ਨੈਸ਼ਨਲ ਟੈਸਟਿੰਗ ਏਜੰਸੀ ਵਲੋਂ ਸਨਿਚਰਵਾਰ ਨੂੰ ਪ੍ਰਕਾਸ਼ਤ ਕੇਂਦਰ-ਵਾਰ ਨਤੀਜੇ ਜਾਰੀ ਕੀਤੇ ਗਏ
ਨਵੀਂ ਦਿੱਲੀ: ਗੁਜਰਾਤ ਵਿਖੇ ਰਾਜਕੋਟ ਦੇ ਇਕ ਕੇਂਦਰ ’ਚ ਮੈਡੀਕਲ ਦਾਖਲਾ ਇਮਤਿਹਾਨ ਦੇਣ ਵਾਲੇ 240 ਤੋਂ ਵੱਧ NEET-UG ਉਮੀਦਵਾਰਾਂ ਨੇ 600 ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ, ਜਿਨ੍ਹਾਂ ’ਚੋਂ 11 ਨੇ 700 ਜਾਂ ਇਸ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ ਅਤੇ ਇਕ ਨੇ ਪੂਰੇ 720 ਅੰਕ ਪ੍ਰਾਪਤ ਕੀਤੇ ਹਨ। ਇਹ ਅੰਕੜੇ ਨੈਸ਼ਨਲ ਟੈਸਟਿੰਗ ਏਜੰਸੀ ਵਲੋਂ ਸਨਿਚਰਵਾਰ ਨੂੰ ਪ੍ਰਕਾਸ਼ਤ ਕੇਂਦਰ-ਵਾਰ ਨਤੀਜਿਆਂ ਦੇ ਵਿਸ਼ਲੇਸ਼ਣ ਦੇ ਅਨੁਸਾਰ ਹਨ, ਜੋ ਪੇਪਰ ਲੀਕ ਸਮੇਤ ਇਮਤਿਹਾਨ ਲੈਣ ’ਚ ਕਥਿਤ ਬੇਨਿਯਮੀਆਂ ਲਈ ਜਾਂਚ ਅਧੀਨ ਹੈ।
ਰਾਜਕੋਟ ਸਥਿਤ ਸਕੂਲ ਆਫ ਇੰਜੀਨੀਅਰਿੰਗ, ਆਰ.ਕੇ. ਯੂਨੀਵਰਸਿਟੀ, ਇਮਤਿਹਾਨ ਕੇਂਦਰ ਵਿਖੇ, NEET-UG ਦੀ ਇਮਤਿਹਾਨ ਦੇਣ ਵਾਲੇ 12 ਉਮੀਦਵਾਰਾਂ ’ਚੋਂ 12 ਨੇ 700 ਅਤੇ ਇਸ ਤੋਂ ਵੱਧ, ਇਕ ਨੇ 720, ਦੋ ਨੇ 710, ਚਾਰ ਨੇ 705, ਇਕ ਨੇ 704, ਇਕ ਨੇ 701 ਅਤੇ ਤਿੰਨ ਨੇ 700 ਅੰਕ ਪ੍ਰਾਪਤ ਕੀਤੇ।
