
‘ਚੜ੍ਹਦੇ ਸੂਰਜ ਦੀ ਧਰਤੀ’ ਅਖਵਾਉਂਦਾ ਹੈ ਅਰੁਣਾਚਲ ਪ੍ਰਦੇਸ਼ ਦਾ ਪਿੰਡ ਡੋਂਗ
ਡੋਂਗ (ਅਰੁਣਾਚਲ ਪ੍ਰਦੇਸ਼): ਉੱਤਰ-ਪੂਰਬੀ ਸੂਬੇ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਜ਼ਿਲ੍ਹੇ ’ਚ ਪਿੰਡ ਡੋਂਗ ਅਜਿਹਾ ਸਥਾਨ ਹੈ, ਜਿਥੇ ਭਾਰਤ ’ਚ ਸਭ ਤੋਂ ਪਹਿਲਾ ਸੂਰਜ ਚੜ੍ਹਦਾ ਹੈ। ਇਥੇ ਸੂਰਜ ਵੱਡੇ ਤੜਕੇ ਦੋ ਤੋਂ ਤਿੰਨ ਵਜੇ ਦੇ ਵਿਚਕਾਰ ਚੜ੍ਹ ਜਾਂਦਾ ਹੈ। ਇਸ ਪਿੰਡ ਨੂੰ ‘ਭਾਰਤ ਦਾ ਸੂਰਜ ਚੜ੍ਹਨ ਵਾਲਾ ਪਹਿਲਾ ਸਥਾਨ’ ਵੀ ਕਿਹਾ ਜਾਂਦਾ ਹੈ। ਸੂਰਜ ਚੜ੍ਹਦਾ ਵੇਖਣ ਦੇ ਸ਼ੌਕੀਨ ਇਸ ਪਿੰਡ ਨੂੰ ਵੇਖਣ ਲਈ ਦੂਰ-ਦੂਰ ਤੋਂ ਆਉਂਦੇ ਹਨ। ਇਥੇ ਜਦੋਂ ਸੂਰਜ ਚੜ੍ਹਦਾ ਹੈ ਤਾਂ ਚਾਰੇ ਪਾਸੇ ਲਾਲੀ ਫੈਲ ਜਾਂਦੀ ਹੈ। ਇਸ ਪਿੰਡ ਦੀ ਇਕ ਹੋਰ ਦਿਲਚਸਪ ਖ਼ਾਸੀਅਤ ਇਹ ਵੀ ਹੈ ਕਿ ਇਹ ਪਿੰਡ ਜਿਥੇ ਸਥਿਤ ਹੈ, ਉਸ ਦੇ ਬਿਲਕੁਲ ਨੇੜੇ ਚੀਨ ਤੇ ਮਿਆਂਮਾਰ ਦੇਸ਼ਾਂ ਦੀਆਂ ਸਰਹੱਦਾਂ ਵੀ ਲਗਦੀਆਂ ਹਨ। ਉਚਾਈ ’ਤੇ ਹੋਣ ਕਾਰਣ ਇਥੇ ਕਾਫ਼ੀ ਠੰਢ ਵੀ ਹੁੰਦੀ ਹੈ।
ਡੋਂਗ ਵੈਲੀ ਨੂੰ ਭਾਰਤ ਦੀ ‘ਚੜ੍ਹਦੇ ਸੂਰਜ ਦੀ ਧਰਤੀ’ ਵਜੋਂ ਜਾਣਿਆ ਜਾਂਦਾ ਹੈ। ਇਹ ਘਾਟੀ ਦੇਸ਼ ਦੇ ਸਭ ਤੋਂ ਪੂਰਬੀ ਸਿਰੇ ’ਤੇ ਸਥਿਤ ਹੈ। ਇਹ 1240 ਮੀਟਰ ਦੀ ਉਚਾਈ ’ਤੇ ਹੈ ਅਤੇ ਲੋਕ ਆਮ ਤੌਰ ’ਤੇ ਸੂਰਜ ਚੜ੍ਹਨ ਨੂੰ ਦੇਖਣ ਲਈ ਤੜਕੇ 2 ਤੋਂ 3 ਵਜੇ ਦੇ ਵਿਚਕਾਰ ਸਭ ਤੋਂ ਉੱਚੀ ਚੋਟੀ ’ਤੇ ਪਹੁੰਚ ਜਾਂਦੇ ਹਨ, ਤਾਂ ਜੋ ਸੂਰਜ ਨੂੰ ਭਾਰਤ ਵਿਚ ਸਭ ਤੋਂ ਪਹਿਲਾਂ ਚੜ੍ਹਦਾ ਦੇਖਿਆ ਜਾ ਸਕੇ।
ਇਸ ਦੇ ਨਾਲ ਹੀ, ਡੋਂਗ ਪਿੰਡ ਪਾਬੰਦੀਸ਼ੁਦਾ ਖੇਤਰਾਂ ’ਚ ਵੀ ਸ਼ਾਮਲ ਹੈ ਕਿਉਂਕਿ ਇਨ੍ਹਾਂ ਪਿੰਡਾਂ ਵਿਚ ਆਦਿਵਾਸੀ ਕਬੀਲਿਆਂ ਦੇ ਕੁਝ ਵਸਨੀਕ ਰਹਿੰਦੇ ਹਨ। ਅਰੁਣਾਚਲ ਪ੍ਰਦੇਸ਼ ਦੇ ਬਾਹਰੋਂ ਆਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਅਰੁਣਾਚਲ ਪ੍ਰਦੇਸ਼ ਸਰਕਾਰ ਦੁਆਰਾ ਜਾਰੀ ਕੀਤੇ ਗਏ ਅੰਦਰੂਨੀ ਲਾਈਨ ਪਰਮਿਟ ਲਈ ਅਰਜ਼ੀ ਦੇਣੀ ਪੈਂਦੀ ਹੈ।
ਜੇ ਤੁਸੀਂ ਇਸ ਪਿੰਡ ਵਿਚ ਆਉਂਦੇ ਹੋ, ਤਾਂ ਤੁਹਾਨੂੰ ਸੂਰਜ ਨੂੰ ਚੜ੍ਹਦਾ ਦੇਖਣ ਲਈ ਕੁਝ ਯਤਨ ਕਰਨੇ ਪੈਣਗੇ। ਟ੍ਰੈਕ ਨੂੰ ਪੂਰਾ ਕਰਦੇ ਸਮੇਂ, ਤੁਹਾਨੂੰ ਉਸ ਜਗ੍ਹਾ ’ਤੇ ਜਾਣਾ ਪੈਂਦਾ ਹੈ ਜਿਥੇ ਸੂਰਜ ਪਹਿਲਾਂ ਚੜ੍ਹਦਾ ਵਿਖਾਈ ਦਿੰਦਾ ਹੈ।
ਅਸਾਮ ਦੇ ਵੱਡੇ ਸ਼ਹਿਰ ਡਿਬਰੂਗੜ੍ਹ ਦਾ ਹਵਾਈ ਅੱਡਾ ਇਸ ਪਿੰਡ ਡੋਂਗ ਦੇ ਸਭ ਤੋਂ ਨੇੜੇ ਹੈ। ਤੁਸੀਂ ਡੋਂਗ ਤੱਕ ਪਹੁੰਚਣ ਲਈ ਕੈਬ, ਟੈਕਸੀ ਤੇ ਬੱਸ ਲੈ ਸਕਦੇ ਹੋ, ਜਿਸ ਵਿਚ ਲਗਭਗ 6-7 ਘੰਟੇ ਦਾ ਸਫ਼ਰ ਕਰਨਾ ਹੋਵੇਗਾ।