸਦਨ ਵਿਚ ਕੁਝ ਪਲਾਂ ਦਾ ਮੌਨ ਰੱਖ ਕੇ ਵਿਛੜੇ ਮੈਂਬਰਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਤੋਂ ਬਾਅਦ ਲੋਕ ਸਭਾ ਸਪੀਕਰ ਬਿਰਲਾ ਨੇ ਕਰੀਬ 11.10 ਵਜੇ ਸਦਨ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਲਈ ਮੁਲਤਵੀ ਕਰ ਦਿਤੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਕਈ ਕੇਂਦਰੀ ਮੰਤਰੀ ਸਦਨ ਵਿਚ ਮੌਜੂਦ ਸਨ। ਕਾਂਗਰਸ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ, ਡੀਐਮਕੇ ਆਗੂ ਟੀ ਆਰ ਬਾਲੂ ਆਦਿ ਸਦਨ ਵਿਚ ਮੌਜੂਦ ਸਨ।