ਇਸ ਕੇਂਦਰ ’ਤੇ ਇਮਤਿਹਾਨ ਦੇਣ ਵਾਲੇ 240 ਤੋਂ ਵੱਧ ਉਮੀਦਵਾਰਾਂ ਨੇ 600 ਤੋਂ ਵੱਧ ਅੰਕ ਪ੍ਰਾਪਤ ਕੀਤੇ। ਇਨ੍ਹਾਂ ’ਚੋਂ 148 ਉਮੀਦਵਾਰਾਂ ਦੇ ਅੰਕ 650 ਤੋਂ ਵੱਧ ਸਨ ਪਰ 700 ਤੋਂ ਘੱਟ ਸਨ। ਗੁਜਰਾਤ, ਬਿਹਾਰ, ਰਾਜਸਥਾਨ, ਮਹਾਰਾਸ਼ਟਰ ਅਤੇ ਹਰਿਆਣਾ ਉਨ੍ਹਾਂ ਸੂਬਿਆਂ ’ਚ ਸ਼ਾਮਲ ਹਨ, ਜਿੱਥੋਂ ਸੀ.ਬੀ.ਆਈ. ਨੇ 5 ਮਈ ਨੂੰ ਹੋਈ NEET-UG ਇਮਤਿਹਾਨ ਦੇ ਪ੍ਰਸ਼ਨ ਪੱਤਰ ਕਥਿਤ ਲੀਕ ਹੋਣ ਦੇ ਮਾਮਲੇ ’ਚ ਵਿਦਿਆਰਥੀਆਂ, ਮਾਪਿਆਂ ਅਤੇ ‘ਪੇਪਰ ਸੋਲਵਰ’ ਗਿਰੋਹ ਦੇ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ।
ਰਾਜਸਥਾਨ ਦੇ ਸੀਕਰ ਦੇ ਇਕ ਕੇਂਦਰ ਤੋਂ 150 ਤੋਂ ਵੱਧ ਉਮੀਦਵਾਰਾਂ ਨੇ 600 ਤੋਂ ਵੱਧ, ਪਰ 700 ਤੋਂ ਘੱਟ ਅੰਕ ਪ੍ਰਾਪਤ ਕੀਤੇ ਹਨ। ਸੀਕਰ ਦੇ ਇਕ ਹੋਰ ਕੇਂਦਰ ’ਚ 83 ਉਮੀਦਵਾਰਾਂ ਨੇ 600 ਤੋਂ ਵੱਧ ਪਰ 700 ਤੋਂ ਘੱਟ ਅੰਕ ਹਾਸਲ ਕੀਤੇ।
ਹਰਿਆਣਾ ਦੇ ਰੋਹਤਕ ’ਚ ਮਾਡਲ ਸਕੂਲ ਸੈਂਟਰ ਦੇ 45 ਉਮੀਦਵਾਰਾਂ ਨੇ 600 ਤੋਂ ਵੱਧ ਅੰਕ ਪ੍ਰਾਪਤ ਕੀਤੇ, ਜਦਕਿ ਲਖਨਊ ਦੇ ਐਸ.ਡੀ.ਐਸ.ਐਨ. ਕਾਲਜ ਸੈਂਟਰ ’ਚ NEET-UG ਦੀ ਇਮਤਿਹਾਨ ਦੇਣ ਵਾਲੇ 45 ਤੋਂ ਵੱਧ ਵਿਦਿਆਰਥੀਆਂ ਨੇ 600 ਤੋਂ ਵੱਧ ਅੰਕ ਪ੍ਰਾਪਤ ਕੀਤੇ। ਇਨ੍ਹਾਂ ਵਿਦਿਆਰਥੀਆਂ ਦੇ ਅੰਕ 700 ਅੰਕਾਂ ਤੋਂ ਘੱਟ ਸਨ।
ਇਹ ਇਮਤਿਹਾਨ 5 ਮਈ ਨੂੰ 571 ਸ਼ਹਿਰਾਂ ਦੇ 4,750 ਕੇਂਦਰਾਂ ’ਤੇ 24 ਲੱਖ ਤੋਂ ਵੱਧ ਉਮੀਦਵਾਰਾਂ ਲਈ ਕੀਤਾ ਗਿਆ ਸੀ। ਅਦਾਲਤ ਇਮਤਿਹਾਨ ਕਰਵਾਉਣ ’ਚ ਕਥਿਤ ਬੇਨਿਯਮੀਆਂ ਨਾਲ ਸਬੰਧਤ ਪਟੀਸ਼ਨਾਂ ਦੇ ਬੈਚ ਦੀ ਸੁਣਵਾਈ ਕਰ ਰਹੀ ਹੈ।