
2020-21 ਵਿਚ ਜੀ.ਡੀ.ਪੀ. ਵਿਚ ਆਏਗੀ ਕਮੀ
ਨਵੀਂ ਦਿੱਲੀ, 16 ਅਗੱਸਤ : ਹਿੰਡਾਲਕੋ ਇੰਡਸਟਰੀਜ਼ ਦੇ ਚੇਅਰਮੈਨ ਕੁਮਾਰ ਮੰਗਲਮ ਬਿਰਲਾ ਨੇ ਕਿਹਾ ਹੈ ਕਿ ਕੋਵਿਡ-19 ਅਤੇ ਉਸ ਨਾਲ ਲਾਈ ਗਈ ਤਾਲਾਬੰਦੀ ਨੇ ਸਮਾਜ ਅਤੇ ਅਰਥਚਾਰੇ ਸਾਹਮਣੇ ਸਦੀ ਵਿਚ ਇਕ ਵਾਰ ਆਉਣ ਵਾਲਾ ਸੰਕਟ ਖੜਾ ਕੀਤਾ ਹੈ ਜਿਸ ਕਾਰਨ 2020-21 ਵਿਚ ਕੁਲ ਘਰੇਲੂ ਉਤਪਾਦ ਦਾ ਆਕਾਰ ਘੱਟ ਹੋਵੇਗਾ।
ਸ਼ੇਅਰਧਾਰਕਾਂ ਨੂੰ ਲਿਖੇ ਪੱਤਰ ਵਿਚ ਬਿਰਲਾ ਨੇ ਕਿਹਾ ਕਿ ਭਾਰਤ ਵਿਚ ਕੋਰੋਨਾ ਵਾਇਰਸ ਦੀ ਬੀਮਾਰੀ ਅਜਿਹੇ ਸਮੇਂ ਆਈ ਹੈ ਜਦ ਸੰਸਾਰ ਅਨਿਸ਼ਚਿਤਤਾ ਅਤੇ ਘਰੇਲੂ ਵਿੱਤੀ ਪ੍ਰਣਾਲੀ 'ਤੇ ਦਬਾਅ ਕਾਰਨ ਆਰਥਕ ਮੰਦੀ ਵਿਚੋਂ ਪਹਿਲਾਂ ਹੀ ਲੰਘ ਰਿਹਾ ਸੀ। ਬਿਰਲਾ ਨੇ ਕਿਹਾ, 'ਇਕ ਅਨੁਮਾਨ ਮੁਤਾਬਕ ਦੇਸ਼ ਦਾ 80 ਫ਼ੀ ਸਦੀ ਕੁਲ ਘਰੇਲੂ ਉਤਪਾਦ ਉਨ੍ਹਾਂ ਜ਼ਿਲ੍ਹਿਆਂ ਤੋਂ ਆਉਂਦਾ ਹੈ ਜਿਨ੍ਹਾਂ ਨੁੰ ਤਾਲਾਬੰਦੀ ਦੌਰਾਨ ਰੈਡ ਅਤੇ ਆਰੇਂਜ ਜ਼ੋਨ ਵਿਚ ਵਰਗੀਕ੍ਰਿਤ ਕੀਤਾ ਗਿਆ ਸੀ।
ਇਨ੍ਹਾਂ ਖੇਤਰਾਂ ਵਿਚ ਆਰਥਕ ਗਤੀਵਿਧੀਆਂ ਬੁਰੀ ਤਰ੍ਹਾਂ ਪ੍ਰਭਾਵਤ ਰਹੀਆਂ। ਅਜਿਹੇ ਸਮੇਂ ਚਾਲੂ ਵਿੱਤ ਵਰ੍ਹੇ ਵਿਚ ਜੀਡੀਪੀ ਵਿਚ ਗਿਰਾਵਟ ਆਵੇਗੀ ਅਤੇ ਅਜਿਹਾ ਚਾਰ ਦਹਾਕਿਆਂ ਵਿਚ ਪਹਿਲੀ ਵਾਰ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਸਮੇਂ ਅਨਿਸ਼ਚਿਤਤਾ ਦੀ ਅਜਿਹੀ ਧੁੰਦ ਹੈ ਜਿਸ ਦਾ ਅਨੁਮਾਨ ਲਾਉਣਾ ਔਖਾ ਹੈ। ਇਸ ਮਹਾਂਮਾਰੀ 'ਤੇ ਰੋਕ ਲਈ 2019-20 ਦੇ ਆਖ਼ਰੀ ਹਫ਼ਤੇ ਵਿਚ ਦੇਸ਼ਵਿਆਪੀ ਬੰਦ ਲਾਇਆ ਗਿਆ ਜੋ ਵੱਖ ਵੱਖ ਇਲਾਕਿਆਂ ਵਿਚ 2020-21 ਦੀ ਪਹਿਲੀ ਤਿਮਾਹੀ ਵਿਚ ਵੱਖੋ ਵੱਖ ਪੱਧਰਾਂ 'ਤੇ ਜਾਰੀ ਰਿਹਾ।
Kumar Mangalam Birla
ਉਨ੍ਹਾਂ ਕਿਹਾ, 'ਇਕ ਅਸਲੀਅਤ ਬਾਰੇ ਕੋਈ ਸ਼ੱਕ ਨਹੀਂ ਕਿ ਬਿਹਤਰ ਅਗਵਾਈ, ਠੋਸ ਕਾਰੋਬਾਰੀ ਬੁਨਿਆਦ ਅਤੇ ਚੰਗੇ ਪਿਛੋਕੜ ਵਾਲੀਆਂ ਕੰਪਨੀਆਂ ਇਸ ਚੁਨੌਤੀਪੂਰਨ ਸਮੇਂ ਵਿਚ 'ਚੈਂਪੀਅਨ' ਵਜੋਂ ਉਭਰਨਗੀਆਂ।' ਉਨ੍ਹਾਂ ਕਿਹਾ ਕਿ ਅਸੀਂ ਅਰਥਚਾਰੇ ਵਿਚ ਕਮੀ ਨੂੰ ਵੇਖਾਂਗੇ ਪਰ 2020 ਦੀ ਮੰਦੀ ਪਹਿਲਾਂ ਸਾਹਮਣੇ ਆਈਆਂ ਚੁਨੌਤੀਆਂ ਨਾਲੋਂ ਵਖਰੀ ਹੋਵੇਗੀ।
ਬਿਰਲਾ ਨੇ ਕਿਹਾ ਕਿ ਇਹ ਬਿਲਕੁਲ ਅਚਾਨਕ ਆਈ ਅਤੇ ਇਸ ਦਾ ਫੈਲਾਅ ਏਨਾ ਹੋਇਆ ਕਿ ਹਰ ਅਰਥਚਾਰਾ ਅਤੇ ਖੇਤਰ ਇਸ ਦੀ ਮਾਰ ਹੇਠ ਆਇਆ। ਆਰਥਕ ਸਰਗਰਮੀਆਂ ਅਤੇ ਰੁਜ਼ਗਾਰ ਵਿਚ ਕਮੀ ਵਿਆਪਕ ਰਹੀ ਹੈ। ਉਨ੍ਹਾਂ ਕਿਹਾ ਕਿ ਹਾਂਪੱਖੀ ਪੱਖ ਇਹ ਹੈ ਕਿ ਜੇ ਮਹਾਂਮਾਰੀ ਦਾ ਦੂਜਾ ਦੌਰ ਸ਼ੁਰੂ ਨਹੀਂ ਹੁੰਦਾ ਤਾਂ ਇਹ ਮੰਦੀ ਸਾਰਿਆਂ ਨਾਲ ਘੱਟ ਸਮੇਂ ਲਈ ਹੋਵੇਗੀ। ਦੁਨੀਆਂ ਭਰ ਵਿਚ ਮੌਜੂਦਾ ਤਾਲਾਬੰਦੀ ਨੂੰ ਹਟਾਇਆ ਜਾ ਰਿਹਾ ਹੈ, ਕਾਰੋਬਾਰ ਸ਼ੁਰੂ ਹੋ ਗਿਆ ਹੈ ਜਿਸ ਨਾਲ ਆਰਥਕ ਗਤੀਵਿਧੀਆਂ ਕਾਫ਼ੀ ਤੇਜ਼ੀ ਨਾਲ ਪਟੜੀ 'ਤੇ ਆਉਣਗੀਆਂ। (ਏਜੰਸੀ)